ਮੁੱਖ ਮੰਤਰੀ ਨੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਵੰਡਾਇਆ

ਪਟਿਆਲਾ (ਸਮਾਜਵੀਕਲੀ) :  ਭਾਰਤ-ਚੀਨ ਸਰਹੱਦ ’ਤੇ ਗਲਵਾਨ ਘਾਟੀ ’ਚ ਸ਼ਹੀਦ ਹੋਏ ਪਿੰਡ ਸੀਲ ਦੇ ਵਾਸੀ  ਤੇ ਭਾਰਤੀ ਫ਼ੌਜ ਦੇ ਨਾਇਬ ਸੂਬੇਦਾਰ ਮਨਦੀਪ ਸਿੰਘ ਦੇ ਪਰਿਵਾਰ ਨਾਲ ਅੱਜ ਸ਼ਾਮੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਡੀਓ ਕਾਲ ਰਾਹੀਂ ਦੁੱਖ ਸਾਂਝਾ ਕੀਤਾ। ਉਨ੍ਹਾਂ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਤੇ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।  

ਇਹ ਵੀਡੀਓ ਕਾਲ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਪਿੰਡ ਸੀਲ ਵਿਚ ਪਰਿਵਾਰ ਕੋਲ ਜਾ ਕੇ ਕਰਵਾਈ ਜਿਸ ਦੌਰਾਨ ਮੁੱਖ ਮੰਤਰੀ ਨੇ ਸ਼ਹੀਦ ਦੀ ਮਾਤਾ ਸ਼ਕੁੰਤਲਾ ਕੌਰ ਨਾਲ ਅਫ਼ਸੋਸ ਪ੍ਰਗਟਾਉਂਦਿਆਂ ਕਿਹਾ ਕਿ ਸ਼ਹੀਦ ਮਨਦੀਪ ਸਿੰਘ ਦੀ ਰੈਜੀਮੈਂਟ ‘ਥਰਡ ਮੀਡੀਅਮ ਆਰਟਿਲਰੀ’ ਹਿੰਦੁਸਤਾਨ ਦੀ ਇੱਕ ਨੰਬਰ ਪਲਟਨ ਹੈ ਅਤੇ ਅਜਿਹੀ ਪਲਟਨ ’ਚ ਮਨਦੀਪ ਸਿੰਘ ਦਾ ਨਾਇਬ ਸੂਬੇਦਾਰ ਦੇ ਅਹੁਦੇ ਤੱਕ ਪੁੱਜਣਾ ਵੱਡੀ ਗੱਲ ਸੀ। ਉਨ੍ਹਾਂ ਨੂੰ ਇਸ ਗੱਲ ਦਾ ਫ਼ਖਰ ਹੈ ਕਿ ਸ਼ਹੀਦ ਮਨਦੀਪ ਸਿੰਘ ਨੇ ਆਪਣੀ ਹਿੰਮਤ, ਦਲੇਰੀ ਅਤੇ ਮਿਹਨਤ ਨਾਲ ਪਲਟਨ ’ਚ ਬਹੁਤ ਨਾਮ ਕਮਾਇਆ ਸੀ ਅਤੇ ਉਹ ਇੱਕ ਵਧੀਆ ਅਫ਼ਸਰ ਸੀ।

ਸ਼ਹੀਦ ਦੀ ਪਤਨੀ ਗੁਰਦੀਪ ਕੌਰ ਨੇ ਆਪਣੇ ਪਤੀ ਦੀ ਬਹਾਦਰੀ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਨਿਹੱਥੇ ਹੋਣ ਦੇ ਬਾਵਜੂਦ ਦੁਸ਼ਮਣ ਦੀ ਫ਼ੌਜ ਦਾ ਡਟ ਕੇ ਟਾਕਰਾ ਕੀਤਾ। ਇਸ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਫ਼ੌਜ ਤੋਂ ਪਤਾ ਲੱਗਿਆ ਹੈ ਕਿ ਸ਼ਹੀਦ ਮਨਦੀਪ ਸਿੰਘ ਨੇ ਬਹੁਤ ਹੀ ਦਲੇਰੀ ਦਿਖਾਈ ਅਤੇ ਸ਼ਹਾਦਤ ਦਾ ਜਾਮ ਪੀਤਾ ਜਿਸ ’ਤੇ ਉਨ੍ਹਾਂ ਨੂੰ ਤੇ ਪੂਰੇ ਦੇਸ਼ ਨੂੰ ਫ਼ਖਰ ਹੈ।

ਇਸ ਮੌਕੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਮੁੱਖ ਮੰਤਰੀ ਨੂੰ ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਦੀ ਆਰਥਿਕ ਹਾਲਤ ਤੋਂ ਜਾਣੂ ਕਰਵਾਉਂਦਿਆਂ ਸ਼ਹੀਦ ਦੀ ਪਤਨੀ ਲਈ ਨੌਕਰੀ ਦੀ ਮੰਗ ਰੱਖੀ। ਸ਼ਹੀਦ ਦੀ ਪਤਨੀ ਵੱਲੋਂ ਆਪਣੀ ਯੋਗਤਾ (ਐਮ.ਏ. ਇਤਿਹਾਸ) ਦੱਸਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ  ਉਨ੍ਹਾਂ ਨੂੰ ਨੌਕਰੀ ਜ਼ਰੂਰ ਦੇਵੇਗੀ। ਇਸ ਦੇ ਨਾਲ ਹੀ ਜੇਕਰ ਕੋਈ ਹੋਰ ਮੁਸ਼ਕਿਲ ਹੋਵੇ ਤਾਂ ਉਸ ਲਈ ਵੀ ਸਰਕਾਰ ਉਨ੍ਹਾਂ ਨਾਲ ਹਰ ਪੱਖੋਂ ਸਹਿਯੋਗ ਕਰੇਗੀ। ਇਸ ਮੌਕੇ ਸ਼ਹੀਦ ਦੀ ਬੇਟੀ ਮਹਿਕਪ੍ਰੀਤ ਕੌਰ, ਬੇਟਾ ਜੋਬਨਪ੍ਰੀਤ ਸਿੰਘ, ਚਚੇਰਾ ਭਰਾ ਕੈਪਟਨ (ਸੇਵਾਮੁਕਤ) ਨਿਰਮਲ ਸਿੰਘ, ਸ਼ਹੀਦ ਦੀਆਂ ਭੈਣਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਜ਼ਿਲ੍ਹਾ ਪਰਿਸ਼ਦ ਮੈਂਬਰ ਗਗਨ ਵੀ ਮੌਜੂਦ ਸਨ।

Previous articleCOVID-19 cases top 108,000 in Bangladesh, deaths reach 1,425
Next articleCOVID-19 cases in Russia increase by 7,889, total at 576,952