(ਸਮਾਜ ਵੀਕਲੀ)
ਪੂਰੀ ਦੁਨੀਆਂ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜਰ ਰਹੀ ਹੈ। ਇਸ ਵਿੱਚ ਕੋਈ ਦੋ-ਰਾਵਾਂ ਨਹੀਂ ਕਿ ਹਰ ਛੋਟੇ-ਵੱਡੇ ਕਾਰੋਬਾਰੀ ਉੱਪਰ ਇਸਦਾ ਬਹੁਤ ਬੁਰਾ ਅਸਰ ਪਿਆ ਹੈ। ਪਰ ਸੋਚਣ ਦੀ ਗੱਲ ਹੈ ਕਿ ਇਹਨਾਂ ਕਾਰੋਬਾਰੀਆਂ ਤੋਂ ਬਿਨਾਂ ਇਹਨਾਂ ਕੋਲ ਕੰਮ ਕਰਦੇ ਮਜ਼ਦੂਰਾਂ ਦਾ ਕੀ ਬਣਿਆ ਹੋਵੇਗਾ, ਉਹ ਕੰਮਕਾਰ ਨਾ ਮਿਲਣ ਕਰਕੇ ਹੀ ਘਰੋਂ ਬੇ-ਘਰ ਹੋ ਰਹੇ ਹਨ ਇਸ ਮੰਦੀ ਦਾ ਜੋ ਅਸਰ ਉਹਨਾਂ ਤੇ ਪਿਆ ਹੈ ਉਸਨੇ ਤਾਂ ਗਰੀਬ ਬੰਦੇ ਦੀ ਕਮਰ ਹੀ ਤੋੜਕੇ ਰੱਖ ਦਿੱਤੀ ਹੈ।
ਰਹਿੰਦੀ ਖੁਹੰਦੀ ਕਸਰ ਅੱਜ-ਕੱਲ੍ਹ ਇਹਨਾਂ ਮਜ਼ਦੂਰਾਂ ਦੇ ਮਾਲਕ ਕੱਢ ਰਹੇ ਹਨ। ਵੱਡੇ-ਵੱਡੇ ਕਾਰੋਬਾਰੀ, ਬਿਜਨਸਮੈਨ, ਚੇਅਰਮੈਨ, ਡਰੈਕਟਰ, ਪ੍ਰਿੰਸੀਪਲ, ਬਾਬੂ, ਸਾਹਿਬ,ਆਪਣਾ ਕੱਦ ਤੇ ਰੁਤਬਾ ਉੱਚਾ ਸਮਝਣ ਵਾਲੇ ਇਹ ਲੋਕ ਅੱਜ-ਕੱਲ੍ਹ ਘਟੀਆ ਛੋਟੀ ਸੋਚ ਤੇ ਉਤਰੇ ਹੋਏ ਹਨ। ਅੱਜ ਇਹ ਉੱਚੇ ਨਹੀਂ ਸਗੋਂ ਬਹੁਤ ਛੋਟੇ ਤੇ ਬੌਨੇ ਨਜ਼ਰ ਆ ਰਹੇ ਹਨ। ਇਹ ਅੱਜ-ਕੱਲ੍ਹ ਕਾਨੂੰਨ ਨੂੰ ਛਿੱਕੇ ਟੰਗ ਕੇ ਆਪਣੇ ਕਾਰੋਬਾਰਾਂ ਵਿੱਚ ਸਾਲਾਂ ਤੋਂ ਕੰਮ ਕਰਦੇ ਮਜ਼ਦੂਰਾਂ ਦੀ ਛਾਂਟਾ-ਛਾਂਟੀ ਵਿੱਚ ਰੁਝੇ ਹੋਏ ਹਨ।
ਬਿਨਾਂ ਕਿਸੇ ਕਾਨੂੰਨੀ ਡਰ ਤੋਂ ਇਹ ਦਿਨ-ਰਾਤ ਇਹਨਾਂ ਮਿਹਨਤਕਸ਼ ਲੋਕਾਂ ਤੇ ਕਹਿਰ ਢਾਹ ਰਹੇ ਹਨ। ਬਹੁਤ ਹੀ ਘੱਟ ਤਨਖ਼ਾਹਾਂ ਦੇ ਕੇ ਇਹਨਾਂ ਮਜ਼ਬੂਰ ਲੋਕਾਂ ਦਾ ਆਰਥਿਕ ਸ਼ੋਸ਼ਣ ਕਰ ਰਹੇ ਹਨ। ਪਤਾ ਨਹੀਂ ਸਾਡਾ ਪ੍ਰਸ਼ਾਸ਼ਨ ਕਿਸ ਪਾਸੇ ਲੱਗਾ ਹੈ, ਕਿ ਉਸਨੂੰ ਇਹਨਾਂ ਗਰੀਬ ਮਜ਼ਦੂਰਾਂ ਦੀ ਲੁੱਟ-ਖਸੁੱਟ ਕਿਉਂ ਨਜ਼ਰ ਹੀ ਨਹੀ ਆ ਰਹੀ। ਹਰ ਦੇਸ਼ ਵਿੱਚ ਕਾਨੂੰਨ,ਪ੍ਰਸਾਸ਼ਨ ਹਰ ਵਰਗ ਦੀ ਰੱਖਿਆ ਤੇ ਸੁਰੱਖਿਆ ਲਈ ਬਣਾਇਆ ਜਾਂਦਾ ਹੈ। ਪਰ ਇਸ ਆਪੇ ਤੋਂ ਬਾਹਰ ਹੋਈ ਵੱਡੀ ਜਮਾਤ ਨੇ ਕਾਨੂੰਨ ਨੂੰ ਟਿੱਚ ਜਾਣਕੇ, ਇੱਥੇ ਜੰਗਲ ਰਾਜ ਕਾਇਮ ਕਰ ਰੱਖਿਆ ਹੈ। ਆਏ ਦਿਨ ਕਿਰਤੀ ਜਮਾਤ ਇਹਨਾਂ ਦੇ ਜੁਲਮਾਂ ਦੀ ਸ਼ਿਕਾਰ ਹੁੰਦੀ ਹੈ।
ਭਾਰਤ ਦੇ ਸੂਬੇ ਪੰਜਾਬ ਅੰਦਰ ਪ੍ਰਾਈਵੇਟ ਤੇ ਲਿਮਟਿਡ ਅਦਾਰਿਆਂ ਵਿੱਚੋਂ ਅੱਜ-ਕੱਲ੍ਹ ਬਹੁਤ ਸਾਰੇ ਮਜ਼ਦੂਰਾਂ , ਚੌਕੀਦਾਰਾਂ, ਮਾਲੀਆਂ, ਸਫਾਈ ਕਰਮਚਾਰੀਆਂ, ਛੋਟੇ-ਵੱਡੇ ਕਲਰਕਾਂ, ਮੁਨਸੀਆਂ, ਮੁਨੀਮਾਂ, ਅਧਿਆਪਕਾਂ, ਸੇਵਾਦਾਰ ਮਾਈਆਂ ਨੂੰ ਕੰਮ ਤੋਂ ‘ਦੁੱਧ ਵਿੱਚੋਂ ਮੱਖੀ ਵਾਂਗ’ ਕੱਢਕੇ ਬਾਹਰ ਸੁੱਟਿਆ ਜਾ ਰਿਹਾ ਹੈ ।
ਜਦੋਂ ਇਹਨਾਂ ਲੋਕਾਂ ਦੇ ਕਾਰੋਬਾਰ ਖੂਬ ਵੱਧ-ਫੁੱਲ ਰਹੇ ਸਨ, ਉਸ ਸਮੇਂ ਤਾਂ ਇਹਨਾਂ ਸ਼ਾਹੂਕਾਰਾਂ ਨੂੰ ਸਫਾਈ ਕਰਮਚਾਰੀ, ਚੌਕੀਦਾਰਾਂ, ਕਾਮਿਆਂ, ਕਲਾਰਕਾਂ, ਮੁਨੀਮਾਂ ਦੀ ਬਹੁਤ ਲੋੜ ਸੀ।
ਇਹਨਾਂ ਗਰੀਬ ਲੋਕਾਂ ਉੱਪਰ ਚਾਰ ਮਹੀਨੇ ਮੰਦੀ ਦੇ ਤਾਂ ਕੀ ਆ ਗਏ, ਅੱਜ-ਕੱਲ੍ਹ ਇਹਨਾਂ ਨੂੰ ਕੀੜੇ-ਮਕੌੜੇ ਹੀ ਸਮਝਿਆ ਜਾਣ ਲੱਗ ਪਿਆ ਹੈ। ਬਿਨਾਂ ਕੋਈ ਕਾਰਨ ਦੱਸੋ ਨੋਟਿਸ ਦਿੱਤਿਆਂ, ਇਹਨਾਂ ਨੂੰ ਕੰਮਾਂ-ਕਾਰਾਂ ਤੋਂ ਕੱਢਕੇ ਘਰਾਂ ਨੂੰ ਤੋਰਿਆ ਜਾ ਰਿਹਾ ਹੈ। ਕਈ ਵਿਚਾਰੇ ਤਾਂ ਕਈ-ਕਈ ਸਾਲਾਂ ਤੋਂ ਇਹਨਾਂ ਲੋਕਾਂ ਦੇ ਚਾਕਰੀ ਕਰਦੇ ਆ ਰਹੇ ਹਨ।
ਬੀ-ਟੈੱਕ, ਐੱਮ-ਟੈੱਕ, ਕਮਾਰਸ, ਟੈਲੀ, ਕੰਪਿਊਟਰ ਕੋਰਸ ਪਾਸ ਤੇ ਉੱਚ ਯੋਗਤਾ ਰੱਖਣ ਵਾਲੇ ਜਿਹੜੇ ਪ੍ਰਾਈਵੇਟ ਕਲਰਕ ਬਹੁਤ ਹੀ ਘੱਟ ਤਨਖ਼ਾਹਾਂ ਉੱਪਰ ਪੂਰਾ-ਪੂਰਾ ਸਾਲ ਪਾਈ-ਪਾਈ ਦਾ ਹਿਸਾਬ ਬਿਨਾਂ ਕਿਸੇ ਹੇਰਾ-ਫੇਰੀ ਤੋਂ ਕਰਕੇ, ਇਹਨਾਂ ਕਾਰੋਬਾਰੀਆਂ ਨੂੰ ਉੱਪਰ ਚੁੱਕਦੇ ਹਨ। ਉਹਨਾਂ ਨੂੰ ਇੱਕ ਮਿੰਟ ਵਿੱਚ ਇਹਨਾਂ ਮਾਲਕਾਂ ਨੇ ਵਿਹਲੇ ਦੱਸਕੇ ਘਰਾਂ ਦਾ ਰਸਤਾ ਵਿਖਾ ਦਿੱਤਾ ਹੈ।
ਬੀ.ਏ, ਬੀ.ਐੱਡ, ਐੱਮ.ਐਡ, ਐੱਮ.ਏ, ਤੇ ਅਧਿਆਪਕ ਯੋਗਤਾ ਟੈਸਟ ਪਾਸ ਇਹ ਅਧਿਆਪਕ ਜੋ ਪਹਿਲਾਂ ਹੀ ਬਹੁਤ ਘੱਟ ਤਨਖ਼ਾਹਾਂ ਤੇ ਕੰਮ ਕਰਕੇ ਆਪਣਾ ਘਰ ਮਸਾਂ ਤੋਰਦੇ ਹਨ ਪਿੱਛਲੇ ਮਹੀਨਿਆਂ ਤੋਂ ਇਹ ਵੀ ਸਕੂਲ ਮਾਲਕਾਂ, ਮਾਪਿਆਂ ਤੇ ਜਿਆਦਾ ਤਰ ਸਰਕਾਰੀ ਨੀਤੀਆਂ ਦੇ ਸ਼ਿਕਾਰ ਹੋਏ ਤਨਖ਼ਾਹਾਂ ਤੋਂ ਵਾਂਝੇ ਹੋਏ ਬੈਠੇ ਹਨ। ਜਰਾਂ ‘ਕੁ ਵੀ ਅਵਾਜ਼ ਕੱਢਣ ਤੇ ਛਾਂਟਾ- ਛਾਂਟੀ ਕਰਕੇ ਸਕੂਲ ਮਾਫੀਏ ਵੱਲੋਂ ਇਹਨਾਂ ਨੂੰ ਘਰ ਤੋਰ ਦਿੱਤਾ ਜਾਂਦਾ ਹੈ।
ਕਿੰਨੇ ਹੀ ਪ੍ਰਾਈਵੇਟ ਅਧਿਆਪਕ ਪਿਛਲੇ ਮਹੀਨਿਆਂ ਤੋਂ ਬਿਨਾਂ ਕਾਰਨ ਦੱਸੇ ਬਾਕੀ ਦੇ ਸਟਾਫ ਮੈਬਰਾਂ ਵਾਂਗ ਕੱਢੇ ਜਾ ਰਹੇ ਹਨ। ਕੀ ਇਹ ਅਧਿਆਪਕ ਇਕ ਮਾਂ-ਬਾਪ ਜਾਂ ਇੱਕ ਘਰ ਪਰਿਵਾਰ ਨਹੀਂ ਚਲਾ ਰਹੇ। ਕਿਰਤੀਆਂ ਵਾਂਗ ਸਭ ਤੋਂ ਵੱਧ ਮਾਨਸਿਕ ਪਰੇਸ਼ਾਨੀ ਵਿੱਚੋਂ ਇਹ ਪੜੀ-ਲਿਖੀ ਜਮਾਤ ਵੀ ਗੁਜਰ ਰਹੀ ਹੈ।ਜੇਕਰ ਇਹਨਾਂ ਨੌਜਵਾਨ ਪੜ੍ਹੇ-ਲਿਖੇ ਕਿਰਤੀਆਂ ਨੇ ਇਸ ਧੱਕੇਸ਼ਾਹੀ ਖ਼ਿਲਾਫ਼ ਬਗਾਵਤੀ ਸੁਰ ਅਖ਼ਤਿਆਰ ਕਰ ਲਿਆ ਅਤੇ ਕਲਮਾਂ ਚੁੱਕ ਲਈਆਂ ਤਾਂ ਨਤੀਜੇ ਭਿਆਨਕ ਹੋਣਗੇ ।
ਬਹੁਤੀਆਂ ਸਾਰੀਆਂ ਪ੍ਰਾਈਵੇਟ ਫੈਕਟਰੀਆਂ ਆਪਣਾ ਪੰਜਾਹ ਪ੍ਰਤੀਸ਼ਤ ਸਟਾਫ ਹੀ ਕੰਮ ਤੇ ਬੁਲਾ ਰਹੀਆਂ ਹਨ ਜਦਕਿ ਬਾਕੀ ਸਟਾਫ ਵਿਹਲਾ ਹੈ। ਹੋਰ ਬਹੁਤ ਸਾਰੇ ਅਦਾਰਿਆਂ ਨੇ ਪੰਜਾਹ ਪ੍ਰਤੀਸ਼ਤ ਤਨਖ਼ਾਹ ਤੇ ਹੀ ਆਪਣਿਆਂ ਕਾਮਿਆਂ ਦਾ ਖੂਨ ਪੀਤਾ ਹੋਇਆ ਹੈ।
ਪਤਾ ਨਹੀਂ ਸਰਕਾਰ ਕਿਹੜੀ ਸ਼ੀਤ ਨੀਂਦਰਾਂ ਵਿੱਚ ਸੁੱਤੀ ਪਈ ਹੈ। ਤੇ ਪਤਾ ਨਹੀਂ ਕਿਉਂ ਪ੍ਰਸਾਸ਼ਨ ਨੂੰ ਇਹਨਾਂ ਗਰੀਬ, ਪ੍ਰਾਈਵੇਟ, ਬੇਰੁਜ਼ਗਾਰ ਕੀਤੇ ਕਾਮਿਆਂ ਤੇ ਹੋ ਰਹੇ ਇਹ ਜ਼ੁਲਮ ਨਜ਼ਰ ਨਹੀਂ ਆ ਰਹੇ, ਪ੍ਰਸਾਸ਼ਨ ਦਾ ਹੁਕਮ ਸੀ ਕਿ ਕੋਈ ਵੀ ਵੱਡਾ ਉਦਯੋਗ,ਕਾਰਖਾਨਾ, ਸਿੱਖਿਆ-ਸੰਸਥਾਨ, ਪ੍ਰਾਈਵੇਟ ਬੈਂਕਾਂ ਆਪਣੇ ਮਜ਼ਦੂਰਾਂ-ਕਰਮੀਆਂ ਨੂੰ ਕੰਮ ਤੋਂ ਨਹੀਂ ਹਟਾਉਣਗੀਆਂ, ਉਹਨਾਂ ਨੂੰ ਸਮੇਂ ਸਿਰ ਤਨਖ਼ਾਹਾਂ ਦੇਣਗੀਆਂ, ਇਹ ਗੱਲਾਂ ਸਿਰਫ਼ ਅਖ਼ਬਾਰੀ ਸੁਰਖੀਆਂ ਬਣਕੇ ਹੀ ਰਹਿ ਗਈਆਂ ਹਨ।
ਪਤਾ ਨਹੀਂ ਇਹਨਾਂ ਹਜ਼ਾਰਾਂ ਬੇਰੁਜ਼ਗਾਰ ਕੀਤੇ ਮਜ਼ਦੂਰਾਂ ਦੀ ਕਦੋਂ ਸੁਣਵਾਈ ਹੋਵੇਗੀ । ਇਹ ਫਰਿਆਦ ਵੀ ਕਰਨ ਤਾਂ ਕਿਸ ਕੋਲ ਕਰਨ। ਸਭ ਸਰਕਾਰੀ ਬਾਬੂ ਵਿਹਲੇ ਬੈਠਕੇ ਤਨਖ਼ਾਹਾਂ ਪਾ ਰਹੇ ਹਨ।ਉਹ ਕੀ ਜਾਨਣ ਇਹਨਾਂ ਦੇ ਠੰਡੇ ਹੋਏ ਚੁੱਲ੍ਹਿਆਂ ਦਾ ਦਰਦ।
ਹਜ਼ਾਰਾਂ ਦੇ ਹਿਸਾਬ ਨਾਲ ਲੋਕ ਰੁਜ਼ਗਾਰ ਨਾ ਮਿਲਣ ਕਰਕੇ, ਜਾਂ ਰੋਜ਼ਗਾਰ ਤੋਂ ਬਿਨਾਂ ਨੋਟਿਸ ਦਿੱਤੇ ਹਟਾਏ ਜਾਣ ਕਰਕੇ ਆਪਣੇ ਘਰਾਂ ਵਿੱਚ ਚੁੱਪ-ਚਾਪ ਬੈਠੇ ਮਾਨਸਿਕ ਸ਼ੰਤਾਪ ਹੰਢਾ ਰਹੇ ਹਨ। ਉਹ ਪ੍ਰਸ਼ਾਸਨ ਕੋਲ ਵੀ ਕੀ ਗੁਹਾਰ ਲਗਾਉਂਣ, ਜੇਕਰ ਪ੍ਰਸ਼ਾਸਨ ਦਾ ਕੋਈ ਡਰ ਹੁੰਦਾ ਤਾਂ ਇਹ ਲੋਕ ਕਦੇ ਵੀ ਨੌਕਰੀ ਤੋਂ ਨਾ ਹਟਾਏ ਜਾਂਦੇ।
ਜੇਕਰ ਹੁਣ ਵੀ ਪ੍ਰਸ਼ਾਸਨ ਚੁੱਪ ਬੈਠਾ ਰਿਹਾ ਤਾਂ ਇਹ ਬਿਲਕੁਲ ਸਾਬਤ ਹੋ ਜਾਵੇਗਾ ‘ਕਿ ਪ੍ਰਸ਼ਾਸਨ ਬੋਲਾ ਤੇ ਸੀ ਹੀ ਪਰ ਨਾਲ ਹੀ ਅੰਨਾ ਵੀ ਹੋ ਗਿਆ ਹੈ। ਕਿੰਨੇ ਹੀ ਉੱਚ ਅਹੁਦਿਆਂ ਤੇ ਬੈਠੇ ਪੜੇ-ਲਿਖੇ ਨੌਜਵਾਨ ਅਫ਼ਸਰ ਪਤਾ ਨਹੀਂ ਕਦੋਂ ਇਸ ਵਰਤਾਰੇ ਤੇ ਆਪਣੀ ਚੁੱਪੀ ਤੋੜਣਗੇ। ਪਤਾ ਨਹੀਂ ਕਦੋਂ ਕੋਈ ਐਕਸ਼ਨ ਹੋਵੇਗਾ ,ਇਸ ਲੁੱਟ-ਖਸੁੱਟ ਖ਼ਿਲਾਫ਼। ਐਕਸ਼ਨ ਕਰਨ ਵਾਲਿਆਂ ਕੋਲ ਉਹੀ ਪੁਰਾਣਾ ਬਹਾਨਾ ਹੈ ਕਿ ‘ਸਾਡੇ ਕੋਲ ਕੋਈ ਸ਼ਿਕਾਇਤ ਹੀ ਨਹੀ ਆਈ।’ ਇਹ ਮਾਨਸਿਕ ਸ਼ੰਤਾਪ ਹੰਢਾ ਰਹੇ ਲੋਕ ਕੁਝ ਵੀ ਕਰਨ ਤੇ ਕਹਿਣ ਤੋਂ ਅਸਮਰੱਥ ਹਨ।
ਪ੍ਰਸ਼ਾਸਨ ਦੇ ਉੱਚ ਅਹੁਦਿਆਂ ਤੇ ਬਿਰਾਜਮਾਨ ਅਧਿਕਾਰੀਆਂ ਨੂੰ ਜਰੂਰ ਉਹਨਾਂ ਵੱਖ-ਵੱਖ ਵਿਭਾਗਾਂ ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ ਜਿਨ੍ਹਾਂ ਨੇ ਇਹਨਾਂ ਮਜ਼ਦੂਰਾਂ, ਕਰਮਚਾਰੀਆਂ ਨੂੰ ਬਿਨਾਂ ਕਾਰਨ ਦੱਸੇ, ਬਿਨਾਂ ਤਨਖ਼ਾਹ ਦਿੱਤੇ, ਕੰਮਾਂ ਤੋਂ ਹਟਾਇਆਂ ਹੈ।
ਕੰਮ ਤੋਂ ਹਟਾਕੇ ਘਰ ਬਿਠਾਏ ਇਹਨਾਂ ਮਜ਼ਦੂਰਾਂ ਦਾ ਚੁੱਲ੍ਹਾ ਕਿਵੇਂ ਤਪੇਗਾ,ਉਸਦੇ ਘਰ, ਬੱਚਿਆਂ ਤੇ ਹੋਰ ਖਰਚਿਆਂ ਤੱਕ ਕਿਸੇ ਦੀ ਨਜ਼ਰ ਨਹੀਂ ਜਾ ਰਹੀ। ਹਰ ਕੋਈ ਆਪੋ ਆਪਣੀਆਂ ਜੇਬਾਂ ਬਚਾਉਣ ਵਿੱਚ ਲੱਗਾ ਹੋਇਆ ਹੈ । ਕੁਝ ਕੁ ਚੰਗੇ ਲੋਕਾਂ ਨੂੰ ਛੱਡ ਦੇਈਏ ਪਰ ਬਾਕੀ ਦੇ ਇਹਨਾਂ ਸਾਰੇ ਅਦਾਰਿਆਂ ਉੱਪਰ ਕਾਨੂੰਨੀ ਕਾਰਵਾਈ ਕਰਨੀ ਲਾਜ਼ਮੀ ਬਣਦੀ ਹੈ। ਜਿਨਾਂ ਨੇ ਆਪਣੇ ਹਜ਼ਾਰਾਂ ਕਾਮਿਆਂ ਨੂੰ ਨੌਕਰੀਓਂ ਕੱਢਕੇ ਸੜਕਾਂ ਤੇ ਲਿਆ ਖੜੇ ਕੀਤਾ ਹੈ।
ਹਜ਼ਾਰਾਂ, ਛੋਟੇ-ਮੋਟੇ ਕੰਮ ਕਰਨ ਵਾਲੇ ਲੋਕ ਅੱਜ-ਕੱਲ੍ਹ ਪਾਈ-ਪਾਈ ਨੂੰ ਮੁਹਤਾਜ ਇਸ ਲੋਟੂ ਜਮਾਤ ਕਰਕੇ ਹੀ ਹੋਏ ਹਨ। ਜੇਕਰ ਇਹਨਾਂ ਬੇਰੁਜ਼ਗਾਰ ਕੀਤੇ ਗਏ ਲੋਕਾਂ ਵੱਲ ਸਰਕਾਰਾਂ ਦੀ ਨਜ਼ਰ ਹੁਣ ਵੀ ਨਹੀਂ ਗਈ ਤਾਂ, ਇਹ ਲੋਕ ਪ੍ਰਾਈਵੇਟ ਅਦਾਰਿਆਂ ਤੇ ਸਰਕਾਰਾਂ ਦੇ ਖ਼ਿਲਾਫ਼ ਜਲਦੀ ਹੀ ਪੁਤਲੇ ਫੂਕਣਗੇ ਤੇ ਪਿੱਟ ਸਿਆਪਾ ਕਰਨਗੇ।
ਸੋ ਅੱਜ ਸਮੇਂ ਦੀ ਲੋੜ ਅਨੁਸਾਰ ਸਰਕਾਰਾਂ ਤੇ ਪ੍ਰਾਈਵੇਟ ਸੰਸਥਾਵਾ ਨੂੰ ਇਹਨਾਂ ਕਾਮਿਆਂ ਨੂੰ ਗਲ ਲਾਉਣਾ ਚਾਹੀਦਾ ਹੈ ਨਾ ਕਿ ਗਲੋਂ ਲਾਹੁਣਾ ਚਾਹੀਦਾ ਹੈ। ਸਮਾਂ ਬਹੁਤ ਬਲਵਾਨ ਹੈ ਇਹ ਮਾੜਾ ਵਕਤ ਵੀ ਗੁਜਰ ਜਾਵੇਗਾ। ਇਹੀ ਲੋਕ ਮੁੜ ਤੋਂ ਕੰਮਾਂ ਤੇ ਪਰਤ ਕੇ ਇਹਨਾਂ ਸੰਸਥਾਵਾਂ ਦੇ ਬਾਰੇ-ਨਿਆਰੇ ਕਰਨਗੇ ਅੱਜ ਮੁਸ਼ਕਿਲ ਦੀ ਘੜੀ ਵਿੱਚ ਇਹਨਾਂ ਮਜ਼ਦੂਰਾਂ ਦਾ ਸਭ ਨੂੰ ਸਾਥ ਦੇਣਾ ਚਾਹੀਦਾ ਹੈ।
ਜਿਵੇਂ ਕਿ ਅੱਜ-ਕੱਲ੍ਹ ਗਰੀਬ ਲੋਕਾਂ ਦੀ ਹਰ ਪਾਸਿਓ ਮਦਦ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਨੇ ਲੋਕਾਂ ਅੱਗੇ ਚੰਗੇ ਕੰਮ ਕਰਕੇ ਜੋ ਇਤਿਹਾਸ ਰਚਿਆ ਹੈ, ਉਹ ਆਉਣ ਵਾਲੇ ਸਮੇਂ ਲਈ ਪ੍ਰੇਰਨਾ ਸਰੋਤ ਬਣੇਗਾ। ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਚਲਾਏ ਜਾ ਰਹੇ ਦਵਾਈਆਂ, ਕੱਪੜੇ, ਰਾਸ਼ਣ ਦੇ ਮੋਦੀ ਖਾਨੇ ਕਾਬਲੇ-ਤਾਰੀਫ ਹਨ। ਆਓ ਚੰਗੇ ਲੋਕਾਂ ਤੋਂ ਸਿੱਖਿਆ ਲੈਕੇ ਕਿਰਤੀ ਕਾਮਿਆ ਦੀ ਬਾਂਹ ਫੜੀਏ ਤੇ ਸਮਾਜ ਵਿੱਚ ਅਮਨ, ਏਕਤਾ, ਤੇ ਬਰਾਬਰਤਾ ਨੂੰ ਬਰਕਰਾਰ ਰੱਖੀਏ ਅਤੇ ਸਮਾਜ ਨੂੰ ਨਵੀਆਂ ਰਾਹਾਂ ਤੇ ਤੋਰੀਏ।
ਸੰਦੀਪ ਸਿੰਘ ‘ਬਖੋਪੀਰ’
ਸਪੰਰਕ :- 9815321017