ਰਾਤ ਦੇ ਸੁਪਨਿਆਂ ਦੇ ਘੇਰੇ ਵਿੱਚੋਂ ਨਿਕਲੋ ਅੱਖਾਂ ਸਾਹਮਣੇ ਦਿਨ ਵੇਲੇ ਵਾਪਰੇ ਸੱਚ ਨੂੰ ਵਿਚਾਰੋ

ਰਮੇਸ਼ਵਰ ਸਿੰਘ ਪਟਿਆਲਾ

(ਸਮਾਜ ਵੀਕਲੀ)

ਸਾਨੂੰ ਸੁੱਤੇ ਪਿਆਂ ਨੂੰ ਸੁਪਨੇ ਆਉਂਦੇ ਹਨ ਜਿਸ ਨੂੰ ਸਾਡੀ ਅੱਧੀ ਨੀਂਦ ਕਹਿ ਸਕਦੇ ਹਾਂ,ਕਿਉਂਕਿ ਸੁਪਨੇ ਦਾ ਕੁਝ ਹਿੱਸਾ ਸਾਡੇ ਯਾਦ ਵੀ ਰਹਿ ਜਾਂਦਾ ਹੈ| ਸੁਪਨਾ ਅਸਲੀਅਤ ਵਿਚ ਕੀ ਹੁੰਦਾ ਹੈ,ਤੇ ਇਸ ਦਾ ਕੀ ਵਰਤਾਰਾ ਹੈ ਇਸ ਸਬੰਧੀ ਡਾਕਟਰ ਹੀ ਪੂਰਨ ਰੂਪ ਵਿੱਚ ਦੱਸ ਸਕਦੇ ਹਨ| ਪਰ ਆਮ ਇਨਸਾਨ ਸੁਪਨੇ ਨੂੰ ਕਿਵੇਂ ਮਹਿਸੂਸ ਕਰਦਾ ਹੈ, ਉਨ੍ਹਾਂ ਵਿੱਚੋਂ ਮੈਂ ਵੀ ਇਕ ਹਾਂ ਸੁਪਨੇ ਮੈਨੂੰ ਆਉਂਦੇ ਹਨ|

ਪਰ ਕਦੇ ਕੋਈ ਸੱਚ ਜਾਂ ਝੂਠ ਹੁੰਦਾ ਨਹੀਂ ਵੇਖਿਆ ਦੋਸਤਾਂ ਮਿੱਤਰਾਂ ਨਾਲ ਵੀ ਅਸੀ ਸੁਪਨਿਆਂ ਦੀਆਂ ਗੱਲਾਂ ਕਰਦੇ ਰਹਿੰਦੇ ਹਾਂ, ਜੋ ਕਿ ਇੱਕ ਵਧੀਆ ਮਨੋਰੰਜਨ ਹੈ|ਧਾਰਮਿਕ ਪ੍ਰਚਾਰਕ ਅਨੇਕਾਂ ਕਹਾਣੀਆਂ ਸੁਪਨੇ ਵਿੱਚੋਂ ਕੱਢੀਆਂ ਹੋਈਆਂ ਹੀ ਸੁਣਾਉਂਦੇ ਹਨ | ਇੱਥੇ ਵਿਚਾਰਨ ਵਾਲੀ ਇੱਕ ਖ਼ਾਸ ਗੱਲ ਹੈ ਕਿ ਜਦ ਆਪਣੇ ਸੁਪਨੇ ਸੱਚ ਜਾਂ ਝੂਠ ਨਹੀਂ ਹੁੰਦੇ,ਅਨੇਕਾਂ ਧਾਰਮਿਕ ਗ੍ਰੰਥਾਂ ਵਿੱਚ ਸੁਪਨਿਆਂ ਦੇ ਆਧਾਰਿਤ ਕਹਾਣੀਆਂ ਪੜ੍ਹਨ ਨੂੰ ਮਿਲਦੀਆਂ ਹਨ| ਜੋ ਕਿ ਸਾਡੇ ਸੰਤ ਵੀ ਸਾਨੂੰ ਸੁਣਾ ਕੇ ਮਨੋਰੰਜਨ ਕਰਦੇ ਹਨ ਅਸੀਂ ਧਾਰਮਿਕ ਗ੍ਰੰਥਾਂ ਤੇ ਸੰਤਾਂ ਦੁਆਰਾ ਸੁਣਾਈਆਂ ਕਹਾਣੀਆਂ ਨੂੰ ਪੂਰਨ ਰੂਪ ਵਿੱਚ ਸੱਚ ਮੰਨਦੇ ਹਾਂ|

ਜਦੋਂ ਕਿ ਆਪਾਂ ਨੇ ਖੁਦ ਸੁਪਨੇ ਵਾਲੀ ਕਹਾਣੀ ਸੱਚ ਜਾਂ ਝੂਠ ਹੁੰਦੀ ਵੇਖੀ ਨਹੀਂ, ਫਿਰ ਧਾਰਮਿਕ ਪਾਣ ਚਡ਼੍ਹਾ ਕੇ ਸੁਣਾਈਆਂ ਕਹਾਣੀਆਂ ਤੇ ਕੀ ਸਾਨੂੰ ਭਰੋਸਾ ਕਰਨਾ ਚਾਹੀਦਾ ਹੈ? ਇਸ ਬਾਰੇ ਅਸੀਂ ਕਦੇ ਸੋਚਿਆ ਤੱਕ ਨਹੀਂ ਸੋ ਪਾਠਕੋ ਆਪਾਂ ਇਸ ਦੇ ਕੱਚ ਤੇ ਸੱਚ ਸਬੰਧੀ ਵਿਚਾਰੀਏ ਤਾਂ ਜੋ ਆਪਾਂ ਧੋਖੇ ਵਿੱਚ ਨਾ ਰਹਿ ਜਾਈਏ, ਰਾਤ ਨੂੰ ਆਇਆ ਸੁਪਨਾ ਸ਼ਾਇਦ ਹੀ ਕਦੇ ਸੱਚ ਜਾਂ ਝੂਠ ਹੋਇਆ ਹੋਵੇ! ਅੱਧ ਸੁੱਤੇ ਇਨਸਾਨ ਨੂੰ ਸੁਪਨੇ ਆਉਂਦੇ ਹਨ, ਅਤੇ ਜਾਗਦਾ ਇਨਸਾਨ ਇਨ੍ਹਾਂ ਨੂੰ ਭੁੱਲ ਜਾਂਦਾ ਹੈ| ਮੇਰੇ ਖਿਆਲ ਅਨੁਸਾਰ ਰਾਤ ਨੂੰ ਆਇਆ ਸੁਪਨਾ ਕਦੇ ਸ਼ਾਇਦ ਹੀ ਸੱਚ ਹੋਇਆ ਹੋਵੇ, ਪਰ ਇੱਕ ਗੱਲ ਪੱਕੀ ਹੈ ਦਿਨ ਚ ਅੱਖਾਂ ਅੱਗੇ ਵਾਪਰਦਾ ਹਰ ਪਲ ਸੱਚ ਹੁੰਦਾ ਹੈ| ਜੋ ਵੀ ਆਪਾਂ ਵਧੀਆ ਚੀਜ਼ ਜਾਂ ਸੋਹਣੀ ਘਟਨਾ ਵੇਖਦੇ ਹਾਂ ਉਹ ਆਪਣੇ ਅੰਦਰ ਘਰ ਕਰ ਜਾਂਦੀ ਹੈ|

ਜਦੋਂ ਇਸ ਤਰ੍ਹਾਂ ਦੀ ਕੋਈ ਘਟਨਾ ਸਾਡੇ ਨਾਲ ਜਾਂ ਸਾਡੇ ਸਾਹਮਣੇ ਕਦੇ ਫੇਰ ਬੀਤਦੀ ਹੈ, ਤਾਂ ਸਾਡੇ ਉਹ ਪੁਰਾਣੀ ਵੇਖੀ ਘਟਨਾ ਯਾਦ ਆ ਜਾਂਦੀ ਹੈ ਕਿਉਂਕਿ ਅੱਖਾਂ ਅੱਗੇ ਵਾਪਰਦਾ ਹਰ ਪਲ ਸੱਚ ਹੁੰਦਾ ਹੈ|ਲੰਬੀ ਉਡਾਰੀ ਮਾਰਨ ਦੇ ਸੁਪਨੇ ਨਾਲੋਂ ਛੋਟਾ ਪਰ ਸੱਚਾ ਕੀਤਾ ਯਤਨ ਵਧੀਆ ਹੁੰਦਾ ਹੈ| ਰਾਤ ਦੇ ਸੁਪਨਿਆਂ ਦੀ ਦੁਨੀਆਂ ਇਨਸਾਨ ਨੂੰ ਕਲਪਨਾ ਸੰਸਾਰ ਵਿੱਚ ਲੈ ਜਾਂਦੀ ਹੈ,ਉਹ ਕਲਪਨਾ ਰੂਪੀ ਸੱਚ ਸੁਪਨੇ ਵੇਲੇ ਤਾਂ ਸੱਚ ਲੱਗਦਾ ਹੈ|

ਉਹ ਅਸਲੀਅਤ ਵਿੱਚ ਸੱਚ ਤਾਂ ਕੀ ਉਸ ਨੂੰ ਕਿਸੇ ਰੂਪ ਵਿੱਚ ਸੱਚ ਸਿੱਧ ਨਹੀਂ ਕੀਤਾ ਜਾ ਸਕਦਾ ਦਿਨ ਵੇਲੇ ਇਕੱਲਤਾ ਵਿੱਚ ਬੈਠੇ ਸੁਪਨਾ ਰੂਪੀ ਵਿਚਾਰ ਆਪਣੇ ਦਿਲ ਤੇ ਦਿਮਾਗ ਵਿੱਚ ਆਉਂਦੇ ਹਨ, ਜੋ ਸਾਨੂੰ ਸੇਧ ਦੇਣ ਲਈ ਬਹੁਤ ਉਸਾਰੂ ਹੁੰਦੇ ਹਨ| ਪਰ ਉਸ ਲਈ ਯਤਨ ਕਰਨਾ ਬਹੁਤ ਜ਼ਰੂਰੀ ਹੈ ਸਾਥੋਂ ਵਿੱਛੜ ਚੁੱਕੇ ਸਾਇੰਸਦਾਨ ਤੇ ਰਾਸ਼ਟਰਪਤੀ ਸੀ੍ ਅਬਦਲ ਕਲਾਮ ਜੀ ਦੀ ਕਹੀ ਹੋਈ ਗੱਲ ਸੋਲਾਂ ਆਨੇ ਖ਼ਰੀ ਹੈ,ਦਿਨ ਵੇਲੇ ਲਏ ਸੁਪਨੇ ਸਾਨੂੰ ਬਹੁਤ ਉੱਚੀ ਸੇਧ ਤੇ ਲੈ ਜਾਂਦੇ ਹਨ ਕਿਉਂਕਿ ਦਿਨ ਵੇਲੇ ਸੁਪਨੇ ਆਉਂਦੇ ਨਹੀਂ ਜੋ ਅਸੀਂ ਸੋਚਣ ਲੱਗਦੇ ਹਾਂ ਉਹ ਵੀ ਸੁਪਨਿਆਂ ਦਾ ਇੱਕ ਰੰਗ ਹੁੰਦਾ ਹੈ|

ਸਾਡੀ ਜ਼ਿੰਦਗੀ ਵਿੱਚ ਵਾਪਰੀਆਂ ਉਚਿੱਤ ਘਟਨਾਵਾਂ ਬੇਸ਼ੱਕ ਕੱਲ੍ਹ ਦੀਆਂ ਘਟਨਾਵਾਂ ਹੁੰਦੀਆਂ ਹਨ,ਪਰ ਕੱਲ੍ਹ ਨੂੰ ਜੇ ਅੱਜ ਸਾਰਥਿਕ ਰੂਪ ਵਿੱਚ ਅਪਣਾ ਕੇ ਕਾਮਯਾਬੀ ਹਾਸਲ ਕਰ ਲਈ ਜਾਵੇ|ਤਾਂ ਅਸੀਂ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ ਹਮੇਸ਼ਾ ਇਹੋ ਗੱਲ ਜ਼ਰੂਰ ਕਹਾਂਗੇ ਮੈਂ ਫਲਾਣੇ ਸਾਲ ਅਜਿਹਾ ਕੰਮ ਕਰਦਾ ਇੱਕ ਇਨਸਾਨ ਵੇਖਿਆ ਸੀ, ਅੱਜ ਜਦੋਂ ਮੇਰੇ ਤੇ ਬਿਪਤਾ ਪਈ ਤਾਂ ਮੇਰੇ ਦਿਮਾਗ਼ ਦੇ ਖ਼ਜ਼ਾਨੇ ਵਿੱਚੋਂ ਉਹ ਸਾਰੀ ਤਸਵੀਰ ਸਾਹਮਣੇ ਆ ਗਈ ਮੈਂ ਉਹ ਖ਼ਜ਼ਾਨੇ ਵਿੱਚੋਂ ਮਿਲੇ ਰਸਤੇ ਉੱਤੇ ਚੱਲਿਆ ਇਹ ਮੇਰੇ ਇੱਕ ਪੁਰਾਣੇ ਵੇਖੇ ਸੁਪਨੇ ਦਾ ਸੱਚ ਹੈ|ਕੋਲੰਬਸ ਨੇ ਵੀ ਸਮੁੰਦਰ ਦੇ ਰਸਤੇ ਭਾਰਤ ਨੂੰ ਲੱਭਣ ਦਾ ਕਦੇ ਖੁੱਲ੍ਹੀਆਂ ਅੱਖਾਂ ਨਾਲ ਹੀ ਸੁਪਨਾ ਲਿਆ ਹੋਵੇਗਾ,

ਜੋ ਉਸ ਦੇ ਦਿਲ ਤੇ ਦਿਮਾਗ ਲਈ ਇੱਕ ਨਵੀਂ ਖੋਜ ਲਈ ਘਰ ਕਰ ਗਿਆ, ਆਪਣੀ ਕਿਸ਼ਤੀ ਲੈ ਕੇ ਸਮੁੰਦਰ ਵਿੱਚ ਠਿੱਲ੍ਹ ਪਿਆ ਬੇਸ਼ੱਕ ਖੁੱਲ੍ਹੀਆਂ ਅੱਖਾਂ ਨਾਲ ਲਿਆ ਉਸ ਦਾ ਸੁਪਨਾ ਉਸ ਸੋਚ ਨੂੰ ਸਹੀ ਨਾ ਕਰ ਸਕਿਆ, ਪਰ ਉਸ ਦੇ ਦਿਨ ਵੇਲੇ ਲਏ ਸੁਪਨੇ ਦੇ ਖ਼ਜ਼ਾਨੇ ਵਿੱਚੋਂ ਹੀ ਅਮਰੀਕਾ ਦਾ ਰਸਤਾ ਨਿਕਲ ਆਇਆ| ਇੱਕ ਸੱਚੀ ਕਹਾਣੀ ਮੈਂ ਆਪਣੇ ਦਿਲ ਦੀ ਕਿਤਾਬ ਉੱਪਰ ਤਿੰਨ ਦਹਾਕਿਆਂ ਤੋਂ ਛਾਪੀ ਹੋਈ ਹੈ, ਮੈਂ ਮਰਚੈਂਟ ਨੇਵੀ ਵਿੱਚ ਨੌਕਰੀ ਦਾ ਰਸਤਾ ਚੁਣਿਆ ਤਾਂ ਵਿਦੇਸ਼ੀ ਕੰਪਨੀ ਹਾਂਗਕਾਂਗ ਵਿੱਚ ਨੌਕਰੀ ਮਿਲੀ ਉਸ ਕੰਪਨੀ ਦਾ ਮਾਲਕ ਯਹੂਦੀ ਸੀ| ਜਿਨ੍ਹਾਂ ਨਾਲ ਹਿਟਲਰ ਨੇ ਜੋ ਕੁਝ ਕੀਤਾ ਅਸੀਂ ਇਤਿਹਾਸ ਵਿੱਚ ਪੜ੍ਹਦੇ ਹੀ ਹਾਂ,

ਸਾਡੀ ਕੰਪਨੀ ਦਾ ਮਾਲਕ ਜਦੋਂ ਵੀ ਸਾਨੂੰ ਜਹਾਜ਼ ਵਿੱਚ ਮਿਲਣ ਆਇਆ ਕਰਦਾ ਸੀ, ਇੱਕ ਕਹਾਣੀ ਸੁਣਾਉਦਾ ਸੀ ਕਿ ਮੈਂ ਸਮੁੰਦਰ ਵਿੱਚ ਚੱਲਦੇ ਜਹਾਜ਼ ਵੇਖ ਕੇ ਸੋਚਦਾ ਸੀ ਕਿ ਮੈਂ ਵੀ ਅਜਿਹਾ ਜਹਾਜ਼ ਖਰੀਦਾਗਾਂ| ਉਹ ਜਹਾਜ਼ ਵਿੱਚ ਚੀਫ ਕੁੱਕ ਦਾ ਇੱਕ ਸਹਾਇਕ ਹੁੰਦਾ ਹੈ ਜਿਸ ਨੇ ਬਰਤਨ ਸਾਫ ਕਰਨੇ ਤੇ ਚੀਫ ਕੁੱਕ ਦੀ ਸਹਾਇਤਾ ਕਰਨੀ ਹੁੰਦੀ ਹੈ ਉਹ ਮਰਚੈਂਟ ਨੇਵੀ ਵਿੱਚ ਨੌਕਰੀ ਲੈ ਲਈ ਇੱਕ ਖ਼ਾਸ ਗੱਲ ਹੈ ਤੁਹਾਨੂੰ ਲਿਖਣਾ ਪੜ੍ਹਨਾ ਆਉਂਦਾ ਹੋਵੇ, ਤਜ਼ਰਬੇ ਨਾਲ ਡਿਗਰੀਆਂ ਜਹਾਜ਼ ਵਿੱਚ ਕੀਤੇ ਕੰਮ ਦੇ ਆਧਾਰ ਤੇ ਮਿਲਦੀਆਂ ਹਨ|

ਭਾਂਡੇ ਸਾਫ ਕਰਨ ਵਾਲਾ ਉਹ ਇਨਸਾਨ ਮਿਹਨਤ ਸਦਕਾ ਕਪਤਾਨ ਬਣ ਗਿਆ ਉਹ ਛੜਾ ਸੀ ਆਪਣੀ ਕਮਾਈ ਦੇ ਪੈਸਿਆਂ ਨਾਲ ਜਿਸ ਕੰਪਨੀ ਦੇ ਜਹਾਜ਼ ਵਿੱਚ ਕੰਮ ਕਰਦਾ ਸੀ ਉਸ ਦਾ ਹਿੱਸੇਦਾਰ ਬਣ ਗਿਆ| ਕੁੱਝ ਸਾਲਾਂ ਬਾਅਦ ਪਹਿਲਾਂ ਉਸ ਨੇ ਆਪਣੇ ਜਮ੍ਹਾਂ ਕੀਤੀ ਕਮਾਈ ਨਾਲ ਇੱਕ ਜਹਾਜ਼ ਖਰੀਦ ਲਿਆ ਫਿਰ ਜਪਾਨ ਦੀ ਇੱਕ ਕੰਪਨੀ ਦਾ ਹਿੱਸੇਦਾਰ ਬਣ ਗਿਆ ਪੰਜ ਕੁ ਸਾਲ ਪਹਿਲਾਂ ਉਸ ਦੀ ਮੌਤ ਹੋ ਗਈ ਉਸ ਸਮੇਂ ਉਸ ਕੋਲ ਸਭ ਤੋਂ ਵੱਡੇ ਜਹਾਜ਼ ਪੰਦਰਾਂ ਆਪਣੇ ਸਨ ਤੇ ਢਾਈ ਕੁ ਸੌ ਜਹਾਜ਼ਾਂ ਦੀ ਮੈਨੇਜਮੈਂਟ ਕਰਦਾ ਸੀ|

ਇਹ ਜਾਗਦੀਆਂ ਅੱਖਾਂ ਦੇ ਸਾਹਮਣੇ ਲਿਆ ਉਸ ਦਾ ਸੁਪਨਾ ਸੀ,ਕੀ ਆਪਾਂ ਉਸ ਯਹੂਦੀ ਦੀ ਤਰਾਂ ਰਾਤ ਦੇ ਸੁਹਾਣੇ ਸੁਪਨੇ ਛੱਡ ਕੇ ਜਾਗਦੀਆਂ ਅੱਖਾਂ ਦਾ ਕੋਈ ਸੁਪਨਾ ਨਹੀਂ ਲੈ ਸਕਦੇ?ਮੈਂ ਇਹ ਗੱਲ ਨੂੰ ਆਪਣੀ ਜ਼ਿੰਦਗੀ ਨਾਲ ਜੋੜਦਾ ਹਾਂ, ਮੇਰੇ ਰਿਸ਼ਤੇਦਾਰ ਉਸ ਯਹੂਦੀ ਦੀ ਕੰਪਨੀ ਵਿੱਚ ਨੌਕਰੀ ਕਰਦੇ ਸਨ ਉਨ੍ਹਾਂ ਤੋਂ ਦੱਸੀ ਕਹਾਣੀ ਪਹਿਲੀ ਵਾਰ ਸੁਣੀ ਸੀ| ਮੈਂ ਕਾਲਜ ਵਿੱਚ ਆਰਟਸ ਦੀ ਪੜ੍ਹਾਈ ਕਰਦੇ ਸਮੇਂ ਸੋਚ ਲਿਆ ਕਿ ਮੈਂ ਵੀ ਜਹਾਜ਼ ਦੀ ਨੌਕਰੀ ਕਰਾਂਗਾ ਬੇਹੱਦ ਕਾਨੂੰਨੀ ਅੜਚਨਾਂ ਆਈਆਂ ਮੈਨੂੰ ਦਸ ਸਾਲ ਕੜੀ ਮਿਹਨਤ ਤੋਂ ਬਾਅਦ ਜਹਾਜ਼ ਵਿੱਚ ਸਫ਼ਾਈ ਤੇ ਰੰਗ ਮਾਰਨ ਤੇ ਇੰਜੀਨੀਅਰਾਂ ਦੀ ਮਦਦ ਕਰਨ ਦੀ ਨੌਕਰੀ ਮਿਲ ਗਈ|

ਉਹ ਯਹੂਦੀ ਉਸ ਸਮੇਂ ਬਜ਼ੁਰਗ ਹੋ ਗਿਆ ਸੀ ਜਹਾਜ਼ ਵਿੱਚ ਮੈਂ ਆਪਣੇ ਕੰਨੀਂ ਉਸ ਦੀ ਕਹਾਣੀ ਸੁਣੀ ਤੇ ਉਸ ਰਸਤੇ ਤੇ ਚੱਲਿਆ ਆਪਣੀ ਕੜੀ ਮਿਹਨਤ ਸਦਕਾ ਇੱਕ ਆਮ ਪੜ੍ਹਾਈ ਕੀਤੀ ਹੋਈ ਵਾਲਾ ਮੈਂ ਇੰਜੀਨੀਅਰ ਬਣ ਗਿਆ| ਇਹ ਮੇਰੀਆਂ ਜਾਗਦੀਆਂ ਅੱਖਾਂ ਦਾ ਸੁਪਨਾ ਸੀ ਜੋ ਸੱਚ ਹੋ ਨਿੱਬੜਿਆ ਸੋ ਸੁਪਨੇ ਲੈਣ ਨਾਲੋਂ ਕੀਤਾ ਗਿਆ ਇੱਕ ਸੱਚਾ ਉੱਦਮ ਚੰਗਾ ਹੁੰਦਾ ਹੈ|ਇਸ ਦੁਨੀਆਂ ਤੇ ਰਾਜ ਕਰਨ ਵਾਲੇ ਲੋਕਾਂ ਨੇ ਸੌਂ ਕੇ ਨਹੀਂ ਬਲਕਿ ਜਾਗ ਕੇ ਇਸ ਜਹਾਨ ਨੂੰ ਪੜ੍ਹਿਆ ਤੇ ਅੱਖਾਂ ਸਾਹਮਣੇ ਸੁਪਨਾ ਲਿਆ ਨਹੀਂ ਘੜਿਆ ਗਿਆ, ਫੇਰ ਉਨਾਂ ਨੇ ਦੁਨੀਆਂ ਤੇ ਕਾਬਜ਼ ਹੋਣ ਲਈ ਯਤਨ ਕੀਤੇ ਜੋ ਉਸ ਨੂੰ ਟੀਚਿਆਂ ਦੀ ਹੱਦ ਤੱਕ ਲੈ ਗਏ|

ਜੋ ਜੀਤਾ ਵਹੀ ਸਿਕੰਦਰ ਉਸ ਦਾ ਵੀ ਇਕ ਦਿਨ ਦੀ ਵੀ ਲਿਆ ਸੁਪਨਾ ਸੀ ਜਾਗਦਾ ਇਨਸਾਨ ਸਭ ਕੁਝ ਕਰਨ ਦੇ ਸਮਰੱਥ ਹੁੰਦਾ ਹੈ ਪਰ ਸੁੱਤਾ ਪਿਆ ਮਰਿਆਂ ਦੇ ਬਰਾਬਰ ਹੁੰਦਾ ਹੈ|ਬੀਤੀ ਰਾਤ ਸਾਡੇ ਆਲੇ ਦੁਆਲੇ ਕੀ ਹੋਇਆ ਪਤਾ ਨਹੀਂ ਪਰ ਜਾਗਦੇ ਹੋਏ ਥੋੜ੍ਹੀ ਜਿਹੀ ਭਿਣਕ ਰਹਿੰਦੀ ਹੈ ਜਾਂ ਰੱਖਦਾ ਹੈ ਅਨੀਂਦਰੇ ਜੇ ਕੋਈ ਸੁਪਨਾ ਆ ਗਿਆ ਉਸ ਬਾਰੇ ਸੋਚਣਾ ਤੇ ਲੋਕ ਨੂੰ ਵਾਰ ਵਾਰ ਸੁਣਾਉਣ ਲਈ ਇੱਕ ਕਹਾਣੀ ਨਹੀਂ ਬਣਾ ਲੈਣੀ ਚਾਹੀਦੀ ਸੁਪਨਾ ਲੈਣਾ ਚਾਹੀਦਾ ਹੈ| ਜਿਸ ਦਾ ਆਧਾਰ ਮਾੜਾ ਨਾ ਹੋਵੇ ਉਸ ਨੂੰ ਪੂਰਨ ਲਈ ਸਿਰਤੋੜ ਯਤਨ ਕਰੀਏ ਕਿਤਾਬਾਂ ਵਿੱਚ ਲਿਖੇ ਨਾਵਲ ਤੇ ਕਹਾਣੀਆਂ ਪੂਰੀਆਂ ਸੱਚ ਤਾਂ ਨਹੀਂ ਹੁੰਦੀਆਂ,

ਉਹ ਵੀ ਲੇਖਕ ਦਾ ਇੱਕ ਲਿਆ ਹੋਇਆ ਸੁਪਨਾ ਹੁੰਦਾ ਹੈ| ਜਦੋਂ ਅਸੀਂ ਉਹ ਨਾਵਲ ਜਾਂ ਕਹਾਣੀ ਪੜ੍ਹਦੇ ਹਾਂ ਤਾਂ ਸਾਨੂੰ ਉਸ ਵਿਚਲਾ ਪਾਤਰ ਸਹੀ ਤੇ ਸੱਚਾ ਲੱਗਦਾ ਹੈ ਪੜ੍ਹਨ ਵੇਲੇ ਅਸੀਂ ਖੁਦ ਉਸ ਨਾਵਲ ਜਾਂ ਕਹਾਣੀ ਦੇ ਪਾਤਰ ਬਣ ਜਾਂਦੇ ਹਾਂ, ਸਾਨੂੰ ਉਸ ਦੇ ਕੀਤੇ ਸ਼ੁਭ ਕਾਰਜ ਕਰਨ ਨੂੰ ਦਿਲ ਕਰਦਾ ਹੈ ਇਹ ਇੱਕ ਲੇਖਕ ਦਾ ਖੁੱਲ੍ਹੀਆਂ ਅੱਖਾਂ ਦਾ ਸੁਪਨਾ ਸੀ ਆਪਾਂ ਪਾਤਰ ਬਣ ਸਕਦੇ ਹਾਂ| ਉਨ੍ਹਾਂ ਰੂਪਾਂ ਨੂੰ ਆਪਣੀ ਜਿੰਦਗੀ ਵਿੱਚ ਢਾਲ ਸਕਦੇ ਹਾਂ ਰਸਤਾ ਮਿਲ ਗਿਆ ਹੈ ਹੁਣ ਸਹੀ ਰੂਪ ਵਿੱਚ ਚੱਲਣਾ ਸਾਡਾ ਆਪਣਾ ਕਾਰਜ ਹੈ|

ਪਾਠਕੋ ਆਉ ਆਪਾਂ ਵਿਚਾਰੀਏ – ਧਾਰਮਿਕ ਗ੍ਰੰਥਾਂ ਤੇ ਪੁਜਾਰੀ ਤੇ ਮੁੱਖੀਆਂ ਦੇ ਸੁਣਾਏ ਸੁਪਨੇ ਸਿਰਫ਼ ਆਪਣੇ ਮਨੋਰੰਜਨ ਤੱਕ ਹੀ ਰਹਿਣ ਦੇਈਏ,ਜੋ ਆਪਾਂ ਸੁੱਤੇ ਸੁਪਨੇ ਲੈਣ ਦੀ ਆਦਤ ਪਾਲੀ ਹੋਈ ਹੈ ਇਹ ਵਿਹਲੜ ਨਕੰਮਿਆ ਵਾਲਾ ਕਾਰਜ ਹੈ| ਇਹ ਠੀਕ ਹੈ ਕਿ ਕਿਸੇ ਮੰਜ਼ਲ ਤੇ ਪਹੁੰਚਣ ਲਈ ਸੁਪਨੇ ਰੂਪ ਵਿਚਾਰਾਂ ਤੇ ਪੂਰਨ ਰੂਪ ਵਿੱਚ ਚੱਲਦੇ ਹੋਏ,ਕੁਝ ਨਾ ਕੁਝ ਪ੍ਰਾਪਤ ਕਰ ਸਕਦੇ ਹਾਂ ਪਰ ਨਾਲ ਮਿਹਨਤ ਜ਼ਰੂਰੀ ਹੈ|ਦਿਲ ਵਿੱਚ ਉੱਕਰੇ ਸੁਪਨੇ ਪਾਗਲਪਣ ਦਾ ਮੁੱਖ ਆਧਾਰ ਹਨ ਦਿਮਾਗ਼ ਵਿੱਚ ਘੁੰਮਦੇ ਵਿਚਾਰ ਜਾਂ ਸਿਰਜੇ ਸੁਪਨਿਆਂ ਨੂੰ ਅਸਲੀਅਤ ਵਿੱਚ ਵੇਖਿਆ ਜਾਵੇ|

ਤਾਂ ਸੋਚੀ ਹੋਈ ਸਕੀਮ ਜਿੱਤ ਹੋ ਨਿੱਬੜਦੀ ਹੈ ਬੇਕਾਬੂ ਮਨ ਅਨੇਕਾਂ ਤਰਾਂ ਦੇ ਵਿਚਾਰ ਤੇ ਸੁਪਨੇ ਉਲੀਕਦਾ ਹੈ, ਇਹ ਇੱਕ ਮਨ ਦੀ ਚੰਚਲਤਾ ਹੈ ਜੋ ਅਸਲੀਅਤ ਤੋਂ ਕੋਹਾਂ ਦੂਰ ਹੈ ਸੋਚ ਵਿਚਾਰਾਂ ਵਿੱਚ ਕੀਮਤੀ ਸਮਾਂ ਖ਼ਰਾਬ ਨਹੀਂ ਕਰਨਾ ਚਾਹੀਦਾ ਇੱਕ ਖ਼ਾਸ ਸੁਪਨੇ ਤੇ ਚੇਤਨਾ ਦੀ ਰਫ਼ਤਾਰ ਤੇਜ਼ ਕਰੋ ਜਿੱਤ ਮਿਹਨਤ ਸਦਕਾ ਹੀ ਮਿਲਦੀ ਹੈ|ਬਿਨਾਂ ਮਿਹਨਤ ਚੋਰੀਆਂ ਡਕੈਤੀਆਂ ਗੈਂਗਸਟਰ ਰਾਤੋ ਰਾਤ ਅਮੀਰ ਬਣਨਾ ਅਜਿਹੇ ਕੰਮਾਂ ਦਾ ਅੰਤ ਬੇਹੱਦ ਬੁਰਾ ਹੁੰਦਾ ਹੈ, ਤੇ ਸਮਾਜਿਕ ਢਾਂਚੇ ਨੂੰ ਲੀਰੋ ਲੀਰ ਕਰ ਦਿੰਦਾ ਹੈ ਹੱਥੀਂ ਕੰਮ ਕਰਨਾ ਹੀ ਸਾਡਾ ਮੁੱਢਲਾ ਕਾਰਜ ਇਹੋ ਜਿਹੇ ਵਾਧੂ ਸਮੇਟੇ ਸੁਪਨਿਆਂ ਨੂੰ ਆਪਣੀ ਸੋਚ ਤੋਂ ਦੂਰ ਕਰ ਦਿੰਦਾ ਹੈ|

ਬਜ਼ੁਰਗਾਂ ਦੀ ਸਾਡੇ ਲਈ ਕੀਤੀ ਕੜੀ ਮਿਹਨਤ ਜਾਇਦਾਦ ਤੇ ਇਕੱਠਾ ਕੀਤਾ ਪੈਸਾ ਨੌਜਵਾਨ ਪੀੜ੍ਹੀ ਆਪਣੀ ਮੌਜ ਮਸਤੀ ਵਿੱਚ ਉਡਾ ਦਿੰਦੀ ਹੈ| ਆਪਣੀ ਇੱਕ ਗੱਲ ਦੱਸਾਂ ਬਚਪਨ ਵਿੱਚ ਕਿਤਾਬਾਂ ਅਖ਼ਬਾਰ ਤੇ ਕਹਾਣੀਆਂ ਪੜ੍ਹਨ ਦੀ ਆਦਤ ਸੀ, ਪਾਤਰਾਂ ਦੇ ਵਿਚਾਰ ਬਹੁਤ ਚੰਗੇ ਲੱਗਦੇ ਸਨ| ਅਖ਼ਬਾਰਾਂ ਵਿੱਚ ਛਪੀਆਂ ਰਚਨਾਵਾਂ ਨੂੰ ਬਹੁਤ ਗੌਰ ਨਾਲ ਪੜ੍ਹਦਾ ਤੇ ਸੰਪਾਦਕ ਨੂੰ ਚਿੱਠੀ ਲਿਖਣੀ ਨਾ ਭੁੱਲਦਾ, ਦੋ ਕੁ ਦਹਾਕੇ ਪਹਿਲਾਂ ਇੱਕ ਸੰਪਾਦਕ ਸਾਹਿਬ ਦਾ ਫੋਨ ਆਇਆ ਤੁਸੀਂ ਅਖ਼ਬਾਰ ਬਹੁਤ ਚੰਗੀ ਤਰ੍ਹਾਂ ਪੜ੍ਹਦੇ ਹੋ ਤੁਹਾਡੀਆਂ ਚਿੱਠੀਆਂ ਰਚਨਾਵਾਂ ਨਾਲੋਂ ਵੀ ਵਧੀਆ ਹੁੰਦੀਆਂ ਹਨ ਤੁਸੀਂ ਰਚਨਾਵਾਂ ਦਾ ਕੱਚ ਤੇ ਸੱਚ ਨਿਤਾਰ ਕੇ ਰੱਖ ਦਿੰਦੇ ਹੋ ਪੂਰਾ ਲੇਖ ਹੀ ਲਿਖ ਕੇ ਭੇਜ ਦਿਆ ਕਰੋ ਅਸੀਂ ਛਾਪਾਂਗੇ|

ਇਹ ਕਹਾਣੀ ਦੇ ਇੱਕ ਪਾਤਰ ਦੀ ਸੱਚੀ ਕਹਾਣੀ ਵਾਂਗ ਚਿੱਠੀਆਂ ਤੋਂ ਪ੍ਰਤੀਕਰਮ ਹੁਣ ਮੈਂ ਕਿਸੇ ਵੀ ਵਿਸ਼ੇ ਤੇ ਲੇਖ ਲਿਖ ਲੈਂਦਾ ਹਾਂ| ਇਹ ਅੱਖਾਂ ਖੋਲ੍ਹ ਕੇ ਪੜ੍ਹੀਆਂ ਕਿਤਾਬਾਂ ਤੇ ਅਖ਼ਬਾਰਾਂ ਦਾ ਉਲੀਕਿਆ ਇੱਕ ਸੁਪਨਾ ਹੈ ਤੁਸੀਂ ਵੀ ਆਪਣੇ ਦਿਮਾਗ ਵਿੱਚ ਜੋ ਕੁਝ ਵਧੀਆ ਸੋਚੀ ਬੈਠੇ ਹੋ ਉਸ ਰਸਤੇ ਤੇ ਚੱਲੋ ਇਨਸਾਨੀ ਸੁਪਨੇ ਸਭ ਬਨਾਵਟੀ ਹੁੰਦੇ ਹਨ,ਹੱਥੀਂ ਕਿਰਤ ਹੀ ਕਾਮਯਾਬੀ ਦਾ ਮੁੱਖ ਆਧਾਰ ਹੈ ਚਾਲ ਚੱਲਦੇ ਜਾਓ ਸਮੇਂ ਨਾਲ ਲਿਹਾਜ਼ ਜਾਂ ਇੰਤਜ਼ਾਰ ਨਾ ਕਰੋ, ਤੇ ਲੰਘਿਆ ਵਕਤ ਕਦੇ ਹੱਥ ਨਹੀਂ ਆਉਂਦਾ ਇਸ ਲਈ ਜ਼ਿੰਦਗੀ ਨੂੰ ਸੱਚਾਈ ਨੇੜੇ ਹੋ ਕੇ ਜਿਊਣ ਦਾ ਫੈਸਲਾ ਛੇਤੀ ਕਰੋ ਸਮਾਂ ਆਪਣੀ ਚਾਲ ਗੁਜ਼ਰਦਾ ਜਾ ਰਿਹਾ, ਹੈ ਉਸ ਤੋਂ ਤੇਜ਼ ਆਪਣਾ ਰਸਤਾ ਫੜੋ ਨਹੀਂ ਤਾਂ ਪੱਲੇ ਪਛਤਾਵਾ ਹੀ ਰਹਿ ਜਾਵੇਗਾ|ਅੱਜ ਹੀ ਆਪਣੇ ਲਈ ਉੱਚ ਪੱਧਰ ਦਾ ਸੁਪਨਾ ਲਵੋ ਤੇ ਉਸ ਰਸਤੇ ਤੇ ਚੱਲਣਾ ਨਹੀਂ ਦੌੜ ਕੇ ਵੇਖੋ ਜਿੱਤ ਤੁਹਾਡਾ ਇੰਤਜ਼ਾਰ ਕਰ ਰਹੀ ਹੈ|

– ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ 9914880392

Previous articleਲਾਹੌਰ ਦੀ ਕੁਰਸੀ
Next articleਵਿਅਕਤੀ ਚਿੱਤਰ