ਟੱਲੇਵਾਲ (ਸਮਾਜਵੀਕਲੀ) : ਪਾਣੀ ਅਤੇ ਖ਼ਰਚੇ ਦੀ ਬੱਚਤ ਲਈ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਦਿੱਤੀ ਗਈ ਤਰਜੀਹ ਉਨ੍ਹਾਂ ਲਈ ਘਾਟੇ ਦਾ ਸੌਦਾ ਸਾਬਤ ਹੋ ਰਹੀ ਹੈ। ਵੱਖ ਵੱਖ ਪੱਖਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਾਮਯਾਬ ਨਾ ਹੋ ਸਕਣ ਕਰਕੇ ਕਿਸਾਨਾਂ ਵੱਲੋਂ ਖੇਤ ਵਾਹ ਕੇ ਮੁੜ ਰਵਾਇਤੀ ਢੰਗ ਨਾਲ ਕੱਦੂ ਕਰਕੇ ਝੋਨਾ ਬੀਜਿਆ ਜਾ ਰਿਹਾ ਹੈ। ਇਸ ਕਾਰਨ ਕਿਸਾਨਾਂ ਨੂੰ ਦੋਹਰੇ ਖ਼ਰਚੇ ਝੱਲਣੇ ਪੈ ਰਹੇ ਹਨ।
ਬਰਨਾਲਾ ਜ਼ਿਲ੍ਹੇ ਵਿੱਚ ਇਸ ਵਾਰ 20 ਹਜ਼ਾਰ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ। ਕਰੋਨਾ ਕਾਰਨ ਲੱਗੀ ਤਾਲਾਬੰਦੀ ਕਰਕੇ ਝੋਨਾ ਲਗਾਉਣ ਲਈ ਮਜ਼ਦੂਰਾਂ ਦੀ ਵੱਡੀ ਘਾਟ ਰੜਕੀ ਤਾਂ ਬਹੁਤੇ ਕਿਸਾਨ ਸਿੱਧੀ ਬਿਜਾਈ ਵੱਲ ਖਿੱਚੇ ਗਏ। ਇਹ ਤਕਨੀਕ ਕਾਮਯਾਬ ਨਾ ਹੋਣ ਕਰਕੇ ਕਿਸਾਨਾਂ ਵੱਲੋਂ ਅੱਧੇ ਤੋਂ ਵੱਧ ਰਕਬੇ ’ਚੋਂ ਝੋਨਾ ਵਾਹਿਆ ਜਾ ਚੁੱਕਾ ਹੈ।
ਪਿੰਡ ਚੀਮਾ ਵਿੱਚ 300 ਏਕੜ ਦੇ ਕਰੀਬ ਸਿੱਧੀ ਬਿਜਾਈ ਰਾਹੀਂ ਝੋਨਾ ਲਗਾਇਆ ਗਿਆ ਸੀ, ਜਿਸ ’ਚੋਂ 250 ਏਕੜ ਝੋਨਾ ਵਾਹ ਦਿੱਤਾ ਗਿਆ ਹੈ। ਮੱਲੀਆਂ ਵਿੱਚ 250 ਏਕੜ ਦੇ ਕਰੀਬ ਰਕਬੇ ’ਚੋਂ 80 ਫ਼ੀਸਦੀ ਅਤੇ ਗਾਗੇਵਾਲ ਵਿੱਚ 50 ਏਕੜ ’ਚੋਂ 25 ਏਕੜ ਸਿੱਧੀ ਬਿਜਾਈ ਵਾਲਾ ਝੋਨਾ ਵਾਹੁਣਾ ਪਿਆ। ਭੋਤਨਾ, ਬੀਹਲਾ, ਗਹਿਲ ਵਿੱਚ ਵੀ ਸਿੱਧੀ ਬਿਜਾਈ ਵਾਲੇ ਬਹੁ ਗਿਣਤੀ ਕਿਸਾਨਾਂ ਨੇ ਝੋਨਾ ਵਾਹ ਦਿੱਤਾ ਹੈ।
ਚੀਮਾ ਦੇ ਕਿਸਾਨ ਕੇਵਲ ਸਿੰਘ ਨੇ 20 ’ਚੋਂ 20 ਏਕੜ ਝੋਨਾ ਹੀ ਵਾਹ ਦਿੱਤਾ ਹੈ। ਉਸ ਨੇ ਦੱਸਿਆ ਕਿ ਸਿੱਧੀ ਬਿਜਾਈ ਵਾਲੇ ਝੋਨੇ ’ਚ ਉਹ 4 ਸਪਰੇਆਂ ਕਰ ਚੁੱਕਾ ਹੈ, ਪਰ ਨਦੀਨ ਖ਼ਤਮ ਨਹੀਂ ਹੋਏ। ਮੱਲੀਆਂ ਦੇ ਕਿਸਾਨ ਕੁਲਵੰਤ ਸਿੰਘ ਨੇ ਦੱਸਿਆ ਕਿ ਉਸ ਨੇ 45 ਏਕੜ ’ਚੋਂ 30 ਏਕੜ ਝੋਨਾ ਵਾਹ ਦਿੱਤਾ ਹੈ। ਬਹੁਤੇ ਰਕਬੇ ’ਚ ਬੀਜ ਨੂੰ ਚੂਹੇ ਖਾ ਗਏ, ਜਿਸ ਕਰਕੇ ਅੱਧੇ ਤੋਂ ਵੱਧ ਰਕਬੇ ’ਚ ਬੀਜ ਹਰਾ ਨਹੀਂ ਹੋਇਆ।
ਕਿਸਾਨ ਦਰਸ਼ਨ ਸਿੰਘ ਨੇ ਦੱਸਿਆ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਲੋੜ ਅਨੁਸਾਰ ਮਸ਼ੀਨਾਂ ਅਤੇ ਬਿਜਲੀ ਸਪਲਾਈ ਨਹੀਂ ਮਿਲੀ। ਨਦੀਨਾਂ ਅਤੇ ਚੂਹਿਆਂ ਦੀ ਸਮੱਸਿਆ ਨੇ ਹੋਰ ਮਾਰ ਪਾ ਦਿੱਤੀ। ਇਸ ਕਰਕੇ ਕਿਸਾਨਾਂ ਨੂੰ ਸਿੱਧੀ ਬਿਜਾਈ ਵਾਲਾ ਝੋਨਾ ਵਾਹੁਣਾ ਪਿਆ ਹੈ। ਉਨ੍ਹਾਂ ਕਿਹਾ ਕਿ ਬੀਜ, ਵਾਹੀ, ਮਸ਼ੀਨ ਦਾ ਕਿਰਾਇਆ ਅਤੇ ਸਪਰੇਆਂ ਕਾਰਨ ਕਿਸਾਨਾਂ ਨੂੰ ਪ੍ਰਤੀ ਏਕੜ 5 ਹਜ਼ਾਰ ਰੁਪਏ ਵਧੇਰੇ ਖ਼ਰਚੇ ਦੀ ਮਾਰ ਝੱਲਣੀ ਪਈ ਹੈ।