ਸਤਲੁਜ ਦਰਿਆ ’ਚ ਡੁੱਬਣ ਕਾਰਨ ਚਾਰ ਲੜਕੀਆਂ ਦੀ ਮੌਤ

ਜਗਰਾਉਂ (ਸਮਾਜ ਵੀਕਲੀ) : ਸਤਲੁਜ ਦਰਿਆ ਕਿਨਾਰੇ ਖੇਡਦੇ ਸਮੇਂ ਚਾਰ ਲੜਕੀਆਂ ਦੀ ਪਾਣੀ ’ਚ ਡੁੱਬਣ ਕਾਰਨ ਮੌਤ ਹੋ ਗਈ। ਘਟਨਾ ਸਬੰਧੀ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਇੰਸਪੈਕਟਰ ਰਾਜ਼ੇਸ ਠਾਕਰ, ਸਿੱਧਵਾਂ ਬੇਟ ਹਸਪਤਾਲ ਦੇ ਅਮਲੇ ਅਤੇ ਪੀੜਤ ਪਰਿਵਾਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਚੰਡੀਗੜ੍ਹ ਦੀਆਂ ਛੰਨਾਂ ਨੇੜੇ ਚਾਰ ਬੱਚੀਆਂ ਕੁਲਵਿੰਦਰ ਕੌਰ ਪੁੱਤਰੀ ਮੁਖਤਿਆਰ ਸਿੰਘ (13), ਮਨਜਿੰਦਰ ਕੌਰ ਪੁੱਤਰੀ ਪਰਮਜੀਤ ਸਿੰਘ (13), ਸੁਮਨ ਪੁੱਤਰੀ ਸੁਰਜੀਤ ਸਿੰਘ (13) ਗਗਨਦੀਪ ਕੌਰ ਪੁੱਤਰੀ ਮਲਕੀਤ ਸਿੰਘ (12) ਸਾਰੀਆਂ ਵਾਸੀ ਪਿੰਡ ਗੋਰਸੀਆਂ ਕਾਦਰ ਬਖਸ਼ ਦੇਰ ਸ਼ਾਮ ਸਤਲੁਜ ਦਰਿਆ ਕਿਨਾਰੇ ਖੇਡ ਰਹੀਆਂ ਸਨ। ਖੇਡਦੇ-ਖੇਡਦੇ ਬੱਚੀਆਂ ਦਰਿਆ ਕਿਨਾਰੇ ਰੇਤ ਦੀਆਂ ਡੂੰਘੀਆਂ ਖੱਡਾਂ ਜਿਨ੍ਹਾਂ ’ਚ ਪਾਣੀ ਭਰਿਆ ਹੋਇਆ ਸੀ, ਵਿੱਚ ਚਲੇ ਜਾਣ ਕਾਰਨ ਡੁੱਬ ਗਈਆਂ।

ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਦੇ ਲੋਕਾਂ ਨੇ ਲੰਬੀ ਜੱਦੋਜਹਿਦ ਮਗਰੋਂ ਲੜਕੀਆਂ ਨੂੰ ਬਾਹਰ ਕੱਢ ਲਿਆ। ਪਿੰਡ ਦੇ ਲੋਕ ਲੜਕੀਆਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਸਿੱਧਵਾਂ ਬੇਟ ਲੈ ਕੇ ਗਏ ਜਿੱਥੇ ਜਾਂਚ ਉਪਰੰਤ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਲੜਕੀਆਂ ਕੁਲਵਿੰਦਰ ਕੌਰ ਅਤੇ ਮਨਜਿੰਦਰ ਕੌਰ ਆਪਸ ’ਚ ਚਾਚੇ-ਤਾਏ ਦੇ ਪਰਿਵਾਰ ਵਿੱਚੋਂ ਭੈਣਾਂ ਸਨ।

ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰਾਂ ਨੇ ਬੱਚੀਆਂ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਹਸਪਤਾਲ ਵੱਲੋਂ ਮ੍ਰਿਤਕ ਬੱਚੀਆਂ ਦੀਆਂ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ। ਇਸੇ ਦੌਰਾਨ, ਘਟਨਾ ਦਾ ਪਤਾ ਲੱਗਣ ’ਤੇ ਹਲਕਾ ਦਾਖਾ ਕਾਂਗਰਸ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਸਿੱਧਵਾਂ ਬੇਟ ਹਸਪਤਾਲ ਪੁੱਜੇ ਅਤੇ ਪਰਿਵਾਰ ਦੇ ਦੁੱਖ ’ਚ ਸ਼ਰੀਕ ਹੋਏ।

Previous articleਏਡੀਜੀਪੀ ਵਰਿੰਦਰ ਤੇ ਅਨੀਤਾ ਪੁੰਜ ਨੂੰ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲੀਸ ਮੈਡਲ
Next articleਪਾਕਿਸਤਾਨ ਨੇ ਦਹਿਸ਼ਤਗਰਦੀ ਨੂੰ ਹਰਾਇਆ: ਰਾਸ਼ਟਰਪਤੀ