ਚੰਡੀਗੜ੍ਹ (ਸਮਾਜ ਵੀਕਲੀ) : ਨਰਮਾ ਪੱਟੀ ’ਚ ਕਿਸਾਨ ਅੰਦੋਲਨ ਦੌਰਾਨ ਹੀ ਕਿਸਾਨਾਂ ਨੂੰ ਨਰਮੇ ਦਾ ਸਰਕਾਰੀ ਭਾਅ ਨਾ ਮਿਲਣ ਕਰਕੇ ਲੰਘੇ ਦੋ ਹਫ਼ਤਿਆਂ ’ਚ ਹੀ ਕਰੀਬ 16 ਕਰੋੜ ਰੁਪਏ ਦਾ ਰਗੜਾ ਲੱਗ ਗਿਆ ਹੈ। ਭਾਰਤੀ ਕਪਾਹ ਨਿਗਮ ਨੇ ਚਾਰ ਦਿਨ ਪਹਿਲਾਂ ਸਰਕਾਰੀ ਖਰੀਦ ਤਾਂ ਸ਼ੁਰੂ ਕਰ ਦਿੱਤੀ ਹੈ ਪ੍ਰੰਤੂ ਹਾਲੇ ਪ੍ਰਾਈਵੇਟ ਵਪਾਰੀ ਹੀ ਫਸਲ ਦੀ ਜ਼ਿਆਦਾ ਖਰੀਦ ਕਰ ਰਹੇ ਹਨ। ਵੱਡਾ ਬਹਾਨਾ ਜਿਣਸ ਵਿਚ ਨਮੀ ਵਧੇਰੇ ਹੋੋਣ ਦਾ ਲਾਇਆ ਜਾ ਰਿਹਾ ਹੈ। ਵੇਰਵਿਆਂ ਅਨੁਸਾਰ ਨਰਮਾ ਪੱਟੀ ਵਿਚ 19 ਨਰਮਾ ਮੰਡੀਆਂ ਵਿਚ ਫਸਲ ਦੀ ਆਮਦ ਤੇਜ਼ ਹੋ ਗਈ ਹੈ।
ਭਾਰਤੀ ਕਪਾਹ ਨਿਗਮ ਦੇ ਦਖ਼ਲ ਮਗਰੋਂ ਵੀ ਫਸਲ ਦੇ ਭਾਅ ਵਿਚ ਤੇਜ਼ੀ ਵੇਖਣ ਨੂੰ ਨਹੀਂ ਮਿਲ ਰਹੀ ਹੈ। ਕਿਸਾਨਾਂ ਦਾ 1.59 ਲੱਖ ਕੁਇੰਟਲ ਨਰਮਾ-ਕਪਾਹ ਹੁਣ ਤੱਕ ਸਰਕਾਰੀ ਭਾਅ ਤੋਂ ਹੇਠਾਂ ਵਿਕ ਚੁੱਕਾ ਹੈ। ਮੋਟੇ ਅੰਦਾਜ਼ੇ ਅਨੁਸਾਰ ਹਰ ਕਿਸਾਨ ਨੂੰ ਪ੍ਰਤੀ ਕੁਇੰਟਲ ਇੱਕ ਹਜ਼ਾਰ ਤੋਂ ਦੋ ਹਜ਼ਾਰ ਤੱਕ ਦਾ ਘੱਟ ਮੁੱਲ ਰਿਹਾ ਹੈ। ਇਸ ਲਿਹਾਜ਼ ਨਾਲ ਹੁਣ ਤੱਕ ਕਿਸਾਨਾਂ ਨੂੰ ਸਰਕਾਰੀ ਭਾਅ ਤੋਂ ਹੇਠਾਂ ਕੀਮਤ ਮਿਲਣ ਕਰਕੇ 16 ਕਰੋੜ ਦਾ ਨੁਕਸਾਨ ਹੋ ਚੁੱਕਾ ਹੈ। ਇਹੋ ਰਫ਼ਤਾਰ ਰਹੀ ਤਾਂ ਕਿਸਾਨਾਂ ਦਾ ਘਾਟਾ 200 ਕਰੋੜ ਨੂੰ ਵੀ ਪਾਰ ਕਰ ਸਕਦਾ ਹੈ। ਅਬੋਹਰ ਮੰਡੀ ’ਚ ਕਿਸਾਨਾਂ ਨੂੰ ਸਭ ਤੋਂ ਘੱਟ ਕੀਮਤ ਮਿਲ ਰਹੀ ਹੈ ਜਿਥੇ ਹੁਣ ਤੱਕ 32,249 ਕੁਇੰਟਲ ਨਰਮਾ ਸਰਕਾਰੀ ਭਾਅ ਤੋਂ ਹੇਠਾਂ ਵਿਕ ਚੁੱਕਾ ਹੈ।
ਮਾਨਸਾ ਮੰਡੀ ਵਿਚ 23,296 ਕੁਇੰਟਲ ਨਰਮਾ ਘੱਟ ਭਾਅ ’ਤੇ ਵਿਕਿਆ ਹੈ। ਮਲੋਟ ਵਿਚ 12,136 ਅਤੇ ਬਠਿੰਡਾ ਵਿਚ 8904 ਕੁਇੰਟਲ ਨਰਮਾ ਘੱਟੋ ਘੱਟ ਸਮਰਥਨ ਮੁੱਲ ਤੋਂ ਡਿੱਗ ਕੇ ਵਿਕਿਆ ਹੈ। ਕਿਸਾਨਾਂ ਵਿਚ ਰੋਸ ਵਧਣ ਲੱਗਾ ਹੈ ਅਤੇ ਉਨ੍ਹਾਂ ਨਰਮੇ ਦੀਆਂ ਢੇਰੀਆਂ ਨੂੰ ਅੱਗ ਲਾ ਕੇ ਸਾੜਿਆ ਵੀ ਹੈ। ਕਪਾਹ ਮੰਡੀਆਂ ਵਿਚ ਰੋਜ਼ਾਨਾ 4 ਹਜ਼ਾਰ ਗੱਠ ਦੀ ਆਮਦ ਹੋਣ ਲੱਗੀ ਹੈ।
ਅਬੋਹਰ ਮੰਡੀ ਵਿਚ ਅੱਜ 2350 ਕੁਇੰਟਲ ਅਤੇ ਰਾਮਪੁਰਾ ਮੰਡੀ ਵਿਚ 4366 ਕੁਇੰਟਲ ਨਰਮਾ ਸਰਕਾਰੀ ਭਾਅ ਤੋਂ ਹੇਠਾਂ ਵਿਕਿਆ ਹੈ। ਭਾਰਤੀ ਕਪਾਹ ਨਿਗਮ ਵੱਲੋਂ ਲੰਘੇ ਪੰਜ ਦਿਨਾਂ ਵਿਚ ਸਿਰਫ 9659 ਕੁਇੰਟਲ ਨਰਮੇ ਦੀ ਖਰੀਦ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤ-ਚੀਨ ਟਕਰਾਅ ਕਰਕੇ ਨਰਮੇ ਵਿਚ ਮੰਦੀ ਬਣੇ ਰਹਿਣ ਦੇ ਆਸਾਰ ਹਨ। ਨਰਮੇ ਦੀ ਖਰੀਦ ਨਾ ਹੋਣ ਿਵਰੱੁਧ ਅੱਜ ਿਕਸਾਨਾਂ ਨੇ ਮੌੜ ਮੰਡੀ ਿਵੱਚ ਧਰਨਾ ਲਾ ਿਦੱਤਾ। ਖ਼ਬਰ ਲਿਖੇ ਜਾਣ ਤਕ ਮੌੜ ਮੰਡੀ ਵਿੱਚ ਕਿਸਾਨਾਂ ਨੇ ਕਪਾਹ ਦੇ ਨਾਕਸ ਖਰੀਦ ਪ੍ਰਬੰਧਾਂ ਖ਼ਿਲਾਫ਼ ਤਹਿਸੀਲਦਾਰ ਨੂੰ ਘੇਰਿਆ ਹੋਇਆ ਸੀ।
ਵੇਰਵਿਆਂ ਅਨੁਸਾਰ ਭਾਰਤ ਸਰਕਾਰ ਵੱਲੋਂ 20 ਫੀਸਦੀ ਐਕਸਪੋਰਟ ਇਕੱਲੇ ਚੀਨ ਨੂੰ ਕੀਤੀ ਜਾਂਦੀ ਹੈ ਜੋ ਐਤਕੀਂ ਬੰਦ ਹੋ ਗਈ ਹੈ। ਅਮਰੀਕਾ ਵਿਚ ਹੋ ਰਹੀਆਂ ਚੋਣਾਂ ਦਾ ਪ੍ਰਭਾਵ ਵੀ ਵੇਖਣ ਨੂੰ ਮਿਲ ਰਿਹਾ ਹੈ। ਅਜਿਹੇ ਹਾਲਾਤ ਵਿਚ ਘਰੇਲੂ ਖਪਤ ਦੇ ਭੰਡਾਰ ਵਿਚ ਹਾਲੇ ਵੀ ਇੱਕ ਕਰੋੜ ਨਰਮੇ ਦੀ ਗੱਠ ਪਈ ਹੈ ਜੋ ਪਹਿਲਾਂ ਮਸਾਂ 15 ਹਜ਼ਾਰ ਗੱਠ ਹੀ ਹੁੰਦੀ ਸੀ। ਵਪਾਰੀ ਤਬਕਾ ਵੀ ਇਸ ਤਰ੍ਹਾਂ ਦੇ ਮਾਹੌਲ ਵਿਚ ਸਸਤੇ ਭਾਅ ’ਤੇ ਨਰਮਾ ਖਰੀਦਣ ਦਾ ਲਾਲਚ ਦਿਖਾ ਰਿਹਾ ਹੈ। ਭਾਰਤੀ ਕਪਾਹ ਨਿਗਮ ਨੇ ਪਿਛਲੇ ਵਰ੍ਹੇ ਪੰਜਾਬ ਵਿਚੋਂ 35 ਫੀਸਦੀ ਖਰੀਦ ਕੀਤੀ ਸੀ। ਕਿਸਾਨ ਅੰਦੋਲਨ ਕਰਕੇ ਕੇਂਦਰ ਸਰਕਾਰ ਨੇ ਕਪਾਹ ਨਿਗਮ ਨੂੰ ਇਸ ਵਾਰ 80 ਫੀਸਦੀ ਨਰਮਾ ਖਰੀਦਣ ਲਈ ਕਿਹਾ ਹੈ। ਕਪਾਹ ਨਿਗਮ ਇਨ੍ਹਾਂ ਦਿਨਾਂ ਵਿਚ ਦੱਖਣੀ ਭਾਰਤ ’ਚੋਂ ਫਸਲ ਖਰੀਦਣ ਨੂੰ ਤਰਜੀਹ ਦਿੰਦਾ ਰਿਹਾ ਹੈ। ਕਿਸਾਨਾਂ ਦੇ ਗੁੱਸੇ ਕਰਕੇ ਕਪਾਹ ਨਿਗਮ ਨੂੰ ਰਵੱਈਆ ਨਰਮ ਰੱਖਣ ਦੀ ਹਦਾਇਤ ਕੀਤੀ ਗਈ ਹੈ।