16 ਲੱਖ ਰੁਪੈ ਦੀ ਲਾਗਤ ਨਾਲ ਅਹਿਮਦਪੁਰ ਸਕੂਲ ਵਿਖੇ ਬਣੇ ਨਵੇਂ ਬਲਾਕ ਦਾ ਉਦਘਾਟਨ

ਕੈਪਸ਼ਨ-ਕਪੂਰਥਲਾ ਹਲਕੇ ਦੇ ਪਿੰਡ ਅਹਿਮਦਪੁਰ ਵਿਖੇ ਸਰਕਾਰੀ ਸਕੂਲ ਦੇ ਨਵੇਂ ਬਲਾਕ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਰਾਣਾ ਗੁਰਜੀਤ ਸਿੰਘ

ਪੰਜਾਬ ਸਰਕਾਰ ਦੇ ਯਤਨਾਂ ਨਾਲ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ- ਰਾਣਾ ਗੁਰਜੀਤ ਸਿੰਘ

ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-ਕਪੂਰਥਲਾ ਤੋਂ ਸੀਨੀਅਰ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਖੇਤਰ ਵਿਚ ਸੁਧਾਰਾਂ ਲਈ ਚੁੱਕੇ ਕਦਮਾਂ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ, ਜਿਸ ਤਹਿਤ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਲਈ ਮਾਹੌਲ ਬਹੁਤ ਸਾਜ਼ਗਾਰ ਹੋ ਗਿਆ ਹੈ ਤੇ ਵਿਦਿਆਰਥੀਆਂ ਦੀ ਦਾਖਲਾ ਦਰ ਵਿਚ ਵੀ ਵੱਡਾ ਵਾਧਾ ਹੋਇਆ ਹੈ।

ਅੱਜ ਇੱਥੇ ਸਰਕਾਰੀ ਸਕੂਲ ਅਹਿਮਦਪੁਰ ਵਿਖੇ 16 ਲੱਖ ਰੁਪੈ ਦੀ ਲਾਗਤ ਨਾਲ ਉਸਾਰੀ ਲੈਬ ਤੇ ਨਵੇਂ ਕਲਾਸ ਰੂਮਾਂ ਦਾ ਉਦਘਾਟਨ ਕਰਨ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਇਮਾਰਤਾਂ ਦੇ ਸੁਧਾਰ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਵਿਚ ਹੋਰ ਸਹਾਇਤਾ ਪ੍ਰਦਾਨ ਕਰਨ ਦੇ ਮਕਸਦ ਨਾਲ 1 ਲੱਖ 74 ਹਜ਼ਾਰ ਸਮਾਰਟ ਫੋਨ ਵੀ ਵੰਡੇ ਹਨ। ਉਨ੍ਹਾਂ ਕਿਹਾ ਕਿ ਕੋਈ ਸਮਾਂ ਸੀ ਜਦ ਸਰਕਾਰੀ ਸਕੂਲਾਂ ਵਿਚ ਦਾਖਲੇ ਬਹੁਤ ਘੱਟ ਗਏ ਸਨ ਪਰ ਪੰਜਾਬ ਸਰਕਾਰ ਦੇ ਯਤਨਾਂ ਨਾਲ ਇਸ ਵਾਰ ਦਾਖਲਾ ਦਰ ਵਿਚ 17 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਤੋਂ ਸਪੱਸ਼ਟ ਹੈ ਕਿ ਲੋਕਾਂ ਦਾ ਸਰਕਾਰੀ ਸਕੂਲਾਂ ਪ੍ਰਤੀ ਵਿਸ਼ਵਾਸ਼ ਵਧਿਆ ਹੈ।

ਉੰਨ੍ਹਾਂ ਕਿਹਾ ਕਿ ਹਾਲ ਹੀ ਵਿਚ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਅੰੰਦਰ ਇਮਾਰਤਾਂ, ਫਰਨੀਚਰ, ਪੀਣ ਵਾਲੇ ਪਾਣੀ ਦੀ ਸਪਲਾਈ, ਬਾਥਰੂਮਾਂ ਆਦਿ ਦੀ ਉਸਾਰੀ ਲਈ ਵਿਸ਼ੇਸ਼ ਗਰਾਂਟਾਂ ਵੀ ਜਾਰੀ ਕੀਤੀਆਂ ਗਈਆਂ ਹਨ। ਉਨਾਂ ਇਹ ਵੀ ਕਿਹਾ ਕਿ ਕਪੂਰਥਲਾ ਜਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12 ਵੀਂ ਜਮਾਤ ਦੇ ਐਲਾਨੇ ਨਤੀਜੇ  ਵਿਚ ਜਿਲ੍ਹੇ ਦੇ ਸਰਕਾਰੀ ਸਕੂਲਾਂ ਨੇ ਪਾਸ ਪ੍ਰਤੀਸ਼ਤ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਹੈ।

ਇਸ ਮੌਕੇ ਪਿੰਡ ਵਾਸੀਆਂ ਵਲੋਂ ਰਾਣਾ ਗੁਰਜੀਤ ਸਿੰਘ ਦਾ ਸਨਮਾਨ ਵੀ ਕੀਤਾ ਗਿਆ ਤੇ ਸਕੂਲ ਦੀ ਨੁਹਾਰ ਬਦਲਣ ਵਿਚ ਸਹਿਯੋਗ ਲਈ ਧੰਨਵਾਦ ਵੀ ਕੀਤਾ ਗਿਆ।

ਇਸ ਮੌਕੇ ਰਜਿੰਦਰ ਕੌੜਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ, ਅਮਰਜੀਤ ਸਿੰਘ ਸੈਦੋਵਾਲ  , ਮੱਸਾ ਸਿੰਘ ਡੀ.ਈ.ਓ, ਰਾਜਾ ਮਨਜੀਤ ਸਿੰਘ ਐਡਵੋਕੇਟ, ਪਰਮਜੀਤ ਸਿੰਘ ਡਿਪਟੀ ਡਾਇਰੈਕਟਰ,  ਸਰਪੰਚ ਪਰਮਜੀਤ ਸਿੰਘ, ਜਗਜੀਤ ਸਿੰਘ, ਪਰਮਜੀਤ ਸਿੰਘ, ਗੁਰਮੇਜ ਸਿੰਘ, ਰਾਜਿੰਦਰ ਸਿੰਘ, ਅਵਤਾਰ ਸਿੰਘ, ਰਣਜੀਤ ਸਿੰਘ, ਬਲਵਿੰਦਰ ਕੌਰ, ਸਰਦੂਲ ਸਿੰਘ ਹਾਜ਼ਰ ਸਨ।

Previous articleEx-Dharma man Kshitij in NCB custody till Oct 3
Next articleਜ਼ਿਲ੍ਹਾ ਟੂਰਨਾਮੈਂਟ ਕਮੇਟੀ ਵੱਲੋਂ ਡੀ. ਈ. ਓ. ਮੱਸਾ ਸਿੰਘ ਸਿੱਧੂ ਸਮੇਤ ਸੇਵਾ ਮੁਕਤ ਖੇਡ ਅਧਿਆਪਕ ਸਨਮਾਨਿਤ