ਚੰਡੀਗੜ੍ਹ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਸਵੇਰੇ 11 ਵਜੇ ਆਪਣੇ ਮਾਸਿਕ ਰੇਡੀਓ ਪ੍ਰਸਾਰਣ ‘ਮਨ ਕੀ ਬਾਤ’ ਰਾਹੀਂ ਦੇਸ਼ ਨੂੰ 67ਵੀਂ ਵਾਰ ਸੰਬੋਧਿਤ ਕੀਤਾ।
ਉਨ੍ਹਾਂ ਕਿਹਾ ਕਿ ਉਹ ਕਾਰਗਿਲ ਦੇ ਸ਼ਹੀਦਾਂ ਅਤੇ ਉਨ੍ਹਾਂ ਦੀਆਂ ਮਾਵਾਂ ਦੀਆਂ ਕੁਰਬਾਨੀਆਂ ਨੂੰ ਸਲਾਮ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸੈਨਿਕਾਂ ਦੇ ਹੌਸਲੇ ਨੂੰ ਵਧਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਰਗਿਲ ਅਜਿਹੀ ਘਟਨਾ ਹੈ ਜਿਸ ਵਿੱਚ ਦੋਸਤੀ ਦੇ ਨਾਮ ’ਤੇ ਪਾਕਿਸਤਾਨ ਦੇ ਭਾਰਤ ਦੀ ਪਿੱਠ ਵਿੱਚ ਛੁਰਾ ਮਾਰਿਆ ਸੀ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ‘ਤੇ ਅਜਿਹਾ ਕੁਝ ਨਾ ਕਰਨ ਜਾਂ ਨਾ ਕਹਿਣ, ਜਿਸ ਵਿਚ ਸਰਹੱਦਾਂ ਦੀ ਰਾਖੀ ਕਰਨ ਵਾਲਿਆਂ ਦੇ ਹੌਸਲੇ ਪਸਤ ਹੋਣ।
ਮਨ ਕੀ ਬਾਤ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨਾਂ ਨੂੰ ਕਾਰਗਿਲ ਯੁੱਧ ਵਿਚ ਹਥਿਆਰਬੰਦ ਬਲਾਂ ਦੀ ਬਹਾਦਰੀ ਦੀਆਂ ਕਹਾਣੀਆਂ ਨੂੰ ਦੂਜਿਆਂ ਨਾਲ ਸਾਂਝਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੰਗ ਸਿਰਫ਼ ਸਰਹੱਦਾਂ ‘ਤੇ ਹੀ ਨਹੀਂ ਲੜੀ ਜਾਂਦੀ, ਬਲਕਿ ਕਈ ਪੱਧਰ ਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਭਾਰਤ ਵਿਚ ਕਰੋਨਾਵਾਇਰਸ ਤੋਂ ਠੀਕ ਹੋਣ ਵਾਲਿਆਂ ਦੀ ਦਰ ਦੂਜੇ ਦੇਸ਼ਾਂ ਨਾਲੋਂ ਬਿਹਤਰ ਹੈ ਪਰ ਕਰੋਨਾਵਾਇਰਸ ਦਾ ਖ਼ਤਰਾ ਹਾਲੇ ਖਤਮ ਨਹੀਂ ਹੋਇਆ। ਇਸ ਲਈ ਦੇਸ਼ ਵਾਸੀਆਂ ਨੂੰ ਹੋਰ ਚੌਕਸ ਹੋਣ ਦੀ ਲੋੜ ਹੈ।
ਉਨ੍ਹਾਂ ਇਕ ਵਾਰ ਫੇਰ ਕਿਹਾ ਕਿ ਸਾਰੇ ਦੇਸ਼ ਵਾਸੀ ਮਾਸਕ ਪਹਿਨਣ ਕੇ ਰੱਖਣ ਤੇ ਹਰ ਵਿਅਕਤੀ ਇਕ ਦੂਜੇ ਤੋਂ 6 ਫੁੱਟ ਦੀ ਦੂਰੀ ਰੱਖੇ। ਇਸ ਤੋਂ ਇਲਾਵਾ ਨਿਯਮਿਤ ਤੌਰ ’ਤੇ ਹੱਥ ਧੋਏ ਜਾਣ। ਉਨ੍ਹਾਂ ਕਿਹਾ ਕਿ ਮਾਸਕ ਪਹਿਨਣ ਤੋਂ ਸ਼ਰਮਾਉਣ ਤੇ ਘਬਰਾਉਣ ਦੀ ਲੋੜ ਨਹੀਂ। ਡਾਕਟਰਾਂ ਬਾਰੇ ਸੋਚੋ, ਜਿਹੜੇ ਘੰਟਿਆਂਬੱਧੀ ਲਗਾਤਾਰ ਮਾਸਕ ਪਹਿਨਦੇ ਹਨ, ਜਦੋਂ ਲੋਕ ਆਪਣੇ ਮਾਸਕ ਨਾ ਪਹਿਨਣ ਵਿੱਚ ਮਾਣ ਮਹਿਸੂਸ ਕਰਦੇ ਹਨ।