ਅਰਦਾਸ

(ਸਮਾਜਵੀਕਲੀ)

ਅੱਜ ਸਵੇਰੇ ਸਵੇਰੇ ਪਤਾ ਨਹੀਂ ਕਿਉਂ ਇਸ ਵਿਸ਼ੇ ਬਾਰੇ ਕੁਝ ਲਿਖਣ ਨੂੰ ਮਨ ਕਰ ਆਇਆ । ਸ਼ਾਇਦ ਮੇਰੇ ਅੰਦਰ, ਅਰਦਾਸ ਪ੍ਰਤੀ ਚੱਲ ਰਹੇ, ਬਾਹਰੀ ਵਰਤਾਰੇ ਨੂੰ ਦੇਖ ਕੇ ਇਹ ਚੇਸ਼ਟਾ ਪੈਦਾ ਹੋਈ ਹੋਵੇਗੀ । ਖ਼ੈਰ ਆਓ ! ਜ਼ਰਾ ਇਸ ਵਿਸ਼ੇ ਵਾਰੇ ਵੀ ਅੱਜ ਗੱਲ ਕਰੀਏ ।

ਬੇਸ਼ੱਕ ਧਾਰਮਿਕ ਸਥਾਨਾਂ ਅੰਦਰ ਅਰਦਾਸ ਜਾਂ ਪ੍ਰਾਰਥਨਾ ਨਿਤਨੇਮ ਦਾ ਹਿੱਸਾ ਹੁੰਦੀਆਂ ਹਨ, ਪਰੰਤੂ ਆਮ ਜੀਵਨ ਵਿੱਚ ਮਨੁੱਖ ਇਹਨਾਂ ਦੀ ਵਰਤੋ ਦੁੱਖ ਜਾਂ ਸੁੱਖ ਦੇ ਵੇਲੇ ਹੀ ਕਰਦਾ ਜਾਂ ਕਰਵਾਉਂਦਾ ਹੈ । ਇਹ ਆਮ ਦੇਖਣ ਵਿੱਚ ਆਇਆ ਹੈ ਕਿ ਦੁੱਖ ਜਾਂ ਸੁੱਖ ਵਿੱਚ ਕੀਤੀ ਕਰਵਾਈ ਅਰਦਾਸ ਅਚੇਤ ਜਾਂ ਸੁਚੇਤ ਰੂਪ ਵਿੱਚ ਅਰਦਾਸ ਦੀ ਅਸਲ ਭਾਵਨਾ ਤੋਂ ਬਹੁਤ ਦੂਰ ਹੋ ਕੇ ਵਿਚਰਦੀ ਹੈ । ਇਸ ਤਰਾਂ ਦੀ ਅਰਦਾਸ ਵਿੱਚ ਮੰਗ ਦੀ ਪ੍ਰਧਾਨਤਾ ਹੁੰਦੀ ਹੈ ।

ਅਰਦਾਸ ਅਸਲ ਵਿੱਚ ਵਾਹਿਗੁਰੂ ਦੀ ਉਸਤਤ, ਉਪਾਸਨਾ, ਅਰਾਧਨਾ ਤੇ ਸ਼ੁਕਰਾਨਾ ਹੈ । ਇਹ ਬੇਨਤੀ ਤੇ ਨਿਮਰਤਾ ਦਾ ਅਹਿਸਾਸ ਹੈ । ਅਕਾਲ ਪੁਰਖ ਦੀ ਰਜਾ ਨੂੰ ਮੰਨਣ ਦਾ ਸ਼ਲੀਕਾ ਹੈ ਤੇ ਆਪਣੇ ਜੀਵਨ ਨੂੰ ਸੱਚ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਣਾ ਹੈ । ਇਹ ਉਸ ਸੱਚੇ ਦਾ ਓਟ ਆਸਰਾ ਲੈ ਕੇ ਨਿੱਜੀ ਮਨੋਰਥਾਂ, ਉਦੇਸ਼ਾਂ ਤੇ ਕਾਰਜਾਂ ਦੀ ਸ਼ੁਰੂਆਤ ਵੀ ਹੈ। ਅਰਦਾਸ ਕਰਨ ਨਾਲ ਅਦਰਸ਼ਕ ਜੀਵਨ ਜਾਂਚ ਆਉੰਦੀ ਹੈ, ਗੁਰੂ ਦੀਆ ਸਿੱਖਿਆਵਾਂ ਨਾਲ ਅਟੁੱਟ ਰਾਬਤਾ ਬਣਦਾ ਹੈ ।

ਪਰ ਅਰਦਾਸ ਕਰਦੇ ਸਮੇਂ ਅਸੀਂ ਉਸ ਵੇਲੇ ਇਕ ਬਹੁਤ ਵੱਡੀ ਭੁੱਲ ਕਰ ਜਾਂਦੇ ਹਾਂ, ਜਦੋਂ ਇਸ ਨੂੰ ਸਿਰਫ ਤੇ ਸਿਰਫ ਮੰਗਣ ਨਾਲ ਜੋੜ ਦੇਂਦੇ ਹਾਂ । ਮੰਗ ਕਰਨਾ ਨਾ ਹੀ ਅਰਦਾਸ ਚ ਸ਼ਾਮਿਲ ਹੋਣਾ ਚਾਹੀਦਾ ਹਾਂ ਤੇ ਨਾ ਅਜਿਹਾ ਕਰਨਾ ਅਰਦਾਸ ਦੀ ਮੂਲ ਭਾਵਨਾ ਦੇ ਅਨੁਕੂਲ ਹੈ । ਦਰਅਸਲ ਮੰਗ ਦਾ ਅਰਦਾਸ ਜਾਂ ਪ੍ਰਾਰਥਨਾ ਨਾਲ ਦੂਰ ਦਾ ਵੀ ਸੰਬੰਧ ਨਹੀਂ ਹੈ । ਜੇਕਰ ਇੰਜ ਕਹਿ ਲਿਆ ਜਾਵੇ ਕਿ ਮੰਗ ਤੇ ਅਰਦਾਸ ਦੋਵੇਂ ਇਕ ਦੂਸਰੇ ਦੇ ਉਲਟ ਕਿਰਿਆਵਾਂ ਹਨ ਤਾਂ ਕੋਈ ਗਲਤ ਨਹੀਂ ਹੋਵੇਗਾ ਕਿਉਂਕਿ ਮੰਗੀ ਤਾਂ ਖ਼ੈਰਾਤ ਜਾਂਦੀ ਹੈ ਤੇ ਫਿਰ ਸੋਚਣ ਦੀ ਲੋੜ ਇਹ ਹੈ ਕਿ ਖ਼ੈਰਾਤ ਕਦੇ ਵੀ ਅਰਦਾਸ ਨਹੀਂ ਬਣ ਸਕਦੀ ।

ਗਿਆਨੀ ਜਾਂ ਸਿੱਖ ਕਦੇ ਮੰਗਦਾ ਨਹੀਂ , ਉਹ ਧੰਨਵਾਦ ਕਰਦਾ ਹੈ । ਕਾਦਰ ਨੇ ਕੁਦਰਤੀ ਜੀਵਾਂ ਨੂੰ ਪਹਿਲਾ ਹੀ ਅਨੰਤ ਦਿੱਤਾ ਹੋਇਆ ਹੈ । ਪੱਥਰ ਅੰਦਰ ਪਲ ਰਹੇ ਕੀੜੇ ਦੇ ਵਾਸਤੇ ਰਿਜ਼ਕ ਦੀ ਵਿਵਸਥਾ ਹੈ । ਰਹਿਣ ਵਾਸਤੇ ਵਾਤਾਵਰਨ, ਆਕਸੀਜਨ, ਪਾਣੀ ਤੇ ਅਗਨੀ ਦਾ ਮੁਫ਼ਤ ਪਰਬੰਧ ਕੀਤਾ ਹੈ, 36 ਪ੍ਰਕਾਰ ਦੇ ਪਦਾਰਥ, ਸੋਚ ਸ਼ਕਤੀ ਤੇ ਭੋਗ ਇੰਦਰੀਆਂ ਦਿੱਤੀਆਂ ਹੋਈਆ ਹਨ । ਕਰ ਪੈਰ ਕਾਰਜਾਂ ਨੂੰ ਸੰਪੂਰਨ ਕਰਨ ਵਾਸਤੇ ਦੇ ਰੱਖੇ ਹਨ । ਸਵੈਚਾਲਤ ਸਰੀਰ ਦਾ ਹਰ ਅੰਗ ਬਹੁਕਾਰਜੀ ਹੈ । ਕਰਤੇ ਨੇ ਕਿਸੇ ਪੱਖੋਂ ਜੀਵ ਦੀ ਦੇਖ-ਭਾਲ਼ ਵਾਸਤੇ ਕੋਈ ਕਸਰ ਜਾਂ ਕਮੀ ਬਾਕੀ ਛੱਡੀ ਹੀ ਨਹੀਂ ਹੈ । ਉਸ ਨੇ ਮੰਗ ਕਰਨ ਦੀ ਕਿਸੇ ਤਰਾਂ ਦੀ ਵੀ ਕੋਈ ਕਸਰ ਜਾਂ ਗੁੰਜਾਇਸ਼ ਹੀ ਨਹੀਂ ਛੱਡੀ ਤੇ ਨਾ ਹੀ ਇਹ ਭਾਵਨਾ ਅਰਦਾਸ ਕਰਤਾ ਦੇ ਮਨ ਮਸਤਕ ਚ ਕਦੇ ਪੈਦਾ ਹੋਣੀ ਚਾਹੀਦੀ ਹੈ । ਅਰਦਾਸ ਚ ਜੋ ਵੀ ਮੰਗ ਨੂੰ ਸ਼ਾਮਿਲ ਕਰਦਾ ਹੈ, ਉਹ ਅਰਦਾਸ ਦੀ ਬਜਾਏ ਸਿਰਫ ਆਪਣੀ ਭੋਗੀ ਹੋ ਚੁੱਕੀ ਮੂੜ ਮੱਤ ਵਾਲੀ ਮਾਨਸਿਕਤਾ ਦਾ ਪਰਗਾਟਾਵਾ ਹੀ ਕਰਦਾ ਹੈ, ਜੋ ਸਿਵਾਏ ਮਨਮਤ ਤੋਂ ਹੋਰ ਕੁੱਝ ਵੀ ਨਹੀਂ ।

ਅਗਲੀ ਗੱਲ ਇਹ ਕਿ ਮੰਗਣ ਨਾਲ ਉਕਸਾਹਤ ਪੈਦਾ ਹੁੰਦੀ ਹੈ ਜਦ ਕਿ ਅਰਦਾਸ ਕਰਨ ਨਾਲ ਸਹਿਜਤਾ ਦਾ ਅਹਿਸਾਸ । ਸੋ ਇਹਨਾਂ ਦੋਹਾ ਦਾ ਸੁਮੇਲ ਨਾ ਹੀ ਕਦੇ ਹੋ ਸਕਦਾ ਹੈ ਤੇ ਨਾ ਹੀ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ।

ਮੁੱਕਦੀ ਗੱਲ ਇਹ ਕਿ ਅਰਦਾਸ ਨਿੱਜ ਲੋੜਾਂ ਦੀ ਪੂਰਤੀ, ਸੰਸਾਰਕ ਚੰਮ ਸੁੱਖਾਂ ਦੀ ਪ੍ਰਾਪਤੀ ਜਾਂ ਫੇਰ ਭੋਗੀ ਬਿਰਤੀਆਂ ਦੀ ਤ੍ਰਿਪਤੀ ਦਾ ਜਰੀਆ ਨਹੀ ਹੁੰਦੀ, ਸਗੋਂ ਅਰਦਾਸ ਉਸ ਸੱਚੇ ਦਾ ਕੋਟੀ ਕੋਟੀ ਸ਼ੁਕਰਾਨਾ ਹੁੰਦੀ ਹੈ, ਕਿਸੇ ਉਲੀਕੇ ਗਏ ਮਿਸ਼ਨ ਨੂੰ ਅੰਜਾਮ ਦੇਣ ਵਾਸਤੇ ਬਿਰਤੀਆਂ ਇਕਾਗਰ ਕਰਨ ਦਾ ਸਾਧਨ ਹੁੰਦੀ ਹੈ ਤੇ ਗੁਰੂ ਦੀਆ ਸਿਖਿਆਵਾਂ ਦੇ ਲੜ ਲੱਗ ਕੇ ਜੀਵਨ ਜੀਊਣ ਦੀ ਜਾਂਚ ਹੁੰਦੀ ਹੈ ।

ਅਰਦਾਸ ਨੂੰ ਇਸੇ ਅਰਥਾਂ ਵਿੱਚ ਸਮਝਣ ਦੀ ਲੋੜ ਹੈ। ਇਹ ਮਨਚਾਹੇ ਲਾਭਾਂ ਦੀ ਪ੍ਰਾਪਤੀ ਦੀ ਸਾਧਨ ਨਹੀਂ, ਜੇਕਰ ਕੋਈ ਵੀ ਮਨੁੱਖ ਅਰਦਾਸ ਆਪਣੇ ਸਵਾਰਥਾਂ ਦੀ ਪੂਰਤੀ ਦੇ ਉਦੇਸ਼ ਨਾਲ ਕਰਦਾ ਹੈ ਤਾਂ ਉਹ ਅਰਦਾਸ ਨਹੀਂ ਹੁੰਦੀ ਸਗੋਂ ਇੱਛਾਵਾਂ ਦੀ ਪੂਰਤੀ ਦੇ ਭਾਰ ਹੇਠ ਦੱਬੀ ਹੋਈ ਉਲਾਰ ਮਾਨਸਿਕਤਾ ਹੁੰਦੀ ਹੈ, ਜੋ ਅਰਦਾਸ ਦੀ ਮੂਲ ਭਾਵਨਾ ਦਾ ਘਾਤ ਹੁੰਦੀ ਹੈ।

ਅਰਦਾਸ ਦੇ ਬਾਰੇ ਚ ਮੇਰੇ ਇਹ ਉਕਤ ਨਿੱਜੀ ਵਿਚਾਰ ਹਨ। ਤੁਹਾਡੇ ਵਿਚਾਰ ਇਸ ਤੋਂ ਵੱਖਰੇ ਹੋ ਸਕਦੇ ਹਨ । ਬਹੁਤ ਚੰਗਾ ਲੱਗੇਗਾ ਜੇਕਰ ਆਪ ਵੀ ਇਸ ਵਿਸ਼ੇ ਬਾਰੇ ਆਪਣੇ ਵਿਚਾਰਾਂ ਤੋਂ ਜਾਣੂ ਕਰਵਾਓਗੇ । ਇਸ ਤਰਾਂ ਕਰਨ ਨਾਲ ਇਕ ਪੰਥ ਦੋ ਕਾਜ ਵਾਲੀ ਕਹਾਵਤ ਮੁਤਾਬਿਕ ਵਿਚਾਰ ਵਟਾਂਦਰਾ ਵੀ ਹੋ ਜਾਏਗਾ, ਵਿਚਾਰਾਂ ਦੀ ਅਮੀਰੀ ਵੀ ਤੇ ਇਸ ਦੇ ਨਾਲ ਹੀ ਅਰਦਾਸ ਦੀ ਅਸਲੀ ਭਾਵਨਾ ਤੇ ਮੰਤਵ ਵੀ ਉਭਰਕੇ ਸਾਹਮਣੇ ਆ ਜਾਣਗੇ । ਧੰਨਵਾਦ ।

 

– ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ
16/06/2020

Previous articleBlack Lives Matter
Next articleਮੁੱਖ ਮੰਤਰੀ ਨੇ PM ਨੂੰ ਪੱਤਰ ਲਿਖ ਜ਼ਿੰਦਗੀਆ ਤੇ ਰੋਜ਼ੀ-ਰੋਟੀ ਬਚਾਉਣ ਲਈ 80845 ਕਰੋੜ ਦੀ ਸਹਾਇਤਾ ਮੰਗੀ