ਵਿਅਕਤੀ ਚਿੱਤਰ

ਮਲਕੀਤ ਮੀਤ

(ਸਮਾਜ ਵੀਕਲੀ)

ਗ਼ਜ਼ਬ ਦਾ ਸ਼ਖ਼ਸ ਹੈ ਜੱਗ ਵਿੱਚ ਉਚੇਰੀ ਸ਼ਾਨ ਰੱਖਦਾ ਹੈ !
ਕਿ ਦਿਲ ਵਿੱਚ ਦਰਦ,ਮੁਖੜੇ ‘ਤੇ ਸਦਾ ਮੁਸਕਾਨ ਰੱਖਦਾ ਹੈ !

ਓਹ ਮੇਰੀ ਨਜ਼ਰ ਦੇ ਵਿੱਚ ਬਹੁਤ ਹੀ ਸਨਮਾਨ ਰੱਖਦਾ ਹੈ,
ਜੋ ਹਿੰਦੂ ਸਿੱਖ ਇਸਾਈ,ਮੁਸਲਮਾ’ ਮੇਜ਼ਬਾਨ ਰੱਖਦਾ ਹੈ !

ਦਿਨੇਂ ਆਵੇ ਖ਼ਿਆਲਾਂ ਵਿੱਚ,’ਤੇ ਰਾਤੀਂ ਖ਼ਾਬਾਂ ਵਿੱਚ ਰਹਿੰਦੈ,
ਮਜ਼ੇ ਨਾਲ ਜ਼ਿੰਦਗੀ ਜਿਉਂਦੈ,ਖ਼ੁਦ ਨੂੰ ਗ਼ਲਤਾਨ ਰੱਖਦਾ ਹੈ !

ਓਹ ਮੇਰਾ ਹਮਸਫ਼ਰ, ਹਮ-ਰਾਹ,ਦਿਲਜਾਨੀਂ ਮੇਰਾ ਦਿਲਬਰ,
ਹੈ ਜੁੜਿਆ ਧਰਤ ਸੰਗ,ਪਰ ਮੁੱਠੀ ਵਿੱਚ ਅਸਮਾਨ ਰੱਖਦਾ ਹੈ !

ਮੈਂ ਨਿਸ-ਦਿਨ ਵੇਖਦਾਂ,ਖੜ੍ਹਦਾ ਹੈ ਓਹ ਮਜ਼ਲੂਮਾਂ ਸੰਗ ਅਕਸਰ,
ਬੜਾ ਜਾਂਬਾਜ਼,ਦਿਲ-ਗੁਰਦਾ,ਬਹੁਤ ਬਲਵਾਨ ਰੱਖਦਾ ਹੈ !

ਕਫ਼ਨ ਬੰਨ ਕੇ ਤੁਰੇ ਹਰਦਮ,ਕਲੋਲਾਂ ਮੌਤ ਨੂੰ ਕਰਦਾ,
ਜਿਗਰ ਵਿੱਚ ਦਰਦ ਲੋਕਾਂ ਲੲੀ ਓਹ ਦੀਨ-ਈਮਾਨ ਰੱਖਦਾ ਹੈ !

ਹਵਾ ਦੇ ਵੇਗ ਵਰਗਾ ਅੱਥਰਾ ਸਾਗਰ ਦੀ ਛੱਲ ਵਰਗਾ,
ਨਾ ਰੁਕਦਾ ਰੋਕਿਆਂ ਬੰਨ੍ਹ ਕੇ ਸਦਾ ਤੂਫ਼ਾਨ ਰੱਖਦਾ ਹੈ

ਮਲਕੀਤ ਮੀਤ

Previous articleਰਾਤ ਦੇ ਸੁਪਨਿਆਂ ਦੇ ਘੇਰੇ ਵਿੱਚੋਂ ਨਿਕਲੋ ਅੱਖਾਂ ਸਾਹਮਣੇ ਦਿਨ ਵੇਲੇ ਵਾਪਰੇ ਸੱਚ ਨੂੰ ਵਿਚਾਰੋ
Next articleMI, SRH look to maintain winning ways