ਲੰਡਨ, (ਰਾਜਵੀਰ ਸਮਰਾ) (ਸਮਾਜ ਵੀਕਲੀ)– ਬਰਮਿੰਘਮ ਕਰਾਊਨ ਕੋਰਟ ‘ਚ ਚੱਲ ਰਹੇ ਕਤਲ ਮਾਮਲੇ ‘ਚ ਅਨਮੋਲ ਚਾਨਾ ਿਖ਼ਲਾਫ਼ ਆਪਣੀ ਮਾਂ ਜਸਬੀਰ ਕੌਰ ਅਤੇ ਮਤਰੇਏ ਬਾਪ ਰੁਪਿੰਦਰ ਸਿੰਘ ਬਾਸਨ ਦੇ ਕਤਲ ਦੇ ਦੋਸ਼ਾਂ ਦੀ ਸੁਣਵਾਈ ਬਰਮਿੰਘਮ ਕਰਾਊਨ ਕੋਰਟ ਵਿਚ ਸ਼ੁਰੂ ਹੋ ਗਈ ਹੈ | ਕਤਲ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੂੰ ਕਤਲ ਦੇ ਸਬੂਤ ਪੇਸ਼ ਕੀਤੇ ਗਏ |
52 ਸਾਲਾ ਜਸਬੀਰ ਕੌਰ ਅਤੇ 51 ਸਾਲਾ ਰੁਪਿੰਦਰ ਸਿੰਘ ਬਾਸਨ ਦੀਆਂ ਲਾਸ਼ਾਂ ਮੋਟ ਰੋਡ ਓਲਡਬਰੀ ਦੀ ਇਕ ਰਿਹਾਇਸ਼ ਤੋਂ 25 ਫਰਵਰੀ ਨੂੰ ਮਿਲੀਆਂ ਸਨ | ਜਿਸ ਤੋਂ ਬਾਅਦ ਕੋਵਿਡ-19 ਕਾਰਨ ਅਦਾਲਤਾਂ ‘ਚ ਕਈ ਕੇਸਾਂ ਦੀ ਸੁਣਵਾਈ ‘ਚ ਦੇਰੀ ਹੋਈ ਹੈ | ਅਜਿਹੇ ਕੇਸਾਂ ‘ਚ ਇਕ ਇਹ ਕੇਸ ਵੀ ਸ਼ਾਮਿਲ ਹੈ | ਅਦਾਲਤ ‘ਚ ਸਰਕਾਰੀ ਵਕੀਲ ਬਰੈਸਟਰ ਜੇਸਨ ਪੀਟਰ ਕਿਉ ਸੀ ਵਲੋਂ 2013 ਦੀ ਇਕ ਘਟਨਾ ਬਾਰੇ ਵੀ ਸਵਾਲ-ਜਵਾਬ ਹੋਏ ਜਦੋਂ ਚਾਨਾ ਨੇ ਆਪਣੇ ਮਤਰੇਏ ਬਾਪ ਨੂੰ ਮਾਰਨ ਦੀ ਧਮਕੀ ਦਿੱਤੀ ਸੀ |
ਜਿਸ ਦੇ ਜਵਾਬ ‘ਚ ਅਨਮੋਲ ਚਾਨਾ ਨੇ ਕਿਹਾ ਕਿ ਉਸ ਸਮੇਂ ਉਹ ਗ਼ੁੱਸੇ ‘ਚ ਸੀ | ਚਾਨਾ ਨੇ ਇਹ ਵੀ ਕਿਹਾ ਕਿ ਉਸ ਦੀ ਮਾਂ ਦਾ ਵੀ ਉਸ ਪ੍ਰਤੀ ਰਵੱਈਆ ਹਿੰਸਕ ਰਿਹਾ ਹੈ | ਅਦਾਲਤ ‘ਚ ਇਹ ਵੀ ਦੱਸਿਆ ਗਿਆ ਕਿ ਉਸ ਨੇ ਇਕ ਪੈਟਰੋਲ ਬੰਬ ਬਣਾਉਣ ਅਤੇ ਲਿਡਲ ਸਟੋਰ ਨੂੰ ਲੁੱਟਣ ਲਈ ਵਿਚਾਰ ਬਣਾਇਆ ਸੀ | ਚਾਨਾ ਨੇ ਕਿਹਾ ਕਿ ਉਸ ਨੇ ਜਦੋਂ ਬੱਤੀ ਜਗਾਈ ਤਾਂ ਉਨ੍ਹਾਂ ਦੀਆਂ ਲਾਸ਼ਾਂ ਹਾਲਵੇਅ ‘ਚ ਪਈਆਂ ਸਨ, ਜਿਨ੍ਹਾਂ ਨੂੰ ਉਸ ਨੇ ਪਿਛਲੇ ਲੌਾਜ ‘ਚ ਕੀਤਾ ਸੀ |
ਜਦੋਂ ਅਜਿਹਾ ਕਰਨ ਦਾ ਕਾਰਨ ਡਿਫੈਂਸਲ ਕੌਾਸਲ ਗੁਰਦੀਪ ਗਰਚਾ ਨੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਮੈਂ ਬਹੁਤ ਹੀ ਘਬਰਾ ਗਿਆ ਸੀ | ਅਦਾਲਤ ‘ਚ ਅਨਮੋਲ ਚਾਨਾ ਨੇ ਆਪਣੀ ਮਾਂ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਉਸ ਦੀ 10 ਸਾਲ ਦੀ ਉਮਰ ਤੋਂ 15 ਸਾਲ ਦੀ ਉਮਰ ਤੱਕ ਉਸ ਦਾ ਕਥਿਤ ਸਰੀਰਕ ਸ਼ੋਸ਼ਣ ਕਰਦੀ ਰਹੀ ਹੈ | ਕੇਸ ਦੀ ਸੁਣਵਾਈ ਜਾਰੀ ਹੈ |