ਮੌੜ ਮੰਡੀ (ਸਮਾਜਵੀਕਲੀ) : ਨੇੜਲੇ ਪਿੰਡ ਮੌੜ ਕਲਾਂ ਦੇ ਪਾਰਕ ਵਿਚੋਂ ਬੀਤੀ ਰਾਤ ਅਗਵਾ ਕੀਤੇ ਨੌਜਵਾਨ ਦੀ ਲਾਸ਼ ਅੱਜ ਇੱਥੋਂ ਲੰਘਦੀ ਕੋਟਲਾ ਬ੍ਰਾਂਚ ਨਹਿਰ ਵਿਚੋਂ ਮਿਲੀ। ਜਾਣਕਾਰੀ ਅਨੁਸਾਰ ਅਮਨਿੰਦਰ ਸਿੰਘ ਮੰਜਾ (35) ਪੁੱਤਰ ਸੁਖਚੰਦ ਸਿੰਘ ਵਾਸੀ ਮੌੜ ਕਲਾਂ ਹਾਲ ਅਬਾਦ ਮੌੜ ਮੰਡੀ ਬੀਤੀ ਰਾਤ ਆਪਣੇ ਸਾਥੀਆਂ ਨਾਲ ਕਰੀਬ 9 ਵਜੇ ਰੁੱਘੂ ਪੱਤੀ ਮੌੜ ਕਲਾਂ ਦੇ ਪਾਰਕ ’ਚ ਬੈਠਾ ਸੀ।
ਇਸ ਮੌਕੇ ਕੁਝ ਵਿਅਕਤੀ ਕਿਰਪਾਨਾਂ ਨਾਲ ਲੈਸ ਹੋ ਕੇ ਪਾਰਕ ’ਚ ਪਹੁੰਚੇ ਅਤੇ ਅਮਨਿੰਦਰ ਸਿੰਘ ਨੂੰ ਅਗਵਾ ਕਰ ਲਿਆ। ਇਸ ਦੀ ਜਾਣਕਾਰੀ ਥਾਣਾ ਮੌੜ ਨੂੰ ਦਿੱਤੀ ਗਈ ਤਾਂ ਪੁਲੀਸ ਨੇ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ। ਅੱਜ ਸਵੇਰੇ ਅਮਨਿੰਦਰ ਸਿੰਘ ਮੰਜਾ ਦੀ ਲਾਸ਼ ਕੋਟਲਾ ਬ੍ਰਾਂਚ ਨਹਿਰ ’ਚ ਪਿੰਡ ਮੌੜ ਚੜ੍ਹਤ ਸਿੰਘ ਕੋਲ ਤੈਰਦੀ ਵੇਖੀ ਗਈ।
ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਤਲਵੰਡੀ ਸਾਬੋ ਭੇਜ ਦਿੱਤੀ ਹੈ। ਘਟਨਾ ਸਥਾਨ ’ਤੇ ਪਹੁੰਚੇ ਡੀਐੱਸਪੀ ਮੌੜ ਰਛਪਾਲ ਸਿੰਘ ਨੇ ਦੱਸਿਆ ਕਿ ਅਮਨਿੰਦਰ ਸਿੰਘ ਦੇ ਸਿਰ ’ਤੇ ਜ਼ਖ਼ਮ ਸਨ ਅਤੇ ਪੁਲੀਸ ਵੱਲੋਂ ਊਸ ਦੀ ਮਾਤਾ ਬਲਵੀਰ ਕੌਰ ਦੇ ਬਿਆਨਾਂ ਦੇ ਅਾਧਾਰ ’ਤੇ ਪਿੰਡ ਦੇ ਕੁਝ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਕਿਹਾ ਕਿ ਮ੍ਰਿਤਕ ਵਿਅਕਤੀ ਖ਼ਿਲਾਫ਼ ਥਾਣਾ ਮੌੜ ਵਿਚ ਮਾਮਲਾ ਦਰਜ ਹੈ। ਊਸ ਦਾ 10 ਕੁ ਦਿਨ ਪਹਿਲਾਂ ਕੁਝ ਲੋਕਾਂ ਨਾਲ ਝਗੜਾ ਹੋਇਆ ਸੀ। ਪੁਲੀਸ ਵੱਲੋਂ ਇਸ ਮਾਮਲੇ ਵਿੱਚ ਮੰਗਾ ਸਿੰਘ ਪੁੱਤਰ ਪੀਤੂ ਸਿੰਘ, ਖਰਾਜੀ ਸਿੰਘ ਪੁੱਤਰ ਅਮਰਜੀਤ ਸਿੰਘ, ਸੁਖਬੀਰ ਸਿੰਘ ਸੋਨੀ ਅਤੇ ਲਖਵੀਰ ਸਿੰਘ ਦੋਵੇਂ ਪੁੱਤਰ ਸ਼ਾਮ ਸਿੰਘ ਸਾਰੇ ਵਾਸੀ ਮੌੜ ਕਲਾਂ ਖ਼ਿਲਾਫ਼ ਧਾਰਾ 302 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।