ਲੰਡਨ, (ਰਾਜਵੀਰ ਸਮਰਾ) (ਸਮਾਜ ਵੀਕਲੀ) : ਕੋਰੋਨਾ ਵਾਇਰਸ ਕਾਰਨ ਯੂ.ਕੇ ਚ ਬੰਦ ਕੀਤੇ ਗਏ ਇੰਨਡੋਰ ਜਿੰਮ ਅਤੇ ਸਵਿਮਿੰਗ ਪੂਲ ਲੋਕਾਂ ਦੀ ਵਰਤੋਂ ਲਈ ਖੋਲ੍ਹ ਦਿੱਤੇ ਗਏ ਹਨ। ਪਰ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸਵਿਮਿੰਗ ਪੂਲ ‘ਚ ਕਸਰਤ ਕਰਨ ਵਾਲੇ ਲੋਕਾਂ ਦੀ ਗਿਣਤੀ ਨੂੰ ਘੱਟ ਕੀਤਾ ਗਿਆ ਹੈ, ਨਾਲ ਹੀ ਸਮਾਜਿਕ ਦੂਰੀ ਬਣਾਈ ਰੱਖਣ ਲਈ ਕਸਰਤ ਵਾਲੀਆਂ ਮਸ਼ੀਨਾਂ ਵਿਚਕਾਰ ਫ਼ਾਸਲਾ ਰੱਖਣ ਅਤੇ ਉਨ੍ਹਾਂ ਦੀ ਵਰਤੋਂ ਤੋਂ ਪਹਿਲਾਂ ਸੈਨੇਟਾਈਜ਼ਰ ਦੀ ਵਰਤੋਂ ਕਰਨ ਲਈ ਕਿਹਾ ਜਾਂਦਾ ਹੈ।
ਜਿੰਮ ਅਤੇ ਫਿਟਨੈੱਸ ਕਾਰੋਬਾਰ ਨਾਲ ਸਬੰਧਿਤ ਯੂ. ਕੇ. ਐਕਟਿਵ ਵਲੋਂ ਜਾਰੀ ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਕੋਵਿਡ-19 ਕਾਰਨ 15-23 ਫ਼ੀਸਦੀ ਮੈਂਬਰਸ਼ਿਪ ਲੋਕਾਂ ਨੇ ਰੱਦ ਕਰ ਦਿੱਤੀ ਹੈ। ਇਸ ਖੇਤਰ ਨਾਲ ਜੁੜੇ 48 ਫ਼ੀਸਦੀ ਜਨਤਕ ਲਯੀਅਰ ਸਹੂਲਤ ਸੈਂਟਰ ਇੰਗਲੈਂਡ, ਸਕਾਟਲੈਂਡ ਅਤੇ ਵੇਲਜ਼ ‘ਚ ਬੰਦ ਹੋਣ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ, ਜਿਸ ਕਾਰਨ ਸਾਲ ਦੇ ਅੰਤ ਤੱਕ 1300 ਅਜਿਹੇ ਕੇਂਦਰ ਬੰਦ ਹੋ ਸਕਦੇ ਹਨ ਅਤੇ 58000 ਨੌਕਰੀਆਂ ਖ਼ਤਮ ਹੋਣ ਦਾ ਖ਼ਦਸ਼ਾ ਹੈ।
ਜ਼ਿਲ੍ਹਾ ਕੌਂਸਲ ਨੈੱਟਵਰਕ ਅਨੁਸਾਰ ਉਕਤ ਸੈਕਟਰ ਨੂੰ 35 ਕਰੋੜ ਪੌਂਡ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਜ਼ਿਕਰਯੋਗ ਹੈ ਕਿ ਇੰਨਡੋਰ ਜਿੰਮ ਅਤੇ ਸਵਿਮਿੰਗ ਪੂਲ ਕੋਵਿਡ-19 ਕਾਰਨ 21 ਮਾਰਚ ਨੂੰ ਬੰਦ ਕਰ ਦਿੱਤੇ ਸਨ।