ਅਮਰੀਕਾ ਵਲੋਂ ਚੀਨ ਦੇ ਟਾਕਰੇ ਲਈ ‘ਲੋਕਤੰਤਰੀ ਮੁਲਕਾਂ ਦਾ ਗੱਠਜੋੜ’ ਬਣਾਊਣ ਦਾ ਸੱਦਾ

ਵਾਸ਼ਿੰਗਟਨ (ਸਮਾਜ ਵੀਕਲੀ) : ਵਿਸਥਾਰਵਾਦੀ ਨੀਤੀਆਂ ਅਤੇ ਕੋਵਿਡ-19 ਮਹਾਮਾਰੀ ਬਾਰੇ ਜਾਣਕਾਰੀ ਛੁਪਾਊਣ ਦੇ ਮਾਮਲਿਆਂ ’ਤੇ ਚੀਨ ਖ਼ਿਲਾਫ਼ ਤਿੱਖੇ ਹਮਲੇ ਜਾਰੀ ਰੱਖਦਿਆਂ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਚੀਨ ਦੀ ਤਾਨਾਸ਼ਾਹ ਸਰਕਾਰ ਵਲੋਂ ਪੈਦਾ ਕੀਤੀਆਂ ਜਾ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ‘ਲੋਕਤੰਤਰੀ ਮੁਲਕਾਂ ਦਾ ਗੱਠਜੋੜ’ ਬਣਾਊਣ ਦੀ ਗੱਲ ਕੀਤੀ ਹੈ। ਪੌਂਪੀਓ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਸ਼ਬਦ ਦੁਹਰਾਉਂਦਿਆਂ ਕਿਹਾ ਕਿ ਅਮਰੀਕਾ ਨੇ ਚੀਨ ਨੂੰ ਬਹੁਤ ਝੱਲ ਲਿਆ।

ਊਨ੍ਹਾਂ ਚੀਨੀ ਕਮਿਊਨਿਸਟ ਪਾਰਟੀ ਨਾਲ ਸਬੰਧਾਂ ਦੇ ਮਾਮਲੇ ’ਤੇ ਅਮਰੀਕਾ ਦੇ ਨਵੇਂ ਕਾਨੂੰਨਾਂ ‘ਬੇਭਰੋਸਗੀ ਅਤੇ ਤਸਦੀਕ’ ਦਾ ਐਲਾਨ ਕਰਦਿਆਂ ਸਾਰੇ ਮੁਲਕਾਂ ਨੂੰ ਜਵਾਬੀ ਕਾਰਵਾਈ ਕਰਨ, ਪਾਰਦਰਸ਼ਤਾ ’ਤੇ ਜ਼ੋਰ ਦੇਣ ਅਤੇ ਜਵਾਬਦੇਹੀ ਯਕੀਨੀ ਬਣਾਊਣ ਦਾ ਸੱਦਾ ਦਿੱਤਾ। ਸਿਖਰਲੇ ਅਮਰੀਕੀ ਡਿਪਲੋਮੈਟ ਨੇ ਦਹਾਕਿਆਂ ਪੁਰਾਣੀ ਚੀਨ ਨੀਤੀ ਤੋਂ ਪਲਟਣ ਦਾ ਰਸਮੀਂ ਐਲਾਨ ਕੀਤਾ, ਜੋ ਕਿ ਹੁਣ ਵਧੇਰੇ ਹਮਲਾਵਰ ਹੋਵੇਗੀ ਅਤੇ ਪੂਰੀ ਦੁਨੀਆ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਦੀ ਅਗਵਾਈ ਵਾਲੀ ਤਾਨਾਸ਼ਾਹ ਸਰਕਾਰ ਖ਼ਿਲਾਫ਼ ਇਕਜੁੱਟ ਕਰੇਗੀ।

ਊਨ੍ਹਾਂ ਕਿਹਾ ਕਿ ਅੱਜ ਚੀਨ ‘ਆਪਣੇ ਮੁਲਕ ਵਿੱਚ ਵਧੇਰੇ ਤਾਨਾਸ਼ਾਹ ਨੀਤੀਆਂ ਲਿਆ ਰਿਹਾ ਹੈ ਅਤੇ ਬਾਕੀ ਹੋਰ ਥਾਵਾਂ ’ਤੇ ਆਜ਼ਾਦੀ ਦਬਾਊਣ ਲਈ ਵਧੇਰੇ ਹਮਲਾਵਾਰ ਰੁਖ਼ ਅਪਣਾਇਆ ਹੋਇਆ ਹੈ।’’ ਪੌਂਪੀਓ ਨੇ ਕਿਹਾ, ‘‘ਚੀਨ ਵਲੋਂ ਚੁਣੌਤੀ ਦਾ ਸਾਹਮਣਾ ਅਸੀਂ ਇਕੱਲੇ ਨਹੀਂ ਕਰ ਸਕਦੇ। ਯੂਐੱਨ, ਨਾਟੋ, ਜੀ7, ਜੀ20, ਸਾਰਿਆਂ ਦੀਆਂ ਆਰਥਿਕ, ਕੂਟਨੀਤਕ ਅਤੇ ਫੌਜੀ ਸ਼ਕਤੀਆਂ ਇਸ ਚੁਣੌਤੀ ਦਾ ਟਾਕਰਾ ਕਰਨ ਲਈ ਕਾਫ਼ੀ ਹਨ, ਜੇਕਰ ਸਹੀ ਸੇਧ ਦਿੱਤੀ ਜਾਵੇ।

Previous articleਫੌਜਾਂ ਦੀ ਜਲਦੀ ਵਾਪਸੀ ਭਾਰਤ ਤੇ ਚੀਨ ਸਬੰਧਾਂ ਲਈ ਅਹਿਮ
Next articleਮਹਾਮਾਰੀ: ਪੰਜਾਬ ਵਿਚ ਨਿਵੇਸ਼ ਕਰਨ ’ਤੇ ਵੱਡੀਆਂ ਛੋਟਾਂ