ਪਟਿਆਲਾ (ਸਮਾਜਵੀਕਲੀ) : ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ 14 ਸਾਲਾਂ ਤੋਂ ਠੇਕਾ ਆਧਾਰ ’ਤੇ ਨਿਗੂਣੀਆਂ ਤਨਖ਼ਾਹਾਂ ਨਾਲ ਕਾਰਜਸ਼ੀਲ ਪੰਜਾਬ ਭਰ ਦੇ ਇੱਕ ਹਜ਼ਾਰ ਤੋਂ ਵੱਧ ਰੂਰਲ ਫਾਰਮੇਸੀ ਅਫ਼ਸਰਾਂ ਵੱਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਵਿੱਢਿਆ ਸੂਬਾਈ ਸੰਘਰਸ਼ ਅੱਜ ਛੇਵੇਂ ਦਿਨ ਵੀ ਜਾਰੀ ਰਿਹਾ। ਫਾਰਮਾਸਿਸਟਾਂ ਨੇ ਅੱਜ ਵੀ ਕਰੋਨਾ ਸਬੰਧੀ ਐਮਰਜੈਂਸੀ ਸੇਵਾਵਾਂ ਦਾ ਬਾਈਕਾਟ ਕਰ ਕੇ ਪੰਜਾਬ ਭਰ ’ਚ ਜ਼ਿਲ੍ਹਾ ਪਰਿਸ਼ਦ ਦਫ਼ਤਰਾਂ ਅਤੇ ਹੋਰਨਾਂ ਥਾਵਾਂ ’ਤੇ ਧਰਨੇ ਜਾਰੀ ਰੱਖੇ। ਇਸ ਦੌਰਾਨ ਹੀ ਫਾਰਮਾਸਿਸਟਾਂ ਦੀ ਜਥੇਬੰਦੀ ਨੇ ਪੰਚਾਇਤ ਮੰਤਰੀ ਤ੍ਰਿਪਤਰਾਜਿੰਦਰ ਸਿੰਘ ਬਾਜਵਾ ਦੀ ਕਾਦੀਆਂ ਸਥਿਤ ਰਿਹਾਇਸ਼ ਅੱਗੇ 25 ਜੂਨ ਤੋਂ ਪੱਕਾ ਮੋਰਚਾ ਲਾਊਣ ਦਾ ਐਲਾਨ ਵੀ ਕੀਤਾ।
ਅੱਜ ਇਥੇ ਜਿਲ੍ਹਾ ਪਰਿਸ਼ਦ ਦਫ਼ਤਰ ਪਟਿਆਲਾ ਵਿੱਚ ਜ਼ਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲਾੲੇ ਧਰਨੇ ਨੂੰ ਸੰਬੋਧਨ ਕਰਦਿਆਂ, ਜਥੇਬੰਦੀ ਦੇ ਸੂਬਾਈ ਬੁਲਾਰੇ ਅਤੇ ਮੀਤ ਪ੍ਰਧਾਨ ਸਵਰਤ ਸ਼ਰਮਾ ਨੇ ਕਿਹਾ ਕਿ ਉਹ ਪੇਂਡੂ ਡਿਸਪੈਂਸਰੀਆਂ ਵਿੱਚ ਸਿਰਫ਼ ਦਸ ਹਜ਼ਾਰ ’ਤੇ ਪਿਛਲੇ 14 ਸਾਲਾਂ ਤੋੋਂ ਲਗਾਤਾਰ ਸੇਵਾ ਨਿਭਾਅ ਰਹੇ ਹਨ ਪਰ ਸਰਕਾਰ ਊਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਇਸੇ ਦੌਰਾਨ ‘ਆਪ’ ਦੇ ਸੂਬਾਈ ਆਗੂ ਡਾ. ਬਲਬੀਰ ਸਿੰਘ ਨੇ ਧਰਨਾ ਸਥਾਨ ’ਤੇ ਪੁੱਜ ਕੇ ਸੰਘਰਸ਼ ਦੀ ਹਮਾਇਤ ਕਰਦਿਆਂ ਫਾਰਮਿਸਸਟਾਂ ਦੀਆਂ ਸੇਵਾਵਾਂ ਰੈਗੂਲਰ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਦਲਵੀਰ ਸਿੰਘ, ਪ੍ਰਦੀਪ ਕੁਮਾਰ, ਗੁਰਵਿੰਦਰ ਸਿੰਘ, ਸ਼ਰਨਵੀਰ ਸਿੰਘ, ਕੁਸ਼ਲਪਾਲ ਸਿੰਘ ਤੇ ਰਾਜ ਕੁਮਾਰ ਹਾਜ਼ਰ ਸਨ।