(ਸਮਾਜਵੀਕਲੀ)
ਟੱਪੇ
ਪੱਖਾ ਕਮਰੇ ਵਿੱਚ ਚੱਲਦਾ ਏ,
ਉਸ ਨੂੰ ਨ੍ਹੀ ਮੰਜ਼ਲ ਮਿਲਣੀ
ਜੋ ਈਰਖਾ ਦੀ ਅੱਗ ‘ਚ ਜਲਦਾ ਏ।
ਅੱਜ ਕਲ੍ਹ ਨਲਕਾ ਨਾ ਕੋਈ ਚੱਲੇ,
ਬੰਦਾ ਵਰਤੇ ਨਾ ਇਸ ਨੂੰ ਚੱਜ ਨਾਲ
ਪਾਣੀ ਧਰਤੀ ਦਾ ਜਾਈ ਜਾਵੇ ਥੱਲੇ।
ਨਦੀਆਂ ‘ਚ ਵਹੇ ਪ੍ਰਦੂਸ਼ਿਤ ਪਾਣੀ,
ਨਾ ਇਹ ਫਸਲਾਂ ਦੇ ਕੰਮ ਆਵੇ
ਨਾ ਇਸ ਨੂੰ ਪੀ ਸਕੇ ਕੋਈ ਪ੍ਰਾਣੀ।
ਨਵੀਂ ਸੜਕ ‘ਚ ਪੈ ਗਏ ਖੱਡੇ,
ਠੇਕੇਦਾਰ ਅਫਸਰਾਂ ਨਾਲ ਮਿਲ ਕੇ
ਕਰ ਗਿਆ ਏ ਘਪਲੇ ਵੱਡੇ।
ਨ੍ਹੇਰੀ ਹਰ ਰੋਜ਼ ਹੀ ਆਈ ਜਾਵੇ,
ਫਸਲਾਂ,ਰੁੱਖਾਂ ਤੇ ਪੰਛੀਆਂ ਤੇ
ਇਸ ਨੂੰ ਤਰਸ ਨਾ ਰਤਾ ਆਵੇ।
ਕੋਰੋਨਾ ਵਾਇਰਸ ਦੇ ਦੇਖੋ ਜਲਵੇ,
ਅਮੀਰਾਂ ਦੇ ਘਰ ਪੱਕਣ ਪਰੌਠੇ
ਚੁੱਲ੍ਹੇ ਗਰੀਬਾਂ ਦੇ ਠੰਢੇ ਪਏ।
ਹਾਕਮ ਮੰਦਰ ਬਣਾਈ ਜਾਵੇ,
ਉਹ ਦੋਵੇਂ ਹੱਥ ਖੜੇ ਕਰ ਦੇਵੇ
ਜਦੋਂ ਜਨਤਾ ਦੀ ਵਾਰੀ ਆਵੇ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554