ਜਲੰਧਰ (ਸਮਾਜ ਵੀਕਲੀ) : ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ) ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੋਸਾਇਟੀ ਦੀ ਪ੍ਰਧਾਨ ਮੈਡਮ ਸੁਦੇਸ਼ ਕਲਿਆਣ ਦੀ ਪ੍ਰਧਾਨਗੀ ਹੇਠ ਅੰਬੇਡਕਰ ਭਵਨ ਜਲੰਧਰ ਵਿਖੇ ਹੋਈ. ਫਾਉਂਡਰ ਮੈਂਬਰ ਲਾਹੌਰੀ ਰਾਮ ਬਾਲੀ, ਐਡਵੋਕੇਟ ਹਰਭਜਨ ਸਾਂਪਲਾ, ਬਲਦੇਵ ਰਾਜ ਭਾਰਦਵਾਜ, ਵਰਿੰਦਰ ਕੁਮਾਰ, ਐਡਵੋਕੇਟ ਕੁਲਦੀਪ ਭੱਟੀ, ਅਤੇ ਪਰਮਿੰਦਰ ਸਿੰਘ ਖੁੱਤਣ ਐਡਵੋਕੇਟ ਨੇ ਮੀਟਿੰਗ ਵਿਚ ਭਾਗ ਲਿਆ.
ਸੋਸਾਇਟੀ ਹਰ ਸਾਲ 14 ਅਕਤੂਬਰ ਨੂੰ ਧੱਮ ਚੱਕਰ ਪਰਿਵਰਤਨ ਦਿਵਸ ਅੰਬੇਡਕਰ ਭਵਨ ਜਲੰਧਰ ਵਿਖੇ ਵਿਸ਼ਾਲ ਪੱਧਰ ਤੇ ਮਨਾਉਂਦੀ ਰਹੀ ਹੈ. ਯਾਦ ਰਹੇ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੇ 14 ਅਕਤੂਬਰ 1956 ਨੂੰ ਨਾਗਪੁਰ ਵਿਖੇ ਆਪਣੇ ਲੱਖਾਂ ਹੀ ਪੈਰੋਕਾਰਾਂ ਨਾਲ ਬੁੱਧ ਧੱਮ ਦੀਖਸ਼ਾ ਲਈ ਸੀ. ਇਸ ਬਾਰ ਵੀ ਧੱਮ ਚੱਕਰ ਪਰਿਵਰਤਨ ਦਿਵਸ ਵਿਸ਼ਾਲ ਪੱਧਰ ਤੇ ਮਨਾਉਣ ਦਾ ਫੈਸਲਾ ਲਿਆ ਗਿਆ ਹੈ ਪਰੰਤੂ ਕਰੋਨਾ ਮਹਾਮਾਰੀ ਦੇ ਪ੍ਰਕੋਪ ਨੂੰ ਧਿਆਨ ‘ਚ ਰੱਖਦੇ ਹੋਏ ਇਹ ਸਮਾਗਮ ਅੰਬੇਡਕਰਾਈਟ ਇੰਟਰਨੈਸ਼ਨਲ ਕੋਓਰਡੀਨੇਸ਼ਨ ਸੋਸਾਇਟੀ ਕੈਨੇਡਾ (ਏਕ੍ਸ ਕੈਨੇਡਾ) ਦੇ ਸਹਿਯੋਗ ਨਾਲ ਵੈਬਿਨਾਰ ਦੁਆਰਾ ਮਨਾਇਆ ਜਾਏਗਾ.
ਮੀਟਿੰਗ ਵਿਚ ਮੋਦੀ ਸਰਕਾਰ ਦੁਆਰਾ ਕਿਸਾਨਾਂ ਵਿਰੁੱਧ ਪਾਸ ਕੀਤੇ ਗਏ ਖੇਤੀ ਬਿੱਲਾਂ ਦੀ ਸਖ਼ਤ ਨਿੰਦਿਆ ਕੀਤੀ ਗਈ ਅਤੇ ਇਹ ਵੀ ਕਿਹਾ ਗਿਆ ਕਿ ਕਿਸਾਨਾਂ ਦੀਆਂ ਫ਼ਸਲਾਂ ਦੀ ਐਮ ਐਸ ਪੀ ਵਧਾਉਣ ਦੇ ਨਾਲ ਹੀ ਖੇਤ ਮਜਦੂਰ ਦੀ ਉਜਰਤ ਵਿਚ ਵੀ ਵਾਧਾ ਹੋਣਾ ਚਾਹੀਦਾ ਹੈ. ਮੀਟਿੰਗ ਵਿਚ ਅੰਬੇਡਕਰ ਮਿਸ਼ਨ ਦੇ ਪ੍ਰਚਾਰ-ਪ੍ਰਸਾਰ ਬਾਰੇ ਵੀ ਚਰਚਾ ਕੀਤੀ ਗਈ. ਸੋਸਾਇਟੀ ਨੇ ਆਪਣੇ ਦੋ ਅੰਬੇਡਕਰਵਾਦੀ ਸਾਥੀਆਂ ਆਰ ਸੀ ਸੰਗਰ ਅਤੇ ਡਾ. ਭਾਉ ਲੋਖਾਂਡੇ ਨਾਗਪੁਰ ਦੇ ਦੇਹਾਂਤ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ. ਮੀਟਿੰਗ ਦਾ ਸੰਚਾਲਨ ਜਨਰਲ ਸਕੱਤਰ ਵਰਿੰਦਰ ਕੁਮਾਰ ਨੇ ਬਾਖੂਬੀ ਕੀਤਾ. ਇਹ ਜਾਣਕਾਰੀ ਸੋਸਾਇਟੀ ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿਚ ਦਿੱਤੀ.
ਬਲਦੇਵ ਰਾਜ ਭਾਰਦਵਾਜ
ਵਿੱਤ ਸਕੱਤਰ
ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ)