2017 ਮਗਰੋਂ ਅਮਰੀਕਾ ਵਿੱਚ ਸਿੱਖਾਂ ਨਾਲ ਧੱਕਾ ਤੇ ਪੱਖਪਾਤ ਵਧਿਆ

ਵਾਸ਼ਿੰਗਟਨ (ਸਮਾਜ ਵੀਕਲੀ) : ਡੈਮੋਕਰੈਟਿਕ ਪਾਰਟੀ ਵੱਲੋਂ ਅਗਾਮੀ ਚੋਣਾਂ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਜੋਅ ਬਾਇਡਨ ਦੀ ਚੋਣ ਪ੍ਰਚਾਰ ਟੀਮ ਨੇ ਮੁਲਕ ਵਿੱਚ ਰਹਿੰਦੇ ਸਿੱਖਾਂ ਤੱਕ ਪਹੁੰਚ ਬਣਾਉਣ ਲਈ ‘ਸਿੱਖ ਅਮੈਰੀਕਨਜ਼ ਫਾਰ ਬਾਇਡਨ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਬਾਇਡਨ ਦੀ ਟੀਮ ਨੇ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਸਕੂਲਾਂ ਵਿੱਚ ਪੜ੍ਹਦੇ ਸਿੱਖ-ਅਮਰੀਕੀਆਂ ਦੀ ਸੁਰੱਖਿਆ ਲਈ ਯੋਜਨਾ ਹੈ।

ਬਾਇਡਨ ਕੰਪੇਨ ਨੇ ਘੱਟਗਿਣਤੀ ਧਾਰਮਿਕ ਭਾਈਚਾਰੇ ਨੂੰ ਅਮਰੀਕਾ ਵਿੱਚ ਨਸਲੀ ਤੇ ਨਫ਼ਰਤੀ ਹਮਲਿਆਂ ਸਮੇਤ ਦਰਪੇਸ਼ ਹੋਰਨਾਂ ਨਿਵੇਕਲੀ ਚੁਣੌਤੀਆਂ ਦਾ ਨਿਬੇੜਾ ਕਰਨ ਦਾ ਸੰਕਲਪ ਦੁਹਰਾਇਆ ਹੈ। ਬਾਇਡਨ ਕੰਪੇਨ ਨੇ ਇਕ ਪ੍ਰੈਸ ਬਿਆਨ ਵਿੱਚ ਕਿਹਾ, ‘ਸਿੱਖ ਅਮਰੀਕੀਆਂ ਨੂੰ ਨਸਲੀ ਹਮਲੇ ਜਿਹੀਆਂ ਘਟਨਾਵਾਂ ਦਾ ਕੌਮੀ ਔਸਤ ਨਾਲੋਂ ਦੁੱਗਣਾ ਸ਼ਿਕਾਰ ਬਣਾਇਆ ਜਾਂਦਾ ਹੈ ਤੇ ਸਾਲ 2017 ਮਗਰੋਂ ਇਨ੍ਹਾਂ ਘਟਨਾਵਾਂ ’ਚ ਵੱਡਾ ਵਾਧਾ ਹੋਇਆ ਹੈ।

ਡੈਮੋਕਰੈਟਿਕ ਪਾਰਟੀ ਦੇ ਊਮੀਦਵਾਰ ਜੋਅ ਬਾਇਡਨ ਨੇ ਸਿੱਖ ਭਾਈਚਾਰੇ ਨੂੰ ਦਰਪੇਸ਼ ਨਸਲਵਾਦ, ਤੇ ਪੱਖਪਾਤ ਜਿਹੀਆਂ ਨਿਵੇਕਲੀਆਂ ਚੁਣੌਤੀਆਂ ਨੂੰ ਮੁਖਾਤਬ ਹੋਣ ਲਈ ਵਿਸ਼ੇਸ਼ ਯੋਜਨਾ ਤੇ ਨੀਤੀਆਂ ਬਣਾਈਆਂ ਹਨ।’ ਸਿੱਖ ਅਮਰੀਕੀ ਨੈਸ਼ਨਲ ਲੀਡਰਸ਼ਿਪ ਕੌਂਸਲ ਦੀ ਮੈਂਬਰ ਤੇ ਨਾਗਰਿਕ ਹੱਕਾ ਬਾਰੇ ਸੱਜੇਪੱਖੀ ਕਾਰਕੁਨ ਕਿਰਨ ਕੌਰ ਗਿੱਲ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਿੱਖਾਂ ਨਾਲ ਹੁੰਦੇ ਇਸ ਧੱਕੇ/ਪੱਖਪਾਤ ਖ਼ਿਲਾਫ਼ ਨਾ ਸਿਰਫ਼ ਅੱਖਾਂ ਮੀਟ ਰੱਖੀਆਂ ਹਨ ਬਲਕਿ ਇਸ ਵਰਤਾਰੇ ਨੂੰ ਹੱਲਾਸ਼ੇਰੀ ਵੀ ਦਿੱਤੀ ਜਾ ਰਹੀ ਹੈ। ਗਿੱਲ ਨੇ ਇਕ ਬਿਆਨ ਵਿੱਚ ਕਿਹਾ ਕਿ ਬਾਇਡਨ ਦੇ ਅਮਰੀਕੀ ਸਦਰ ਬਨਣ ਨਾਲ ਸਿੱਖ ਅਮਰੀਕੀ ਖੁ਼ਦ ਨੂੰ ਅਮਰੀਕਾ ਦੇ ਸਕੂਲਾਂ ਤੇ ਸੜਕਾਂ ’ਤੇ ਸੁਰੱਖਿਅਤ ਮਹਿਸੂਸ ਕਰਨਗੇ।

Previous articleਅਰਮੀਨੀਆ ਤੇ ਅਜ਼ਰਬਾਇਜਾਨ ਵਿਚਾਲੇ ਜੰਗ ਦੂਜੇ ਦਿਨ ਵੀ ਜਾਰੀ ਰਹੀ
Next articleMoon condoles death of S.Korean official