ਕੱਲ੍ਹ ਆਪਣੀ ਡਿਗਰੀਆਂ ਦਾ ਟੋਕਰਾ ਭਰ ਕੇ ਸਿੱਖਿਆ ਮੰਤਰੀ ਨੂੰ ਮੋੜਨ ਜਾਣਗੇ ਮੁਲਾਜ਼ਮ -ਰਮੇਸ਼ ਲਾਧੂਕਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ) – ਸਿੱਖਿਆ ਵਿਭਾਗ ਦਾ ਮੁੱਖ ਮਕਸਦ ਹੈ। ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਉਨ੍ਹਾਂ ਨੂੰ ਚੰਗੇ ਸਮਾਜ ਦੇ ਕਾਬਿਲ ਬਣਾਉਣਾ ਅਤੇ ਹਰ ਇੱਕ ਨੂੰ ਸਮਾਨ ਰੁਤਬਾ ਦੇਣ ਦੀ ਸਿੱਖਿਆ ਦੇਣਾ ਤਾਂ ਜੋ ਚੰਗੀ ਸਿੱਖਿਆ ਲੈ ਕੇ ਬੱਚੇ ਆਪਣੇ ਪੈਰਾਂ ਤੇ ਖੜ੍ਹੇ ਹੋ ਸਕਣ ਅਤੇ ਸਮਾਜ ਵਿੱਚ ਆਪਣਾ ਇੱਕ ਨਾਮ ਕਮਾ ਸਕਣ। ਸਿੱਖਿਆ ਵਿਭਾਗ ਵੱਲੋਂ ਸਮੇਂ ਸਮੇਂ ਤੇ ਵਿਭਾਗ ਵਿੱਚ ਕੰਮ ਕਰਦੇ ਕੱਚੇ ਅਧਿਆਪਕਾਂ ਨੂੰ ਪੱਕਾ ਤਾਂ ਕੀਤਾ ਹੈ। ਪਰ ਹਰ ਵਾਰ ਦਫ਼ਤਰੀ ਮੁਲਾਜ਼ਮਾਂ ਨਾਲ ਸੌਤੇਲੀ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ।
ਪੰਜਾਬ ਸਰਕਾਰ ਵੱਲੋਂ ਸਾਲ 2018 ਦੌਰਾਨ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ ਇੱਕ ਅਪ੍ਰੈਲ 2018 ਤੋਂ ਵਿਭਾਗ ਵਿੱਚ ਪੱਕੇ ਕਰ ਦਿੱਤਾ ਗਿਆ । ਪਰ ਇਸ ਵਾਰ ਵੀ ਦਫ਼ਤਰੀ ਮੁਲਾਜ਼ਮਾਂ ਨਾਲ ਵਿਤਕਰਾ ਕੀਤਾ ਗਿਆ। ਜਿਸ ਤੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਸਿਰਫ਼ ਅਧਿਆਪਕਾਂ ਦਾ ਹੀ ਵਿਭਾਗ ਹੈ ਅਤੇ ਇਸ ਵਿੱਚ ਸਿਰਫ਼ ਤੇ ਸਿਰਫ਼ ਅਧਿਆਪਕਾਂ ਦੀ ਹੀ ਸੁਣਵਾਈ ਹੁੰਦੀ ਹੈ , ਅਤੇ ਸਿੱਖਿਆ ਮੰਤਰੀ ਤੇ ਸਿੱਖਿਆ ਵਿਭਾਗ ਨੂੰ ਅਧਿਆਪਕਾਂ ਦੀ ਡਿਗਰੀ ਦੀ ਸਹੀ ਲੱਗਦੀ ਹੈ ।
ਜਦ ਕਿ ਦਫ਼ਤਰੀ ਮੁਲਾਜ਼ਮ ਜੋ ਕਿ ਐੱਮਬੀਏ ਐੱਲਐੱਲਬੀ ਸੀਏ ਐਮਏ ਐੱਮਸੀਏ ਅਤੇ ਹੋਰ ਉੱਚ ਡਿਗਰੀਆਂ ਪਾਸ ਹਨ ਦੀ ਡਿਗਰੀ ਕੋਰਾ ਕਾਗਜ਼ ਜਾਪ ਰਹੀ ਹੈ । ਇਸ ਸਬੰਧੀ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਦਫ਼ਤਰੀ ਮੁਲਾਜ਼ਮ ਰਮੇਸ਼ ਕੁਮਾਰ ਲਾਧੂਕਾ , ਰਜੀਵ ਪਠਾਣੀਆ,ਗਣੇਸ਼ ,ਕਿਰਨਪਾਲ ਸਿੰਘ, ਬਨਵਾਰੀ ਨੇ ਕਿਹਾ ਕਿ ਅਧਿਆਪਕਾਂ ਨੂੰ ਰੈਗੂਲਰ ਕਰਨ ਤੋਂ ਬਾਅਦ ਵੀ ਤਕਰੀਬਨ ਢਾਈ ਸਾਲਾਂ ਦੌਰਾਨ ਸਿੱਖਿਆ ਮੰਤਰੀ ਵਿਜੇਂਇੰਦਰ ਸਿੰਘਲਾ ਨਾਲ ਅਣਗਿਣਤ ਮੀਟਿੰਗਾਂ ਹੋਈਆਂ ਹਨ।
ਜਿਸ ਵਿੱਚ ਹਰ ਵਾਰ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਅਸੀਂ ਤੁਹਾਨੂੰ ਪੱਕਾ ਕਰਨ ਲਈ ਕਾਰਵਾਈ ਕਰ ਰਹੇ ਹਾਂ ਅਤੇ ਅਗਲੀ ਕੈਬਨਿਟ ਮੀਟਿੰਗ ਵਿੱਚ ਤੁਹਾਨੂੰ ਪੱਕਾ ਕਰ ਦਿੱਤਾ ਜਾਵੇਗਾ। ਪਰ ਸਿੱਖਿਆ ਮੰਤਰੀ ਦੇ ਇਹ ਲਾਰੇ ਸੁਣਦੇ ਸੁਣਦੇ ਢਾਈ ਸਾਲ ਬੀਤ ਗਏ ਹਨ ਅਤੇ ਮੁਲਾਜ਼ਮਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਹੈ ਅਤੇ ਹੁਣ ਗਿਆਰਾਂ ਅਕਤੂਬਰ ਨੂੰ ਸੂਬੇ ਭਰ ਦੇ ਮੁਲਾਜ਼ਮ ਆਪਣੀਆਂ ਡਿਗਰੀਆਂ ਦੀ ਟੋਕਰੀ ਚ ਭਰ ਕੇ ਸਿੱਖਿਆ ਮੰਤਰੀ ਨੂੰ ਉਨ੍ਹਾਂ ਦੀ ਰਿਹਾਇਸ਼ ਤੇ ਪਟਿਆਲਾ ਵਿਖੇ ਦੇਣ ਜਾਣਗੇ।