ਬਰਲਿਨ, (ਸਮਾਜਵੀਕਲੀ) : ਪਿਛਲੇ ਵਰ੍ਹੇ ਹੋਏ ਸੰਯੁਕਤ ਰਾਸ਼ਟਰ ਆਮ ਇਜਲਾਸ ਦੌਰਾਨ ਗ੍ਰੇਟਾ ਥਨਬਰਗ ਸਾਰਿਆਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਸੀ। ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਤੇ ਜਰਮਨੀ ਦੀ ਚਾਂਸਲਰ ਏਂਜਲਾ ਮਰਕਲ ਵੀ ਉਸ ਨਾਲ ਗੱਲ ਕਰਨ ਤੇ ਸੈਲਫ਼ੀ ਲੈਣ ਲਈ ਕਾਹਲੇ ਸਨ।
ਵਿਸ਼ਵ ਦੇ ਆਗੂਆਂ ਵੱਲੋਂ ਠੋਸ ਕਦਮ ਨਾ ਚੁੱਕੇ ਜਾਣ ਦੇ ਬਾਵਜੂਦ ਵੀ ਜਲਵਾਯੂ ਤਬਦੀਲੀ ਦੇ ਮੁੱਦੇ ’ਤੇ ਬੋਲਣ ਵਾਲੀ 17 ਸਾਲਾ ਸਵੀਡਿਸ਼ ਕਾਰਕੁਨ ਨੂੰ ਉਮੀਦ ਹੈ ਕਿ ਸਕਾਰਾਤਮਕ ਬਦਲਾਅ ਅਾਵੇਗਾ। ਸਵੀਡਨ ਦੇ ਸਰਕਾਰੀ ਰੇਡੀਓ ’ਤੇ 75 ਮਿੰਟ ਦੇ ਮੋਨੋਲੌਗ ਵਿਚ ਥਨਬਰਗ ਨੇ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਦਾ ਹਵਾਲਾ ਦਿੱਤਾ। ਇਸ ਵਿਚ ਕਿਹਾ ਗਿਆ ਹੈ ਕਿ ਸੰਸਾਰ ਅਗਲੇ ਸਾਢੇ ਸੱਤ ਸਾਲਾਂ ਤਕ ਇਸੇ ਮਿਕਦਾਰ ’ਚ ਕਾਰਬਨ ਡਾਇਓਆਕਸਾਈਡ ਵਾਤਾਵਰਨ ’ਚ ਛੱਡਣੀ ਜਾਰੀ ਰੱਖੇਗਾ।
ਥਨਬਰਗ ਨੇ ਕਿਹਾ ਕਿ ਜਲਵਾਯੂ ਤੇ ਹੋਂਦ ਦਾ ਸੰਕਟ ਨਿਰਪੱਖ ਸਮੱਸਿਆ ਨਹੀਂ ਹੈ। ਕਾਰਕੁਨ ਨੇ ਕਿਹਾ ਕਿ ਪਹਿਲਾਂ ਉਹ ਪ੍ਰਭਾਵਿਤ ਹੋਣਗੇ ਜਿਨ੍ਹਾਂ ਦਾ ਇਹ ਸਮੱਸਿਆ ਖੜ੍ਹੀ ਕਰਨ ’ਚ ਕੋਈ ਜ਼ਿਆਦਾ ਯੋਗਦਾਨ ਨਹੀਂ ਹੈ। ਗ੍ਰੇਟਾ ਨੇ ਕਿਹਾ ਕਿ ਸਾਨੂੰ ਗੈਸਾਂ ਦਾ ਰਿਸਾਅ ਖ਼ਤਰਨਾਕ ਹੱਦ ਤੱਕ ਪਹੁੰਚਣ ਤੋਂ ਰੋਕਣ ਲਈ ਜਲਦੀ ਕਦਮ ਚੁੱਕਣੇ ਪੈਣਗੇ।