ਦੇਹਰਾਦੂਨ (ਸਮਾਜ ਵੀਕਲੀ): ਕੇਂਦਰੀ ਮੰਤਰੀ ਰਾਜਨਾਥ ਸਿੰਘ ਵੱਲੋਂ ਅੱਜ ਦੇਹਰਾਦੂਨ ’ਚ ਇੰਡੀਅਨ ਮਿਲਟਰੀ ਅਕੈਡਮੀ (ਆਈਐੱਮਏ) ਦੇ ਉੱਤਰੀ, ਕੇਂਦਰੀ ਅਤੇ ਦੱਖਣੀ ਕੈਂਪਸ ਆਪੋ ’ਚ ਜੋੜਨ ਲਈ ਦੋ ਅੰਡਰਪਾਸ ਬਣਾਉਣ ਦੇ ਪ੍ਰਾਜੈਕਟ ਦਾ ਵੀਡੀਓ ਕਾਨਫਰੰਸਿੰਗ ਰਾਹੀਂ ਉਦਘਾਟਨ ਕੀਤਾ ਗਿਆ। 1978 ਤੋਂ ਵਿਚਾਰ ਅਧੀਨ ਤੇ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਇਹ ਪ੍ਰਾਜੈਕਟ ਅਕੈਡਮੀ ਦੇ ਤਿੰਨ ਕੈਂਪਸਾਂ, ਜਿਨ੍ਹਾਂ ਨੂੰ ਚਕਰਾਤਾ ਦੇ ਨਾਲ ਜਾਣ ਜਾਂਦਿਆਂ ਕੌਮੀ ਮਾਰਗ 72 ਵੱਖ ਕਰਦਾ ਹੈ, ਨੂੰ ਆਪਸ ’ਚ ਜੋੜੇਗਾ।
ਪ੍ਰਾਜੈਕਟ ਦਾ ਉਦਘਾਟਨ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਇਹ ਬਦਕਿਸਮਤੀ ਦੀ ਗੱਲ ਹੈ ਕਿ ਅਜਿਹਾ ਪ੍ਰਾਜੈਕਟ, ਜਿਸ ਨੇ ਕੈਡਿਟਾਂ ਅਤੇ ਲੋਕਾਂ ਨੂੰ ਰਾਹਤ ਦੇਣੀ ਹੈ, ਸ਼ੁਰੂ ਕਰਨ ਲਈ 40 ਸਾਲ ਦਾ ਇੰਤਜ਼ਾਰ ਕਰਨਾ ਪਿਆ। ਇਹ ਅੰਡਰਪਾਸ ਰੁੱਝੇ ਹੋਏ ਹਾਈਵੇਅ ਤੋਂ ਟਰੈਫਿਕ ਘਟਾਉਣ ’ਚ ਮਦਦਗਾਰ ਸਾਬਤ ਹੋਣਗੇ ਅਤੇ ਕੈਡਿਟਾਂ ਤੇ ਆਈਐੱਮਏ ਦੇ ਜਵਾਨਾਂ ਨੂੰ ਸਿਖਲਾਈ ਪ੍ਰਾਪਤ ਕਰਨ ਲਈ ਤਿੰਨ ਕੈਂਪਸਾਂ ’ਚ ਆਉਣ ਜਾਣ ਵਾਸਤੇ ਹਾਈਵੇਅ ਤੋਂ ਨਹੀਂ ਲੰਘਣਾ ਪਵੇਗਾ। ਦੋ ਸਾਲਾਂ ’ਚ ਪੂਰੇ ਹੋਣ ਵਾਲੇ ਇਸ ਪ੍ਰਾਜੈਕਟ ’ਤੇ ਲੱਗਪਗ 45 ਕਰੋੜ ਰੁਪਏ ਖਰਚ ਹੋਣਗੇ।