ਸੈਨਿਕਾਂ ਨੂੰ ਬਿਨਾਂ ਬੁਲੇਟ ਪਰੂਫ ਵਾਲੇ ਵਾਹਨਾਂ ’ਚ ਭੇਜਣ ’ਤੇ ਰਾਹੁਲ ਨੇ ਸਰਕਾਰ ਨੂੰ ਘੇਰਿਆ

ਨਵੀਂ ਦਿੱਲੀ (ਸਮਾਜ ਵੀਕਲੀ) :ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕੇਂਦਰ ਸਰਕਾਰ ਉਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਫ਼ੌਜ ਦੇ ਜਵਾਨਾਂ ਨੂੰ ਬਿਨਾਂ ਬੁਲੇਟ ਪਰੂਫ ਵਾਲੇ ਵਾਹਨ ਮੁਹੱਈਆ ਕਰਵਾਏ ਜਾ ਰਹੇ ਹਨ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਜਹਾਜ਼ ਖ਼ਰੀਦਣ ਲਈ 8400 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ। ਟਵਿੱਟਰ ਉਤੇ ਰਾਹੁਲ ਨੇ ਪੁੱਛਿਆ ਕਿ ‘ਕੀ ਇਹ ਨਿਆਂ ਹੈ?’ ਰਾਹੁਲ ਨੇ ਇਕ ਵੀਡੀਓ ਵੀ ਪੋਸਟ ਕੀਤੀ ਹੈ ਜਿਸ ਨੂੰ ਸੈਨਿਕਾਂ ਵਿਚਾਲੇ ਹੋਈ ਗੱਲਬਾਤ ਦੱਸਿਆ ਗਿਆ ਹੈ।

ਵੀਡੀਓ ਵਿਚ ਬਿਨਾਂ ਬੁਲੇਟ ਪਰੂਫ ਵਾਹਨਾਂ ਤੋਂ ਸੈਨਿਕਾਂ ਨੂੰ ਲਿਜਾਣ ਬਾਰੇ ਗੱਲਬਾਤ ਹੋ ਰਹੀ ਹੈ। ਰਾਹੁਲ ਨੇ ਕਿਹਾ ਕਿ ਸਾਡੇ ਜਵਾਨਾਂ ਨੂੰ ਬਿਨਾਂ ਬੁਲੇਟ ਪਰੂਫ ਟਰੱਕਾਂ ਤੋਂ ਸ਼ਹੀਦ ਹੋਣ ਲਈ ਭੇਜਿਆ ਜਾ ਰਿਹਾ ਹੈ ਤੇ ਪ੍ਰਧਾਨ ਮੰਤਰੀ ਲਈ 8400 ਕਰੋੜ ਦਾ ਜਹਾਜ਼ ਖ਼ਰੀਦਿਆ ਜਾ ਰਿਹਾ ਹੈ। ਵੀਡੀਓ ਵਿਚ ਨਜ਼ਰ ਆ ਰਿਹਾ ਕਿ ਸੈਨਿਕ ਬਿਨਾਂ ਬੁਲੇਟ ਪਰੂਫ ਵਾਹਨਾਂ ਵਿਚ ਲਿਜਾਏ ਜਾਣ ’ਤੇ ਇਤਰਾਜ਼ ਕਰ ਰਹੇ ਹਨ ਜਦਕਿ ਸੀਨੀਅਰ ਅਧਿਕਾਰੀ ਬੁਲੇਟ ਪਰੂਫ ਵਾਹਨ ਵਰਤ ਰਹੇ ਹਨ।

ਉਹ ਇਹ ਵੀ ਸ਼ਿਕਾਇਤ ਕਰ ਰਹੇ ਹਨ ਕਿ ਉਨ੍ਹਾਂ ਦੀਆਂ ਜ਼ਿੰਦਗੀਆਂ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ, ਅਥਾਰਿਟੀ ਉਨ੍ਹਾਂ ਅਤੇ ਪਰਿਵਾਰਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੀ ਹੈ। ਗਾਂਧੀ ਨੇ ਇਸ ਤੋਂ ਪਹਿਲਾਂ ਵੀ ਮੋਦੀ ਲਈ ਵੀਵੀਆਈਪੀ ਜਹਾਜ਼ ਖ਼ਰੀਦਣ ਉਤੇ ਇਤਰਾਜ਼ ਕੀਤਾ ਸੀ ਤੇ ਕਿਹਾ ਸੀ ਕਿ ਐਨੇ ਪੈਸੇ ਵਿਚ ਸਿਆਚਿਨ-ਲੱਦਾਖ ਵਿਚ ਤਾਇਨਾਤ ਫ਼ੌਜੀਆਂ ਲਈ ਕਈ ਕੁਝ ਖ਼ਰੀਦਿਆ ਜਾ ਸਕਦਾ ਸੀ। ਪੰਜਾਬ ਦੌਰੇ ਉਤੇ ਆਏ ਰਾਹੁਲ ਨੇ ਕਿਹਾ ਸੀ ਕਿ ਮੋਦੀ ਕਰੋੜਾਂ ਰੁਪਏ ‘ਬਰਬਾਦ ਕਰ ਰਹੇ ਹਨ।’

Previous articleਰਾਮ ਵਿਲਾਸ ਪਾਸਵਾਨ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
Next articleਅਮਰੀਕਾ ’ਚ ਆਈਐੱਸਆਈ ਏਜੰਟਾਂ ਨੂੰ ਮਿਲਿਆ ਸੀ ਨਵਲੱਖਾ: ਐੱਨਆਈਏ