ਕਾਠਮੰਡੂ (ਸਮਾਜਵੀਕਲੀ) : ਨੇਪਾਲ ਦੀ ਸੱਤਾਧਿਰ ਕਮਿਊਨਿਸਟ ਪਾਰਟੀ ਵਲੋਂ ਪ੍ਰਧਾਨ ਮੰਤਰੀ ਓ.ਪੀ. ਸ਼ਰਮਾ ਓਲੀ ਦੇ ਸਿਆਸੀ ਭਵਿੱਖ ਬਾਰੇ ਫ਼ੈਸਲਾ ਲੈਣ ਸਬੰਧੀ ਬੈਠਕ ਮੁੜ ਮੁਲਤਵੀ ਕਰ ਦਿੱਤੀ ਗਈ ਹੈ। ਇਸ ਵਾਰ ਇਹ ਬੈਠਕ ਇੱਕ ਹਫ਼ਤੇ ਲਈ ਮੁਲਤਵੀ ਕੀਤੀ ਗਈ ਹੈ ਅਤੇ ਇਸ ਦਾ ਕਾਰਨ ਮੁਲਕ ਵਿੱਚ ਆਏ ਹੜ੍ਹਾਂ ਨੂੰ ਦੱਸਿਆ ਗਿਆ ਹੈ।
ਦੱਸਣਯੋਗ ਹੈ ਕਿ ਓਲੀ ਦੇ ਕੰਮ ਕਰਨ ਦੇ ਢੰਗ ਕਾਰਨ ਅਤੇ ਭਾਰਤ-ਵਿਰੋਧੀ ਬਿਆਨਬਾਜ਼ੀ ਕਾਰਨ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ। ਨੇਪਾਲ ਕਮਿਊਨਿਸਟ ਪਾਰਟੀ (ਐੱਨਸੀਪੀ) ਦੀ 45 ਮੈਂਬਰੀ ਤਾਕਤਵਰ ਸਥਾਈ ਕਮੇਟੀ ਦੀ ਬੈਠਕ ਸ਼ੁੱਕਰਵਾਰ ਨੂੰ ਰੱਖੀ ਗਈ ਸੀ। ਐੱਨਸੀਪੀ ਦੇ ਤਰਜਮਾਨ ਨਰਾਇਣ ਕਾਜੀ ਸ਼ੇਰਠ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੀਟਿੰਗ ਮੁਲਤਵੀ ਕੀਤੀ ਗਈ ਹੈ ਕਿਉਂਕਿ ਮੁਲਕ ਵਿੱਚ ਹੜ੍ਹਾਂ ਦੀ ਸਥਿਤੀ ਦੌਰਾਨ ਪਾਰਟੀ ਵਲੋਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਸਹਿਯੋਗ ਦਿੱਤਾ ਜਾ ਰਿਹਾ ਹੈ।