(ਸਮਾਜ ਵੀਕਲੀ)
ਐਂਵੇਂ ਗੀਤਾਂ ਵਿੱਚ ਬਦਨਾਮ ਕਰਨ ਤੇ ਆਏ ਹੋਏ ਨੇ
ਕੁਜ ਨਵੇਂ ਜੇ ਸਿੰਗਰ ਜੱਟ ਸ਼ਬਦ ਨਾਲ ਛਾਏ ਹੋਏ ਨੇ
ਖੇਤਾਂ ਵਿਚਲੀ ਮਿਹਨਤ ਜੱਟ ਦੀ ਕੋਈ ਸਲਾਉਂਦਾ ਨੀ
ਹੱਡ ਬੀਤੀ ਜੱਟਾਂ ਦੀ ਤਾਂ ਇੱਥੇ ਕੋਈ ਸੁਣਾਉਂਦਾ ਨੀ
ਕਿੰਨੀ ਮਾਰ ਫਸਲ ਚੋਂ ਪੈਗੀ ਕੌਣ ਵਿਖਾਉਂਦਾ ਏ
ਜੱਟ ਵੈਲੀ ਬਣ ਗਿਆ ਐਬੀ ਬਣ ਗਿਆ ਹਰ ਕੋਈ ਗਾਉਂਦਾ ਏ
ਸੱਚ ਲਿਖਣ ਲਈ ਜੱਟਾਂ ਤੇ ਕੋਈ ਕਲਮ ਉਠਾਉਂਦਾ ਨੀ
ਹੱਡ ਬੀਤੀ ਜੱਟਾਂ ਦੀ ਤਾਂ ਇੱਥੇ ਕੋਈ ਸੁਣਾਉਂਦਾ ਨੀ
ਗੀਤਾਂ ਦੇ ਵਿੱਚ ਕਿਹੜੇ ਜੱਟ ਦਾ ਜਿਕਰ ਇਹ ਕਰਦੇ ਨੇ
ਕਿਉਂ ਨੀ ਦੱਸਦੇ ਕਿਸ ਗੱਲੋਂ ਜੱਟ ਲੈ ਫਾਹੇ ਮਰਦੇ ਨੇ
ਡੁੱਬਦੀ ਕਿਰਸਾਨੀ ਵਾਰੇ ਕੋਈ ਅਵਾਜ ਉਠਾਉਂਦਾ ਨੀ
ਹੱਡ ਬੀਤੀ ਜੱਟਾਂ ਦੀ ਤਾਂ ਇੱਥੇ ਕੋਈ ਸੁਣਾਉਂਦਾ ਨੀ
ਕੱਖੋਂ ਹੌਲਾ ਕਰ ਛੱਡਿਆ ਜਿੰਮੀਦਾਰ ਸਰਕਾਰਾਂ ਨੇ
ਉਪਰੋਂ ਰੱਬ ਦੀਆਂ ਪੈਂਦੀਆਂ ਨਿਰਮਲਾ ਵੱਖਰੀਆਂ ਮਾਰਾਂ ਨੇ
ਕੋਈ ਵੀ ਮੁੜਕੇ ਆਉਂਣਾ ਜੱਟ ਦੀ ਜੂਨੀ ਚਾਹੁੰਦਾ ਨੀ
ਹੱਡ ਬੀਤੀ ਜੱਟਾਂ ਦੀ ਤਾਂ ਇੱਥੇ ਕੋਈ ਸੁਣਾਉਂਦਾ ਨੀ
ਨਿਰਮਲਾ ਗਰਗ ਪਟਿਆਲਾ