ਨਵੀਂ ਦਿੱਲੀ (ਸਮਾਜਵੀਕਲੀ) : ਅਸਲ ਕੰਟਰੋਲ ਰੇਖਾ ’ਤੇ ਬਣੀ ਤਲਖੀ ਨੂੰ ਘਟਾਉਣ ਲਈ ਭਾਰਤ ਤੇ ਚੀਨ ਦਰਮਿਆਨ ਫੌਜੀ ਤੇ ਕੂਟਨੀਤਕ ਪੱਧਰ ਦੀ ਹੋਈ ਗੱਲਬਾਤ ਦੇ ਸਕਾਰਾਤਮਕ ਢੰਗ ਨਾਲ ਖ਼ਤਮ ਹੋਣ ਅਤੇ ਫੌਜਾਂ ਨੂੰ ਪੜਾਅਵਾਰ ਪਿੱਛੇ ਹਟਾਉਣ ਦੀ ਦਿੱਤੀ ਸਹਿਮਤੀ ਦੇ ਬਾਵਜੂਦ ਪੂਰਬੀ ਲੱਦਾਖ ਵਿੱਚ ਤਣਾਅ ਵਾਲੇ ਚਾਰ ਅਹਿਮ ਖੇਤਰਾਂ ਗਲਵਾਨ ਵਾਦੀ, ਹੌਟ ਸਪਰਿੰਗਜ਼, ਡੈਪਸਾਂਗ ਤੇ ਪੈਂਗੌਂਗ ਝੀਲ ’ਚ ਹਾਲਾਤ ਅਜੇ ਵੀ ਕਾਫ਼ੀ ਨਾਜ਼ੁਕ ਹਨ। ਸੂਤਰਾਂ ਮੁਤਾਬਕ ਚੀਨੀ ਫੌਜ ਨੇ ਗਲਵਾਨ ਦੇ ਉੱਤਰ ਵਿੱਚ ਪੈਂਦੇ ਪਠਾਰੀ ਇਲਾਕੇ ਡੈਪਸਾਂਗ ਉਭਾਰ ਵਿੱਚ ਨਵਾਂ ਫਰੰਟ ਖੋਲ੍ਹ ਦਿੱਤਾ ਹੈ। ਭਾਰਤ ਨੇ ਜਿੱਥੇ ਅਸਲ ਕੰਟਰੋਲ ਰੇਖਾ ਦੇ ਨਾਲ ਫੌਜਾਂ ਦੀ ਨਫ਼ਰੀ ਵਧਾਉਣ ਦੇ ਨਾਲ ਸ੍ਰੀਨਗਰ ਤੇ ਲੇਹ ਸਮੇਤ ਹੋਰ ਅਹਿਮ ਫੌਜੀ ਹਵਾਈ ਅੱਡਿਆਂ ’ਤੇ ਜੰਗੀ ਜਹਾਜ਼ਾਂ ਦੀ ਤਾਇਨਾਤੀ ਕਰ ਦਿੱਤੀ ਹੈ।
ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵਾ ਨੇ ਵਰਚੁਅਲ ਪੱਤਰਕਾਰ ਮਿਲਣੀ ਦੌਰਾਨ ਪੂਰਬੀ ਲੱਦਾਖ਼ ਵਿੱਚ ਦੋਵਾਂ ਮੁਲਕਾਂ ਦੀਆਂ ਫੌਜਾਂ ਦਰਮਿਆਨ ਬਣੀ ਤਲਖੀ ਲਈ ਪੇਈਚਿੰਗ ਸਿਰ ਭਾਂਡਾ ਭੰਨਿਆ ਹੈ। ਸ੍ਰੀਵਾਸਤਵਾ ਨੇ ਕਿਹਾ ਕਿ 15 ਜੂਨ ਨੂੰ ਗਲਵਾਨ ਘਾਟੀ ਹਿੰਸਾ ਲਈ ਚੀਨ ਪੂਰੀ ਤਰ੍ਹਾਂ ਜ਼ਿੰਮੇਵਾਰ ਸੀ। ਉਨ੍ਹਾਂ ਕਿਹਾ ਕਿ ਮਈ ਦੀ ਸ਼ੁਰੂਆਤ ਵਿੱਚ ਚੀਨੀ ਫੌਜਾਂ ਨੇ ਗਲਵਾਨ ਘਾਟੀ ਖੇਤਰ ’ਚ ਭਾਰਤ ਵੱਲੋਂ ਪੁਰਾਣੀਆਂ ਰਵਾਇਤਾਂ ਮੁਤਾਬਕ ਕੀਤੀ ਜਾਂਦੀ ਗਸ਼ਤ ’ਤੇ ਉਜਰ ਜਤਾਇਆ ਤੇ ਮੱਧ ਮਈ ਵਿੱਚ ਪੱਛਮੀ ਸੈਕਟਰ ਵਿੱਚ ਐੱਲਏਸੀ ਦੇ ਨਾਲ ਮੌਜੂਦਾ ਸਥਿਤੀ ਨੂੰ ਬਦਲਣ ਦਾ ਯਤਨ ਕੀਤਾ।
ਸ੍ਰੀਵਾਸਤਵਾ ਨੇ ਕਿਹਾ, ‘ਅਸੀਂ ਕੂਟਨੀਤਕ ਤੇ ਫੌਜੀ ਚੈਨਲਾਂ ਜ਼ਰੀਏ ਆਪਣਾ ਰੋਸ ਜਤਾਉਂਦਿਆਂ ਸਾਫ਼ ਕਰ ਦਿੱਤਾ ਸੀ ਕਿ ਮੌਜੂਦਾ ਸਥਿਤੀ ’ਚ ਫੇਰਬਦਲ ਕਿਸੇ ਵੀ ਕੀਮਤ ’ਤੇ ਸਵੀਕਾਰ ਨਹੀਂ ਹੋਵੇਗਾ।’ 6 ਜੂਨ ਦੀ ਮੀਟਿੰਗ ਵਿੱਚ ਸੀਨੀਅਰ ਕਮਾਂਡਰਾਂ ਨੇ ਤਲਖੀ ਘਟਾਉਣ ਤੇ ਫੌਜਾਂ ਦੇ ਪਿੱਛੇ ਹਟਣ ਦੀ ਸਹਿਮਤੀ ਦਿੱਤੀ ਸੀ, ਪਰ ਜਦੋਂ ਚੀਨੀ ਫੌਜਾਂ ਨੇ 15 ਜੂਨ ਨੂੰ ਸਮਝੌਤੇ ਤੋਂ ਪਿੱਛੇ ਪੈਰੀ ਹੁੰਦਿਆਂ ਐੱਲਏਸੀ ’ਤੇ ਊਸਾਰੀ ਦਾ ਯਤਨ ਕੀਤਾ ਤਾਂ ਹਿੰਸਕ ਝੜਪ ਹੋ ਗਈ। ਉਨ੍ਹਾਂ ਕਿਹਾ ਕਿ ਚੀਨ ਮਈ ਤੋਂ ਐੱਲਏਸੀ ’ਤੇ ਫੌਜੀ ਨਫਰੀ ਵਧਾ ਰਿਹਾ ਹੈ, ਜੋ ਕਿ ਦੋਵਾਂ ਮੁਲਕਾਂ ਵਿਚਾਲੇ ਹੋਏ ਦੁਵੱਲੇ ਸਮਝੌਤਿਆਂ ਦਾ ਉਲੰਘਣ ਹੈ।
ਇਸ ਦੌਰਾਨ ਸੂਤਰਾਂ ਨੇ ਕਿਹਾ ਕਿ ਪੈਂਗੌਂਗ ਝੀਲ ਖੇਤਰ ਵਿੱਚ ਚੀਨੀ ਫੌਜਾਂ ਫਿੰਗਰ ਫੋਰ ਤਕ ਵਧ ਆਈਆਂ ਹਨ। ਚੀਨੀ ਸਲਾਮਤੀ ਦਸਤੇ ਇਥੇ 120 ਤੋਂ ਵੱਧ ਵਾਹਨ ਤੇ ਦਰਜਨ ਦੇ ਕਰੀਬ ਕਿਸ਼ਤੀਆਂ ਲੈ ਕੇ ਪੁੱਜੇ ਹੋਏ ਹਨ। ਚੀਨੀ ਫੌਜਾਂ ਨੇ ਡੈਪਸਾਂਗ ਖੇਤਰ ਵਿੱਚ ਨਵੇਂ ਕੈਂਪਾਂ ਦੀ ਉਸਾਰੀ ਦੇ ਨਾਲ ਵਾਹਨ ਤੇ ਹੋਰ ਨਫ਼ਰੀ ਤਾਇਨਾਤ ਕੀਤੀ ਹੈ। ਸੂਤਰਾਂ ਮੁਤਾਬਕ ਗੱਲਬਾਤ ਦੌਰਾਨ ਚੀਨੀ ਫੌਜ ਤੇ ਕੂਟਨੀਤਕਾਂ ਨੇ ਰੱਖਿਆ ਢਾਂਚੇ ਨੂੰ ਹਟਾਉਣ ਦੀ ਸਹਿਮਤੀ ਦਿੱਤੀ, ਪਰ ਚੀਨੀ ਫੌਜ ਨੇ ਗਲਵਾਨ ਘਾਟੀ ਵਿੱਚ ਗਸ਼ਤੀ ਪੁਆਇੰਟ 14, ਕੌਂਗਕਾ ਲਾ ਦੇ ਗਸ਼ਤੀ ਪੁਆਇੰਟ 15 ਤੇ ਹੌਟ ਸਪਰਿੰਗਜ਼ ਦੇ ਗਸ਼ਤੀ ਪੁਆਇੰਟ 17 ’ਤੇ ਊਸਾਰੀ ਦਾ ਕੰਮ ਮੁੜ ਸ਼ੁਰੂ ਕਰ ਦਿੱਤਾ।
ਸੂਤਰਾਂ ਦੀ ਮੰਨੀਏ ਤਾਂ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਬਿਲਕੁਲ ਉਸੇ ਥਾਂ ਜਿੱਥੇ 15 ਜੂਨ ਨੂੰ ਭਾਰਤੀ ਫੌਜਾਂ ਨਾਲ ਹਿੰਸਕ ਝੜਪ ਹੋਈ ਸੀ, ਤੰਬੂ ਗੱਡਣ ਦੇ ਨਾਲ ਨਿਗਰਾਨੀ ਚੌਕੀ ਸਥਾਪਤ ਕੀਤੀ ਸੀ। ਚੀਨੀ ਵੱਲੋਂ ਇਥੋਂ ਪਿੱਛੇ ਹਟਣ ਤੇ ਤੰਬੂ ਉਖਾੜ ਲੈਣ ਦੀ ਦਿੱਤੀ ਸਹਿਮਤੀ ਦੇ ਬਾਵਜੂਦ ਚੀਨੀ ਫੌਜਾਂ ਸਗੋਂ ਹੋਰ ਵੱਡੇ ਲਾਮ ਲਸ਼ਕਰ ਨਾਲ ਪਰਤ ਆਈਆਂ। ਸੂਤਰਾਂ ਨੇ ਕਿਹਾ ਕਿ ਭਾਰਤ ਸਰਕਾਰ ਲਈ ਇਸ ਵੇਲੇ ਵੱਡੀ ਫਿਕਰਮੰਦੀ ਚੀਨੀ ਫੌਜਾਂ ਦੀ ਤਾਇਨਾਤੀ ਹੈ, ਪਰ ਭਾਰਤੀ ਸਲਾਮਤੀ ਦਸਤੇ ਪੂਰਬੀ ਲੱਦਾਖ ਵਿੱਚ ਕਿਸੇ ਵੀ ਸਥਿਤੀ ਦੇ ਟਾਕਰੇ ਲਈ ਪੂਰੀ ਤਰ੍ਹਾਂ ਤਿਅਾਰ ਹਨ।