ਸੰਯੁਕਤ ਰਾਸ਼ਟਰ (ਸਮਾਜਵੀਕਲੀ): ਅਮਰੀਕੀ ਰਿਪੋਰਟ ਵਿੱਚ ਪਾਕਿਸਤਾਨ ਨੂੰ ਦਹਿਸ਼ਤਗਰਦਾਂ ਲਈ ਸੁਰੱਖਿਅਤ ਪਨਾਹਗਾਹ ਦੱਸੇ ਜਾਣ ਮਗਰੋਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੂੰ ਆਸ ਹੈ ਕਿ ਸਾਰੇ ਮੈਂਬਰ ਮੁਲਕ ਸਲਾਮਤੀ ਕੌਂਸਲ ਮਤਿਆਂ ਦੀ ਪਾਲਣਾ ਕਰਨਗੇ।
ਅਮਰੀਕਾ ਦੇ ਵਿਦੇਸ਼ ਵਿਭਾਗ ਨੇ 2019 ਦੀ ਦਹਿਸ਼ਤਗਰਦੀ ਬਾਰੇ ਰਿਪੋਰਟ ਵਿਚ ਬੁੱਧਵਾਰ ਨੂੰ ਕਿਹਾ ਕਿ ਪਾਕਿਸਤਾਨ ਹਾਲੇ ਵੀ ਖੇਤਰੀ ਦਹਿਸ਼ਤਗਰਦ ਸੰਗਠਨਾਂ ਲਈ ‘ਸੁਰੱਖਿਅਤ ਪਨਾਹਗਾਹ’ ਬਣਿਆ ਹੋਇਆ ਹੈ ਅਤੇ ਇਸ ਮੁਲਕ ਲਈ ਪੂਰੇ ਸਾਲ (2019) ਦੌਰਾਨ ਅਮਰੀਕੀ ਮੱਦਦ ਮੁਅੱਤਲ ਰਹੀ। ਰਿਪੋਰਟ ਵਿੱਚ ਕਿਹਾ ਗਿਆ ਕਿ ਇਸ ਮੁਲਕ ਨੇ ਜੈਸ਼-ਏ-ਮੁਹੰਮਦ ਦੇ ਬਾਨੀ ਅਤੇ ਸੰਯੁਕਤ ਰਾਸ਼ਟਰ ਵਲੋਂ ਅਤਿਵਾਦੀ ਕਰਾਰ ਦਿੱਤੇ ਗਏ ਮਸੂਦ ਅਜ਼ਹਰ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਹੈ।
ਇਸ ਤੋਂ ਇਲਾਵਾ 2008 ਦੇ ਮੁੰਬਈ ਹਮਲੇ ਦਾ ‘ਪ੍ਰੋਜੈਕਟ ਮੈਨੇਜਰ’ ਸਾਜਿਦ ਮੀਰ ਵੀ ਪਾਕਿਸਤਾਨ ਵਿੱਚ ਖੁੱਲ੍ਹੇਆਮ ਘੁੰਮ ਰਿਹਾ ਹੈ। ਇਸ ਬਾਰੇ ਪੁੱਛੇ ਜਾਣ ’ਤੇ ਸੰਯੁਕਤ ਰਾਸ਼ਟਰ ਮੁਖੀ ਦੇ ਤਰਜਮਾਨ ਸਟੀਫਨ ਦੁਜਾਰਿਕ ਨੇ ਕਿਹਾ ਕਿ ਊਹ ਅਮਰੀਕਾ ਦੇ ਵਿਦੇਸ਼ ਵਿਭਾਗ ਦੀ ਰਿਪੋਰਟ ਬਾਰੇ ਕੋਈ ਟਿੱਪਣੀ ਨਹੀਂ ਕਰਨਗੇ ਪਰ ‘‘ਸਿਧਾਂਤ ਅਨੁਸਾਰ ਅਸੀਂ ਊਮੀਦ ਕਰਦੇ ਹਾਂ ਕਿ ਸਾਰੇ ਮੈਂਬਰ ਮੁਲਕ ਢੁਕਵੇਂ ਸਲਾਮਤੀ ਕੌਂਸਲ ਮਤਿਆਂ ਜਾਂ ਫ਼ੈਸਲਿਆਂ ਤਹਿਤ ਆਪਣੇ ਫ਼ਰਜ਼ਾਂ ’ਤੇ ਪੂਰਾ ਊਤਰਨਗੇ।’