(ਸਮਾਜ ਵੀਕਲੀ)
ਚਰਨਾ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਦੋਹਾਂ ਭੈਣਾਂ ਤੋਂ ਛੋਟਾ ਹੋਣ ਕਰਕੇ ਉਸ ਨੂੰ ਸਾਰੇ ਬਹੁਤ ਪਿਆਰ ਕਰਦੇ। ਛੋਟੇ ਹੁੰਦਿਆਂ ਤੋਂ ਹੀ ਸਿਰ ਤੋਂ ਪਿਓ ਦਾ ਸਾਇਆ ਉੱਠਣ ਕਰਕੇ ਚਰਨੇ ਦੀ ਮਾਂ ਨੇ ਬੜੀਆਂ ਮੁਸ਼ਕਿਲਾਂ ਨਾਲ ਤਿੰਨਾਂ ਬੱਚਿਆਂ ਨੂੰ ਪਾਲਿਆ। ਔਖੇ ਸੌਖੇ ਚਰਨੇ ਦੀ ਮਾਂ ਨੇ ਦੋਵੇ ਧੀਆਂ ਵਿਆਹ ਦਿੱਤੀਆਂ।
ਚਰਨੇ ਨੇ ਦਸਵੀਂ ਤੱਕ ਦੀ ਪੜ੍ਹਾਈ ਕਰਕੇ ਪਿਤਾ ਪੁਰਖੀ ਕਿੱਤਾ ਕਰ ਛੋਟੀ ਜਿਹੀ ਦੁਕਾਨਦਾਰੀ ਕਰ ਲਈ।
ਭਾਵੇਂ ਆਰਥਿਕ ਪੱਖੋਂ ਉਨ੍ਹਾਂ ਦੇ ਹਾਲਾਤ ਬਹੁਤੇ ਵਧੀਆ ਨਹੀਂ ਸਨ ਪਰ ਫਿਰ ਵੀ ਆਵਦੇ ਹਿੱਸੇ ਆਉਂਦੀ ਜ਼ਮੀਨ ਚਰਨੇ ਲਈ ਉਸਦੇ ਮਾਂ ਨੇ ਸਾਂਭ ਕੇ ਰੱਖੀ ਸੀ।ਚਰਨੇ ਦਾ ਵਿਆਹ ਵੀ ਇਨ੍ਹਾਂ ਤੰਗੀਆਂ ਤਰੁਸ਼ੀਆਂ ‘ਚ ਹੋ ਗਿਆ ।ਉਸ ਦੇ ਘਰ ਕੁੜੀ ,ਮੁੰਡੇ ਨੇ ਜਨਮ ਲਿਆ। ਦੋਨੇ ਬੱਚੇ ਵੱਡੇ ਹੋ ਗਏ ਸਨ। ਪੜ੍ਹਾਈ ‘ਚ ਬਹੁਤ ਹੁਸ਼ਿਆਰ ਸਨ। ਚਰਨੇ ਦਾ ਸੁਪਨਾ ਸੀ ਕਿ ਦੋਹਾਂ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਨੌਕਰੀ ਸਿਰੇ ਕਰੇਗਾ। ਚਰਨੇ ਦੀ ਪਤਨੀ ਵੀ ਜ਼ਿੰਮੇਵਾਰ ਔਰਤ ਸੀ ਤੇ ਉਸ ਨੇ ਵੀ ਚਰਨੇ ਦਾ ਪੂਰਾ ਸਾਥ ਦਿੱਤਾ।
ਉਹ ਘਰ ਬੈਠ ਕੇ ਸੂਈ ਸਿਲਾਈ ਦਾ ਕੰਮ ਕਰ ਲੈਂਦੀ ।ਚਰਨੇ ਨੇ ਆਪਣੀ ਜ਼ਮੀਨ ਵੇਚ ਕੇ ਦੋਹਾਂ ਬੱਚਿਆਂ ਨੂੰ ਕਾਲਜ ਤੱਕ ਦੀ ਪੜ੍ਹਾਈ ਕਰਾ ਦਿੱਤੀ। ਰੱਜੋ ਨੇ ਕਿਸੇ ਪ੍ਰਾਈਵੇਟ ਸਕੂਲ ‘ਚ ਨੌਕਰੀ ਕਰ ਲਈ ਤੇ ਸਰਕਾਰੀ ਨੌਕਰੀ ਲਈ ਮਿਹਨਤ ਕਰਨ ਲੱਗੀ। ਆਵਦੇ ਦੇ ਭਰਾ ਨੂੰ ਵੀ ਘਰੇ ਹੀ ਮਿਹਨਤ ਕਰਾਉਂਦੀ ਤੇ ਉਹ ਵੀ ਪੜ੍ਹ ਲਿਖ ਕੇ ਪ੍ਰਾਈਵੇਟ ਨੌਕਰੀ ਕਰਨ ਲੱਗ ਪਿਆ।
ਚਰਨੇ ਦੀ ਜ਼ਮੀਨ ਤਾਂ ਭਾਵੇਂ ਸਾਰੀ ਵਿਕ ਗਈ ਪਰ ਉਸ ਨੇ ਆਪਣਾ ਮਨੋਰਥ ਪੂਰਾ ਕਰ ਲਿਆ। ਘਰ ‘ਚ ਕੁਝ ਕਮਾਈ ਆਉਣ ਲੱਗੀ।
ਰੱਜੋ ਦੀ ਦਾਦੀ ਵੀ ਪੋਤੀ ਨੂੰ ਜ਼ਮਾਨਾ ਖਰਾਬ ਹੋਣ ਦੀਆਂ ਗੱਲਾਂ ਸੁਣਾਉਂਦੀ ਰਹਿੰਦੀ ਤੇ ਸਿਆਣੀ ਧੀ ਬਣ ਕੇ ਰਹਿਣ ਲਈ ਪ੍ਰੇਰਦੀ ਰਹਿੰਦੀ ।
ਰੱਜੋ ਲਈ ਰਿਸ਼ਤੇ ਆਉਣ ਲੱਗੇ ਪਰ ਰੱਜੋ ਇਹ ਕਹਿ ਕੇ ਟਾਲ ਦਿੰਦੀ ਕਿ ਉਸਨੇ ਅਜੇ ਵਿਆਹ ਨਹੀਂ ਕਰਾਉਣਾ।
ਰੱਜੋ ਦੀ ਮਾਂ ਨੇ ਕਈ ਵਾਰ ਉਸ ਨਾਲ ਇਸ ਵਿਸ਼ੇ ਤੇ ਗੱਲ ਕੀਤੀ ਪਰ ਉਹ ਨਾ ਮੰਨੀ। ਇੱਕ ਦਿਨ ਚਰਨੇ ਨੇ ਉਸ ਨੂੰ ਕੋਲ ਬਿਠਾ ਕੇ ਪਿਆਰ ਨਾਲ ਕਿਹਾ “ਪੁੱਤ ਹੁਣ ਤਾਂ ਬਹੁਤ ਘਰ ਪੁੱਛਦੇ ਆਂ ਤੇਰੇ ਰਿਸ਼ਤੇ ਬਾਰੇ, ਨਾਲੇ ਸਾਡਾ ਵੀ ਫਿਕਰ ਲੈ ਜਾਊ। ਤੇਰੀ ਦਾਦੀ ਦੇ ਬੈਠੇ ਬੈਠੇ ਤੇਰਾ ਕਾਰਜ ਹੋ ਜੂ ।ਹੁਣ ਤਾ ਉਹ ਵੀ ਢਿੱਲੀ ਮੱਠੀ ਰਹਿੰਦੀ ਹੈ।”
ਰੱਜੋ ਨੇ ਆਪਣਾ ਫੈਸਲਾ ਪੂਰੇ ਪਰਿਵਾਰ ਨੂੰ ਸੁਣਾ ਦਿੱਤਾ ਕਿ ਉਹ ਤਾਂ ਮੁੰਡਾ ਵੇਖ ਚੁੱਕੀ ਹੈ ਤੇ ਉਸ ਨਾਲ ਹੀ ਵਿਆਹ ਕਰਵਾਏਗੀ। ਉਸਦਾ ਫੈਸਲਾ ਸੁਣਦੇ ਸਾਰ ਹੀ ਘਰ ‘ਚ ਭੂਚਾਲ ਜਿਹਾ ਆ ਗਿਆ।
ਉਸ ਨੇ ਸਾਰੇ ਜੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਰੱਜੋ ਤੇ ਸਵਾਲਾਂ ਦੀ ਝੜੀ ਲੱਗ ਗਈ, ਕੌਣ,ਕਿੱਥੇ ,ਕਿਹੜਾ …ਵਗੈਰਾ ਵਗੈਰਾ…
ਰੱਜੋ ਦੇ ਦੱਸਣ ਤੇ ਚਰਨੇ ਨੇ ਕੜਕਵੀਂ ਆਵਾਜ਼ ਵਿੱਚ ਕਿਹਾ ” ਉਹ ਤਾਂ ਤੇਰੇ ਬਰਾਬਰ ਪੜ੍ਹਿਆ ਹੀ ਨਹੀਂ, ਨਾ ਕੋਈ ਖਾਨਦਾਨ ਤੇ ਸਿਰੋਂ ਘੋਨ ਮੋਨ…”
ਨਹੀਂ! ਇਹ ਨਹੀਂ ਹੋ ਸਕਦਾ..
ਪਰ ਰਜੋ ਨੇ ਇਹ ਪਹਿਲਾਂ ਅਤੇ ਆਖਰੀ ਫੈਸਲਾ ਸੁਣਾਉਂਦਿਆਂ ਕਿਹਾ ਕਿ ” ਖ਼ੁਦਕੁਸ਼ੀ ਜਾਂ ਵਿਆਹ।”
ਧੀ ਦੀਆਂ ਗੱਲਾਂ ਸੁਣ ਕੇ ਪਿਓ ਦੇ ਬੁੱਲ੍ਹ ਸੀਤੇ ਗਏ ,ਉਸ ਦੀ ਹਿੰਮਤ ਜਵਾਬ ਦੇ ਚੁੱਕੀ ਸੀ ।
ਧੀ ਦੇ ਬੋਲਾਂ ਨੇ ਉਸ ਦੀ ਪੱਗ ਲੀਰੋ ਲੀਰ ਕਰ ਦਿੱਤੀ । ਉਸ ਦੀ ਅੰਦਰਲੀ ਸ਼ਕਤੀ ਖਿੰਡ ਚੁੱਕੀ ਸੀ। ਆਖਰ ਉਸ ਨੂੰ ਧੀ ਅੱਗੇ ਗੋਡੇ ਟੇਕਣੇ ਪਏ।
ਅਖੀਰ ਚੁੱਪ ਚਪੀਤੇ ਚਰਨੇ ਹੋਰਾਂ ਨੇ ਰੱਜੋ ਦਾ ਵਿਆਹ ਕਰ ਦਿੱਤਾ।
ਹੁਣ ਰੱਜੋ ਦੀ ਮਾਂ ਤੇ ਭਰਾ ਹੀ ਰੱਜੋ ਨੂੰ ਕਦੇ ਕਦਾਈਂ ਮਿਲ ਆਉਂਦੇ ਪਰ ਚਰਨਾ ਨਾ ਜਾਂਦਾ।
ਰੱਜੋ ਦੀ ਕੁੜੀ ਦੇ ਜਨਮ ਵੇਲੇ ਵੀ ਚਰਨੇ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਰੱਜੋ ਵੱਲੋਂ ਦਿੱਤੇ ਜ਼ਖ਼ਮ ਚਰਨੇ ਲਈ ਅਜੇ ਵੀ ਹਰੇ ਹਨ
ਚਰਨੇ ਨੂੰ ਸਮਾਜ ‘ਚੋਂ ਜੋ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਉਸ ਨੇ ਚਰਨੇ ਨੂੰ ਧੁਰ ਅੰਦਰ ਤੱਕ ਤੋੜ ਦਿੱਤਾ।
ਸ਼ਰੀਕੇ ਵਿੱਚ ਵੀ ਨੱਕ ਕੱਟੀ ਗਈ। ਰੱਜੋ ਦੀ ਮਰਜ਼ੀ ਨੇ ਉਸ ਦੀ ਇੱਜ਼ਤ ਤੱਕ ਤਾਰ ਤਾਰ ਕਰ ਦਿੱਤੀ। ਇਸ ਚੀਸ ਨੇ ਉਸ ਨੂੰ ਅੰਦਰੋਂ ਮਾਰ ਮੁਕਾਇਆ।
ਰੱਜੋ ਦੇ ਘਰ ਜੰਮੀ ਕੁੜੀ ਦਾ ਅੱਜ ਪਹਿਲਾ ਜਨਮ ਦਿਨ ਸੀ। ਰੱਜੋ ਨੇ ਆਪਣੇ ਮਾਪੇ ਬੁਲਾਏ। ਘਰ ਵਾਲੀ ਦੇ ਜ਼ੋਰ ਪਾਉਣ ਤੇ ਚਰਨਾ ਪਹਿਲੀ ਵਾਰ ਧੀ ਦੇ ਘਰ ਗਿਆ। ਹੋਰ ਮਹਿਮਾਨ ਵੀ ਪਹੁੰਚੇ।
ਕੇਕ ਕੱਟਿਆ ਗਿਆ। ਫੋਟੋਆਂ ਲਈਆਂ ਗਈਆਂ। ਰੱਜੋ ਨੇ ਆਪਣੀ ਧੀ ਪਰੀ ਚਰਨੇ ਨੂੰ ਫੜਾ ਕੇਕ ਕੱਟਣ ਲਈ ਕਿਹਾ ।
ਪਰੀ ਦੀ ਨਾਨੀ ਨੇ ਜਦੋਂ ਕੇਕ ਵਾਲਾ ਚਮਚ ਉਸ ਦੇ ਮੂੰਹ ਕੋਲ ਕੀਤਾ ਤਾਂ ਬੱਚੀ ਨੇ ਚਮਚ ਵਿੱਚ ਹੱਥ ਮਾਰਿਆ। ਕੇਕ ਲੱਗਾ ਹੱਥ ਨਾਨੇ ਦੀ ਪੱਗ ਨੂੰ ਜਾ ਲੱਗਿਆ।
ਰੱਜੋ ਘਬਰਾ ਕੇ ਬੋਲੀ “ਉਹ ਹੋ! ਇਹ ਕੀ ਕਰਤਾ ‘ਪਰੀ’…. ,ਨਾਨੂੰ ਦੀ ਪੱਗ ਗੰਦੀ ਕਰਤੀ…।”
ਨੈਪਕਿਨ ਨਾਲ ਪੱਗ ਪੂੰਝਦੀ ਬੋਲੀ “ਡੈਡੀ ਇਹ ਤਾਂ ਦਾਗ ਪੈ ਗਿਆ ਧੋ ਕੇ ਹੀ ਲਹੇਗਾ।ਹੁਣ ਤਾਂ ਫੋਟੋ ਵੀ ਸਹੀ ਨਹੀ ਆਉਣੀ।
ਚਰਨੇ ਦਾ ਆਪਣੀ ਧੀ ਦੇ ਕਹੇ ਬੋਲਾਂ ਤੇ ਜਵਾਬ ਆਇਆ “ਫ਼ੋਨ ਦੇ ਕੈਮਰੇ ‘ਚ ਬੰਦ ਫੋਟੋ ਦਾ ਕਿੰਨਾ ਫ਼ਿਕਰ ਹੈ ਰੱਜੋ ਤੈਨੂੰ ਪਰ ਮੇਰੀ ਰੂਹ ਤਾਂ ਦਾਗੀ ਪੱਗ ਨਾਲ ਰੋਜ਼ ਸ਼ਹਿਰ ‘ਚੋਂ ਗੁਜ਼ਰਦੀ ਹੈ,ਇਹ ਦਾਗ ਤਾਂ ਧੋਤਿਆਂ ਵੀ ਨਹੀਂ ਲੱਥਣੇ।
ਜਵਾਬ ਸੁਣ ਰੱਜੋ ਸੁੰਨ ਹੋ ਗਈ।ਅੱਖਾਂ ਚੋਂ ਵਗ ਰਿਹਾ ਪਾਣੀ ਦੱਸ ਰਿਹਾ ਸੀ ,ਕਿ ਰੱਜੋ ਆਪਣੇ ਕੀਤੇ ਤੇ ਪਛਤਾ ਰਹੀ ਹੈ।
ਗੁਰਜੀਤ ਕੌਰ ‘ਮੋਗਾ’
Gurjeetkaurwriter@gmail