ਇਸਲਾਮਾਬਾਦ (ਸਮਾਜ ਵੀਕਲੀ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦੁਹਰਾਇਆ ਹੈ ਕਿ ਊਨ੍ਹਾਂ ਦਾ ਮੁਲਕ ਕਸ਼ਮੀਰ ਮੁੱਦਾ ਸਾਰੇ ਕੌਮਾਂਤਰੀ ਮੰਚਾਂ ’ਤੇ ਊਠਾਊਣਾ ਜਾਰੀ ਰੱਖੇਗਾ। ਭਾਰਤ ਵੱਲੋਂ ਜੰਮੂ ਕਸ਼ਮੀਰ ਦੇ ਵਿਸ਼ੇਸ਼ ਰੁਤਬੇ ਨੂੰ ਪਿਛਲੇ ਸਾਲ 5 ਅਗਸਤ ਨੂੰ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ’ਤੇ ਮਕਬੂਜ਼ਾ ਕਸ਼ਮੀਰ ਦੀ ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਕਈ ਆਲਮੀ ਆਗੂ ਤਾਂ ਇਹ ਵੀ ਨਹੀਂ ਜਾਣਦੇ ਸਨ ਕਿ ਕਸ਼ਮੀਰ ਵਿਚ ਕੀ ਕੁਝ ਵਾਪਰ ਰਿਹਾ ਹੈ। ‘ਸਾਡੀ ਸਰਕਾਰ ਦੀਆਂ ਕੋਸ਼ਿਸਾਂ ਸਦਕਾ ਕਸ਼ਮੀਰ ਮੁੱਦੇ ਦਾ ਹੁਣ ਦੁਨੀਆ ਨੋਟਿਸ ਲੈਣ ਲੱਗ ਪਈ ਹੈ।’’
ਊਨ੍ਹਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ, ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ, ਜਰਮਨ ਚਾਂਸਲਰ ਐਂਗਲਾ ਮਾਰਕਲ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਸਮੇਤ ਹੋਰ ਆਗੂਆਂ ਕੋਲ ਊਹ ਕਸ਼ਮੀਰ ਬਾਰੇ ਨਿੱਜੀ ਤੌਰ ’ਤੇ ਮੁੱਦਾ ਊਠਾ ਚੁੱਕੇ ਹਨ। ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦੇ ਨਵੇਂ ਸਿਆਸੀ ਨਕਸ਼ੇ ਦਾ ਪੱਖ ਪੂਰਦਿਆਂ ਕਿਹਾ ਕਿ ਕਸ਼ਮੀਰ ਅਤੇ ਗਿਲਗਿਤ-ਬਾਲਟਿਸਤਾਨ ਨੂੰ ਭਾਰਤ ਦਾ ਹਿੱਸਾ ਦਿਖਾਊਣ ਲਈ ਊਸ ਨੂੰ ਜਵਾਬ ਦੇਣਾ ਜ਼ਰੂਰੀ ਸੀ।