ਪਟਿਆਲਾ (ਸਮਾਜ ਵੀਕਲੀ) : ਦੇਸ਼ ਭਰ ਦੀਆਂ ਢਾਈ ਸੌ ਕਿਸਾਨ ਜਥੇਬੰਦੀਆਂ ’ਤੇ ਆਧਾਰਿਤ ‘ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ’ ਵੱਲੋਂ ‘ਭਾਰਤ ਛੱਡੋ ਅੰਦੋਲਨ’ ਦੀ ਵਰ੍ਹੇਗੰਢ ਮੌਕੇ ‘ਕਾਰਪੋਰੇਟ ਘਰਾਣਿਉ-ਖੇਤੀ ਛੱਡੋ’ ਅਤੇ ‘ਕਾਰਪੋਰੇਟ ਭਜਾਉ-ਖੇਤੀ ਕਿਸਾਨੀ ਬਚਾਉ’ ਦੇ ਦਿੱਤੇ ਗਏ ਦੇਸ਼ ਵਿਆਪੀ ਸੱਦੇ ਤਹਿਤ ਦਸ ਕਿਸਾਨ ਜਥੇਬੰਦੀਆਂ ਨੇ ਅੱਜ ਪੰਜਾਬ ਦੇ 22 ’ਚੋਂ 21 ਜ਼ਿਲ੍ਹਿਆਂ ਵਿਚਲੇ ਸਮੂਹ ਸਿਆਸੀ ਧਿਰਾਂ ਨਾਲ ਸਬੰਧਤ ਸੌ ਤੋ ਵੱਧ ਵਿਧਾਇਕਾਂ, ਲੋਕ ਸਭਾ ਮੈਂਬਰਾਂ ਅਤੇ ਮੰਤਰੀਆਂ ਦੇ ਦਫ਼ਤਰਾਂ ਤੇ ਘਰਾਂ ਤੱਕ ਵਾਹਨ ਮਾਰਚ ਕੀਤੇ ਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਨਾਂ ਨੌਂ ਨੁਕਾਤੀ ਮੰਗ ਪੱਤਰ ਸੌਂਪੇ।
ਪਟਿਆਲਾ ਵਿੱਚ ਪੁਲੀਸ ਨੇ ਕਿਸਾਨਾਂ ਦੇ ਕਾਫਲੇ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੰਸਦ ਮੈਂਬਰ ਪ੍ਰਨੀਤ ਕੌਰ ਦੀ ਰਿਹਾਇਸ਼ ਤੱਕ ਨਾ ਜਾਣ ਦਿੱਤਾ। ਪੁਲੀਸ ਨੇ ‘ਨਿਊ ਮੋਤੀ ਬਾਗ ਪੈਲੇਸ’ ਨੂੰ ਚੁਫੇਰਿਓਂ ਸੀਲ ਕੀਤਾ ਹੋਇਆ ਸੀ ਤੇ ਕਿਸਾਨਾਂ ਨੂੰ ਨੇੜੇ ਹੀ ਸਥਿਤ ਵਾਈਪੀਐੱਸ ਚੌਕ ’ਤੇ ਰੋਕ ਲਿਆ ਗਿਆ। ਕਿਸਾਨ ਉਥੇ ਹੀ ਧਰਨਾ ਮਾਰ ਕੇ ਬੈਠ ਗਏ ਤੇ ਨਾਲ ਲਿਆਂਦਾ ਲੰਗਰ ਵੀ ਛਕਿਆ। ਇਸ ਮਗਰੋਂ ਡਿਊਟੀ ਮੈਜਿਸਟਰੇਟ ਵਜੋਂ ਤਹਿਸੀਲਦਾਰ ਰਣਜੀਤ ਸਿੰਘ ਨੇ ਮੰਗ ਪੱਤਰ ਹਾਸਲ ਕੀਤੇ।
ਇਸ ਐਕਸ਼ਨ ਸਬੰਧੀ ਪਟਿਆਲਾ ਵਿੱਚ ਸੂਬਾਈ ਰਿਪੋਰਟ ਜਾਰੀ ਕਰਦਿਆਂ ਕਿਸਾਨ ਸੰਗਠਨ ਦੇ ਕਨਵੀਨਰ ਡਾ. ਦਰਸ਼ਨਪਾਲ ਪਟਿਆਲਾ ਨੇ ਦੱਸਿਆ ਕਿਸਾਨਾਂ ਨੇ ਲੋਕ ਨੁਮਾਇੰਦਿਆਂ ਨੂੰ ਅਪੀਲ ਵੀ ਕੀਤੀ ਕਿ ਉਹ ਆਪਣੀਆਂ ਪਾਰਟੀਆਂ ਵੱਲੋਂ ਕਿਸਾਨਾਂ ਦੇ ਮਸਲੇ ਹੱਲ ਕਰਵਾਉਣ ਲਈ ਲੋਕ ਸਭਾ ਅਤੇ ਵਿਧਾਨ ਸਭਾ ’ਚ ਆਵਾਜ਼ ਬੁਲੰਦ ਕਰਨ ਜਾਂ ਬਾਹਰ ਸੰਘਰਸ਼ ਕਰਨ। ਮਸਲਿਆਂ ਦਾ ਹੱਲ ਨਾ ਕਰਵਾ ਸਕਣ ’ਤੇ ਉਨ੍ਹਾਂ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨ ਦਾ ਚਿਤਾਵਨੀ ਪੱਤਰ ਵੀ ਦਿੱਤਾ ਗਿਆ।
ਕਿਸਾਨ ਮੰਗਾਂ ਵਿਚ ਕੇਂਦਰ ਵੱਲੋਂ ਜਾਰੀ ਕੀਤੇ ਤਿੰਨ ਖੇਤੀ ਆਰਡੀਨੈਂਸ ਅਤੇ ਬਿਜਲੀ ਐਕਟ 2020 ਰੱਦ ਕਰਨਾ, ਤੇਲ ਕੀਮਤਾਂ ਘਟਾਉਣਾ ਅਤੇ ਕਿਸਾਨਾਂ ਦੇ ਸਮੁੱਚੇ ਕਰਜ਼ੇ ’ਤੇ ਲੀਕ ਮਾਰਨਾ ਆਦਿ ਸ਼ਾਮਲ ਹਨ। ਜਗਮੋਹਣ ਸਿੰਘ ਪਟਿਆਲਾ ਨੇ ਕਿਹਾ ਕਿ ਪਿਛਲੇ ਦਿਨੀ ਭਾਵੇਂ ਟਰੈਕਟਰ ਮਾਰਚ ਪਿਛਾਂਹ ਹੀ ਰੋਕ ਲਿਆ ਗਿਆ ਸੀ, ਪਰ ਐਤਕੀਂ ਤਾਂ ਕਿਸਾਨਾਂ ਦੇ ਕਾਫਲੇ ਨੇ ਪਿੰਡ ਬਾਦਲ ਵਿੱਚ ਬਾਦਲ ਪਰਿਵਾਰ ਦੇ ਘਰ ਤੱਕ ਦਸਤਕ ਦਿੱਤੀ ਤੇ ਬੂਟਾ ਸਿੰਘ ਬੁਰਜਗਿੱਲ ਤੇ ਹੋਰ ਕਿਸਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੀ ਮੰਗ ਪੱਤਰ ਸੌਂਪਿਆ।
ਵਾਹਨ ਮਾਰਚਾਂ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਅਜਨਾਲਾ, ਕਿਸਾਨ ਯੂਨੀਅਨ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ. ਦਰਸ਼ਨ ਪਾਲ, ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ, ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ, ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਭੁਪਿੰਦਰ ਸਿੰਘ ਸਾਂਭਰ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਮੇਜਰ ਸਿੰਘ ਪੁੰਨ੍ਹਾਂਵਾਲ ਅਤੇ ਜੈ ਕਿਸਾਨ ਅੰਦੋਲਨ ਦੇ ਪੰਜਾਬ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਬਰਨਾਲਾ ਨੇ ਕੀਤੀ। ਜਗਮੋਹਣ ਸਿੰਘ ਪਟਿਆਲਾ ਨੇ ਕਿਹਾ ਸਿਰਫ਼ ਮੁਹਾਲੀ ਜ਼ਿਲ੍ਹੇ ਵਿੱਚ ਅਜਿਹੇ ਪ੍ਰਰਦਸ਼ਨ ਨਹੀਂ ਕੀਤੇ ਗਏ। ਇਸ ਦੌਰਾਨ ਕੁਲਵੰਤ ਸਿੰਘ ਸੰਧੂ, ਗੁਰਮੀਤ ਮਹਿੰਮਾ, ਗੁਰਨਾਮ ਭੀਖੀ, ਕਰਮਜੀਤ ਤਲਵੰਡੀ, ਬਲਦੇਵ ਸਿੰਘ ਨਿਹਾਲਗੜ੍ਹ, ਨਿਰਵੈਲ ਡਾਲੇਕੇ ਅਤੇ ਜਤਿੰਦਰ ਛੀਨਾ ਨੇ ਵੀ ਅਹਿਮ ਭੂਮਿਕਾ ਨਿਭਾਈ।