ਸ੍ਰੀਨਗਰ (ਸਮਾਜ ਵੀਕਲੀ): ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਸਥਿਤ ਗੁਲਮਰਗ ਸਕੀ-ਰਿਜ਼ੌਰਟ ’ਤੇ ਰੁੱਤ ਦੀ ਪਹਿਲੀ ਬਰਫ਼ਬਾਰੀ ਹੋਈ ਹੈ। ਸ਼ਨਿਚਰਵਾਰ ਨੂੰ ਹੋਈ ਬਰਫ਼ਬਾਰੀ ਤੋਂ ਬਾਅਦ ਮੈਦਾਨੀ ਇਲਾਕਿਆਂ ਵਿਚ ਤਾਪਮਾਨ ਕਾਫ਼ੀ ਹੇਠਾਂ ਆ ਗਿਆ। ਮੌਸਮ ਵਿਭਾਗ ਮੁਤਾਬਕ ਇਲਾਕੇ ਦੀਆਂ ਉੱਚੀਆਂ ਚੋਟੀਆਂ ’ਤੇ ਹਲਕੀ ਬਰਫ਼ਬਾਰੀ ਹੋਈ ਹੈ ਤੇ ਇਹ ਚਿੱਟੀ ਚਾਦਰ ਨਾਲ ਢਕੀਆਂ ਗਈਆਂ ਹਨ।
ਵਿਭਾਗ ਨੇ ਐਤਵਾਰ ਤੱਕ ਦੋ ਦਿਨ ਮੌਸਮ ਖ਼ੁਸ਼ਕ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਜੰਮੂ ਕਸ਼ਮੀਰ ਵਿਚ ਪੱਛਮੀ ਗੜਬੜੀ ਕਾਰਨ ਮੌਸਮ ਵਿਚ ਤਬਦੀਲੀ ਵੀ ਆ ਸਕਦੀ ਹੈ। ਉੱਚੇ ਇਲਾਕਿਆਂ ਵਿਚ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ ਵਿਚ ਮੀਂਹ ਕਾਰਨ ਤਾਪਮਾਨ ਹੇਠਾਂ ਆ ਗਿਆ ਹੈ। ਸ੍ਰੀਨਗਰ ਦਾ ਤਾਪਮਾਨ 24.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਦਕਿ ਗੁਲਮਰਗ ਦਾ ਤਾਪਮਾਨ 13.6 ਡਿਗਰੀ ਰਿਹਾ। ਇਹ ਆਮ ਨਾਲੋਂ ਕਾਫ਼ੀ ਘੱਟ ਦਰਜ ਕੀਤਾ ਗਿਆ।
ਮੌਸਮ ਵਿਭਾਗ ਮੁਤਾਬਕ ਸ਼ਨਿਚਰਵਾਰ ਨੂੰ 5.30 ਵਜੇ ਤੱਕ ਗੁਲਮਰਗ ਵਿਚ 3.4 ਮਿਲੀਮੀਟਰ ਬਾਰਿਸ਼ ਵੀ ਹੋਈ। ਅਗਲੇ 24-36 ਘੰਟਿਆਂ ਦੌਰਾਨ ਉੱਚੇ ਪਹਾੜੀ ਇਲਾਕਿਆਂ ਵਿਚ ਹਲਕੀ ਬਰਫ਼ ਪੈਣ ਤੇ ਮੈਦਾਨੀ ਇਲਾਕਿਆਂ ਵਿਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਵੀ ਹੈ। ਇਸ ਨਾਲ ਪਾਰਾ 2-3 ਡਿਗਰੀ ਹੇਠਾਂ ਆ ਸਕਦਾ ਹੈ। ਅਕਤੂਬਰ ਦੇ ਪਹਿਲੇ ਹਫ਼ਤੇ ਤਾਪਮਾਨ ਹੋਰ ਡਿਗਣ ਦੀ ਸੰਭਾਵਨਾ ਹੈ।