ਮਨੁੱਖ ਦੀਆਂ ਸਰੀਰਕ ਤੇ ਮਾਨਸਿਕ ਭੁੱਖਾਂ

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ

 

(ਸਮਾਜ ਵੀਕਲੀ)

ਹਰ ਮਨੁੱਖ ਦੀਆ ਬੁਨਿਆਦੀ ਤੌਰ ‘ਤੇ ਦੋ ਤਰਾਂ ਦੀਆ ਲੋੜਾਂ ਹੁੰਦੀਆਂ ਹਨ ਜਿਹਨਾ ਨੂੰ ਸਰੀਰਕ ਕੇ ਮਾਨਸਿਕ ਲੋੜਾਂ ਦੀ ਸ਼੍ਰੇਣੀ ਵਿੱਚ ਵੰਡਿਆ ਜਾ ਸਕਦਾ ਹੈ । ਇਹਨਾਂ ਦੋਹਾਂ ਤਰਾਂ ਦੀਆ ਲੋੜਾਂ ਨੂੰ ਅੱਗੋਂ ਫਿਰ ਦੋ ਦੋ ਹਿੱਸਿਆ ਵਿੱਚ ਵੰਡਿਆ ਦਾ ਸਕਦਾ ਹੈ । ਸਰੀਰਕ ਲੋੜਾਂ ਵਿੱਚ ਪੇਟ ਦੀ ਭੁੱਖ ਅਤੇ ਕਾਮ ਦੀ ਭੁੱਖ ਆ ਜਾਂਦੀ ਹੈ ਜਦ ਕਿ ਮਾਨਸਿਕ ਭੁੱਖ ਵਿੱਚ ਪੈਸੇ ਅਤੇ ਸ਼ੋਹਰਤ ਦੀ ਭੁੱਖ ਆ ਜਾਂਦੀ ਹੈ । ਦੋਵੇਂ ਤਰਾਂ ਦੀਆਂ ਸਰੀਰਕ ਭੁੱਖਾਂ ਬੇਸ਼ੱਕ ਕੁਦਰਤੀ ਹਨ, ਪਰ ਇਹਨਾਂ ਵਿੱਚੋਂ ਇਕ ਦੀ ਪੂਰਤੀ ਵਾਸਤੇ ਮਨੁੱਖ ਵੱਲੋਂ ਜਾਹਿਰਾ ਤੌਰ ‘ਤੇ ਉਪਰਾਲੇ ਕੀਤੇ ਜਾਂਦੇ ਹਨ ਤੇ ਦੂਜੀ ਦੀ ਪੂਰਤੀ ਵਾਸਤੇ ਗੁਪਤੀ । ਦੋਵੇਂ ਤਰਾਂ ਦੀਆ ਸ਼ਰੀਰਕ ਭੁੱਖਾਂ ਦੀ ਪੂਰਤੀ/ ਅਪੂਰਤੀ ਜਾ ਤਿ੍ਰਪਤੀ/ ਅਤਿ੍ਰਪਤੀ ਦੋਵੇਂ ਤਰਾਂ ਦੀਆ ਮਾਨਸਿਕ ਭੁੱਖਾ ਨੂੰ ਬਹੁਤ ਪਰਭਾਵਤ ਕਰਦੀ ਹੈ ਕਿਉਂਕਿ ਸਰੀਰਕ ਭੁੱਖ ਦੀ ਪੂਰਤੀ ਬਿਨਾ ਮਾਨਸਿਕ ਭੁੱਖ ਦੀ ਪੂਰਤੀ ਦੀ ਕਲਪਨਾ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ । ਸ਼ਾਇਦ ਸਿਆਣੇ ਇਸੇ ਕਰਕੇ ਹੀ ਕਹਿੰਦੇ ਹਨ ਕਿ ਪੇਟ ਨਾ ਪਈਆਂ ਰੋਟੀਆ ਕੇ ਸਭੇ ਗੱਲਾਂ ਖੋਟੀਆਂ । ਇਹ ਵੀ ਕਿਹਾ ਜਾਂਦਾ ਹਾ ਕਿ ਜੇਕਰ ਭੁੱਖੇ ਨੂੰ ਕੋਈ ਸਵਾਲ ਪਾਇਆ ਜਾਵੇ ਤਾਂ ਉਸ ਦਾ ਉੱਤਰ ਘੁੰਮ ਘੁਮਾਕੇ ਦੋ ਰੋਟੀਆਂ ਹੀ ਹੁੰਦਾ ਹੈ । ਕੁੱਲੀ, ਗੁੱਲੀ ਤੇ ਜੁੱਲੀ ਦਾ ਜੁਗਾੜ ਕਰਨਾ ਇਸੇ ਭੁੱਖ ਦੀ ਪੂਰਤੀ ਦਾ ਮੁੱਢਲਾ ਹਿੱਸਾ ਹੁੰਦਾ ਹੈ । ਏਹੀ ਕਾਰਨ ਹੈ ਕਿ ਜਿਸ ਵਿਅਕਤੀ ਦੀਆ ਸਰੀਰਕ ਭੁੱਖਾਂ ਦੀ ਪੂਰਤੀ ਹੋ ਜਾਂਦੀ ਹੈ, ਉਸ ਵਿੱਚ ਪਹਿਲਾਂ ਸੰਤੁਸ਼ਟੀ ਪੈਦਾ ਹੁੰਦੀ ਹੈ, ਫਿਰ ਆਲਸ ਤੇ ਹੰਕਾਰ ਰਲਕੇ ਉਸ ਦੇ ਸਰੀਰ ਚ ਵਿਕਾਰ ਪੈਦਾ ਕਰਦੇ ਹਨ । ਇਸੇ ਤਰਾਂ ਕਾਮ ਭੁੱਖ ਦੀ ਪੂਰਤੀ ਜਾਂ ਅਪੂਰਤੀ ਮਨੁੱਖ ਵਿੱਚ ਕਈ ਤਰਾਂ ਦੇ ਮਾਨਸਿਕ ਵਿਕਾਰ ਪੈਦਾ ਕਰਦੀ ਹੈ । ਜਿਸ ਮਨੁੱਖ ਦੀ ਕਾਮ ਭੁੱਖ ਪੂਰਤੀ ਹੁੰਦੀ ਰਹਿੰਦੀ ਹੈ ਉਸ ਦੇ ਅੰਦਰ ਲੋਭ, ਮੋਹ ਅਤੇ ਹੰਕਾਰ ਦਾ ਪੈਦਾ ਹੋਣਾ ਕੁਦਰਤੀ ਹੁੰਦਾ ਹੈ । ਇਸੇ ਤਰਾਂ ਜੋ ਮਨੁੱਖ ਕਾਮੁਕ ਤੌਰ ‘ਤੇ ਅਤਿ੍ਰਪਤ ਹੋਵੇਗਾ, ਉਸ ਦੇ ਅੰਦਰ ਕਰੋਧ ਦੇ ਨਾਲ ਨਾਲ ਮਾਨਸਿਕ ਅਸਾਵਾਂਪਨ ਤੇ ਅਸਹਿਜ ਵਿਵਹਾਰਕ ਤਬਦੀਲੀ ਪੈਦਾ ਹੋਵੇਗੀ ਜੋ ਕਿ ਸੰਬੰਧਿਤ ਮਨੁੱਖ ਦੇ ਵਿਵਹਾਰ ਨੂੰ ਆਮ ਸਧਾਰਨ ਵਿਹਾਰ ਨਾਲ਼ੋਂ ਵੱਖਰਾ ਕਰ ਦੇਵੇਗੀ । ਕਾਮੁਕ ਅਪੂਰਤੀ ਦਾ ਮਾਨਸਿਕ ਦਬਾਅ ਕਈ ਵਾਰ ਕਿਸੇ ਵਿਅਕਤੀ ਨੂੰ ਅਭੱਦਰ ਵਿਵਹਾਰ ਕਰਨ ਵਾਸਤੇ ਵੀ ਮਜਬੂਰ ਕਰਦਾ ਹੈ ਤੇ ਕਈ ਵਾਰ ਅਜਿਹੀ ਕਿਸਮ ਦੇ ਵਿਅਕਤੀ ਇਸੇ ਤਰਾਂ ਦੇ ਦਬਾਅ ਚ ਵਿਚਰਦਿਆਂ ਕੋਈ ਵੱਡਾ ਅਪਰਾਧ ਵੀ ਕਰ ਬੈਠਦੇ ਹਨ ।

ਸੋ ਉਪਰਲੀ ਚਰਚਾ ਤੋਂ ਇਹ ਗੱਲ ਬਿਲਕੁਲ ਸ਼ਪੱਸ਼ਟ ਹੋ ਜਾਂਦੀ ਹੈ ਕਿ ਸਰੀਰਕ ਤੇ ਮਾਨਸਿਕ ਦੋਵੇਂ ਤਰਾਂ ਦੀਆ ਭੁੱਖਾ ਆਪਸ ਵਿੱਚ ਇਕ ਦੂਸਰੇ ਨਾਲ ਅੰਤਰ ਸੰਬੰਧਿਤ ਹਨ, ਇਕ ਦੂਸਰੇ ਦੀਆਂ ਪੂਰਕ ਹਨ ਤੇ ਇਹਨਾਂ ਦਾ ਆਪਸੀ ਤੌਰ ਤੇ ਇਕ ਦੂਸਰੇ ਨਾਲ ਅਨਿੱਖੜਵਾਂ ਸੰਬੰਧ ਹੁੰਦਾ ਹੈ । ਏਹੀ ਕਾਰਨ ਹੈ ਮਨੁੱਖੀ ਮਾਨਸਿਕਤਾ ਸਭ ਤੋਂ ਪਹਿਲਾਂ ਪਦਾਰਥਾ ਨੂੰ ਇਕੱਤਰ ਕਰਨ ਵੱਲ ਦੌੜਦੀ ਹੈ । ਅਜਿਹਾ ਕਰਨ ਦੇ ਪਿੱਛੇ ਹਰ ਮਨੁੱਖ ਦੀ ਇਕ ਹੀ ਸੋਚ ਕੰਮ ਕਰ ਰਹੀ ਹੁੰਦੀ ਹੈ ਕਿ ਪਦਾਰਥਾੰ ਦੇ ਭੰਡਾਰ ਜਮਾਂ ਕਰ ਲੈਣ ਨਾਲ ਪੇਟ ਦੀ ਭੁੱਖ ਪੂਰਤੀ ਦੀ ਚਿੰਤਾ ਨਹੀਂ ਰਹੇਗੀ, ਕਾਮ ਪੂਰਤੀ ਦੇ ਵਸੀਲੇ ਵੀ ਸੌਖਿਆਂ ਹੀ ਪ੍ਰਾਪਤ ਹੋ ਸਕਣਗੇ, ਪੈਸੇ ਦੀ ਭੁੱਖ ਵੀ ਸ਼ਾਂਤ ਹੋ ਜਾਵੇਗੀ ਤੇ ਬਾਕੀ ਰਹੀ ਸਮਾਜਕ ਸ਼ੌਹਰਤ ਦੀ ਭੁੱਖ, ਜਿਸ ਦੀਆਂ ਤਿੰਨ ਭੁੱਖਾਂ ਪੂਰੀਆ ਹੋ ਗਈਆ, ਉਸ ਦੀ ਚੌਥੀ ਭੁੱਖ ਦੀ ਪੂਰਤੀ ਬਹੁਤ ਸੌਖਿਆ ਹੀ ਪੂਰੀ ਹੋ ਜਾਵੇਗੀ ਕਿਉਂਕਿ ਸਿਆਣੇ ਕਹਿੰਦੇ ਹਨ ਕਿ ਜਿਸ ਦੀ ਕੋਠੀ ਵਿੱਚ ਦਾਣੇ ਉਸਦੇ ਕਮਲੇ ਵੀ ਸਿਆਣੇ । ਪੈਸੇ ਵਾਲਾ ਬੇਸ਼ੱਕ ਸਿਰੇ ਦਾ ਕਮਲਾ, ਮੂਰਖ ਤੇ ਉਜੱਡ ਵੀ ਹੋਵੇ ਤਦ ਵੀ ਉਸ ਨੂੰ ਝੁਕ ਝੁਕ ਕੇ ਸਲਾਮਾਂ ਹੁੰਦੀਆਂ ਹਨ ।

ਇਥੇ ਇਕ ਗੱਲ ਹੋਰ ਜ਼ਿਕਰ ਕਰਨੀ ਬਹੁਤ ਜ਼ਰੂਰੀ ਹੈ ਕਿ ਉੱਪਰ ਦੋ ਤਰਾਂ ਦੀਆਂ ਸਰੀਰਕ ਤੇ ਮਾਨਸਿਕ ਦਾ ਜੋ ਚਾਰ ਭਾਗਾਂ ਵਿੱਚ ਵਰਗੀਕਰਨ ਕੀਤਾ ਗਿਆ ਹੈ, ਉਹਨਾਂ ਨੂੰ ਜ਼ਰਾ ਨੀਝ ਨਾਲ ਦੇਖਿਆ ਜਾਵੇ ਤਾਂ ਅਸਲ ਵਿੱਚ ਚਾਰੇ ਤਰਾਂ ਦੀਆ ਉਕਤ ਭੁੱਖਾਂ ਅਸਲ ਵਿੱਚ ਸਰੀਰਕ ਭੁੱਖਾ ਵਜੋਂ ਹੀ ਸਾਹਮਣੇ ਆਂਉਦੀਆਂ ਹਨ, ਜਿਸ ਦੀ ਅਸਲ ਵਜਹ ਇਹ ਹੈ ਕਿ ਮਾਨਸਿਕਤਾ ਵੀ ਮਨੁੱਖੀ ਸਰੀਰ ਦਾ ਹੀ ਇਕ ਹਿੱਸਾ ਹੈ । ਕਿਸੇ ਮਨੁੱਖ ਦੀ ਸੋਚ ਜਿੱਥੇ ਉਸ ਦੇ ਘਰੇਲੂ ਮਾਹੌਲ ਤੇ ਆਲੇ ਦੁਆਲੇ ਦੇ ਵਾਤਾਵਰਨ ਤੋਂ ਬਹੁਤ ਪਰਭਾਵਤ ਹੁੰਦੀ ਹੈ, ਉੱਥੇ ਉਸ ਉੱਪਰ ਸਰੀਰ ਜਿੰਦਾ ਰੱਖਣ ਵਾਸਤੇ ਖਾਧੇ ਜਾਣ ਵਾਲੇ ਭੋਜ ਪਦਾਰਥਾਂ ਦਾ ਵੀ ਚੰਗਾ ਜਾਂ ਮਾੜਾ ਅਸਰ ਹੁੰਦਾ ਹੈ । ਕਹਿਣ ਦਾ ਭਾਵ ਇਹ ਕਿ ਮਨੁੱਖੀ ਸੋਚ ਅਤੇ ਵਿਵਹਾਰ ਵਿੱਚ ਸ਼ੁੱਧਤਾ ਜਾਂ ਗੰਦਗੀ ਪੇਟ ਵਿੱਚ ਜਾਣ ਵਾਲੇ ਖਾਧ ਪਦਾਰਥਾਂ ਨਾਲ ਵੀ ਜੁੜੀ ਹੁੰਦੀ ਹੈ । ਮਿਸਾਲ ਵਜੋਂ ਸ਼ਾਕਾਹਾਰੀ ਲੋਕ ਆਮ ਤੌਰ ‘ਤੇ ਮਾਸਾਹਾਰੀਆ ਨਾਲ਼ੋਂ ਵਧੇਰੇ ਸਹਿਜ ਤੇ ਚਿੰਤਕ ਕਿਸਮ ਦੇ ਹੁੰਦੇ ਜਦ ਕਿ ਮਾਸਾਹਾਰੀਆ ਦੀ ਬਹੁ ਗਿਣਤੀ ਮਾਨਸਿਕ ਪੱਖੋਂ ਤਲਖ, ਅਸੰਤੁਲਿਤ ਤੇ ਊਲਾਰ ਬਿਰਤੀ ਵਾਲੀ ਹੁੰਦੀ ਹੈ । ਦਰਅਸਲ ਇਹ ਖਾਧ ਪਦਾਰਥਾਂ ਦੀ ਸਰੀਰ ਵਿਚਲੀ ਕੈਮੀਕਲ ਪ੍ਰਤਿਕਿਰਿਆ ਦਾ ਨਤੀਜਾ ਹੀ ਹੁੰਦਾ ਹੈ ਜੋ ਕਿਸੇ ਮਨੁੱਖ ਦੀ ਤਾਸੀਰ ਤੇ ਵਿਵਹਾਰ ਰਾਹੀਂ ਪ੍ਰਗਟ ਹੁੰਦਾ ਹੈ ।

ਸਮੁੱਚੀ ਚਰਚਾ ਤੋਂ ਇਸ ਨਤੀਜੇ ‘ਤੇ ਪਹੰਚਿਆ ਜਾ ਸਕਦਾ ਹੈ ਕਿ ਮਨੁੱਖੀ ਸਰੀਰ ਦੀਆ ਸਰੀਰਕ ਤੇ ਮਾਨਸਿਕ ਭੁੱਖਾਂ ਦਾ ਆਪਸ ਵਿੱਚ ਅਨਿੱਖੜਵਾਂ ਸੰਬੰਧ ਹੁੰਦਾ ਹੈ, ਜਿਹਨਾ ਦੀ ਪੂਰਤੀ ਸਮਾਜਕ ਨਿਯਮਾਂ ਦੇ ਚੌਖਟੇ ਵਿੱਚ ਵਿਚਰ ਕੇ ਹੋਣੀ ਜ਼ਰੂਰੀ ਹੁੰਦੀ ਹੈ । ਇਕ ਚੰਗੇ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਇਸ ਗੱਲ ‘ਤੇ ਕਾਫ਼ੀ ਹੱਦ ਤੱਕ ਨਿਰਭਰ ਕਰਦੀ ਹੈ ਕਿ ਕੀ ਸਮਾਜ ਵਿੱਚ ਇਹਨਾ ਚਾਰੇ ਭੁੱਖਾਂ ਦੀ ਸਹਿਜ ਤੇ ਸਾਵੀਂ ਪੂਰਤੀ ਦੀ ਸਹੀ ਵਿਵਸਥਾ ਹੈ , ਕੀ ਸਰਕਾਰੀ ਨੀਤੀਆ ਜਾਂ ਨਿਯਮ ਬਣਾਉਣ ਵੇਲੇ ਇਹਨਾ ਦੀ ਮਹੱਤਤਾ ਨੂੰ ਸਮਝਿਆ ਗਿਆ ਹੈ ਜਾਂ ਸਰਕਾਰਾਂ ਇਹਨਾਂ ਪ੍ਰਤੀ ਕਿੰਨੀਆਂ ਕੁ ਜਾਗਰੂਕ ਹਨ । ਉਂਜ ਹਰ ਮਨੁੱਖ ਆਪੋ ਆਪਣੀ ਸਰੀਰਕ ਤੇ ਮਾਨਸਿਕ ਭੁੱਖਾਂ ਦੀ ਪੂਰਤੀ ਵਾਸਤੇ ਆਪ ਵੀ ਕਾਫ਼ੀ ਹੱਦ ਤੱਕ ਜ਼ੁੰਮੇਵਾਰ ਹੁੰਦਾ ਹੈ, ਪਰ ਉਸ ਨੂੰ ਆਪਣੇ ਅਜਿਹੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਸਿਰਫ ਸਿਹਤਮੰਦ ਉੱਦਮ ਉਪਰਾਲੇ ਹੀ ਕਰਨੇ ਚਾਹੀਦੇ ਹਨ ।

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ
01/07/2020

Previous article13 ਸਾਲਾਂ ਤੋਂ ਸਰੀਰ ‘ਚ ਲੱਗੀ ਗੋਲੀ ਨਾਲ ਡਿਊਟੀ ਕਰ ਰਹੇ SSP, 100 ਤੋਂ ਵੱਧ ਅੱਤਵਾਦੀ ਕੀਤੇ ਢੇਰ
Next articleਕੁੱਲੀ ਸੋਹੇ ਫ਼ਕੀਰ ਦੀ ….