ਲੰਡਨ (ਸਮਰਾ) (ਸਮਾਜਵੀਕਲੀ) -ਕੋਰੋਨਾ ਵਾਇਰਸ ਨੇ ਯੂ.ਕੇ. ਦੇ ਯੂਰਪੀਅਨ ਸੰਘ ਤੋਂ ਤੋੜ ਵਿਛੋੜੇ ਦੀ ਪ੍ਰਕਿ੍ਆ ਨੂੰ ਵੀ ਪ੍ਰਭਾਵਿਤ ਕੀਤਾ ਹੈ | ਇਸ ਸਾਲ ਦੇ ਅਖੀਰ ਤੱਕ ਯੂਰਪੀ ਸੰਘ ਤੋਂ ਮੁਕੰਮਲ ਤੌਰ ‘ਤੇ ਵੱਖ ਹੋਣ ਦੀ ਪ੍ਰਕਿ੍ਆ ਚੱਲ ਰਹੀ ਹੈ |
ਯੂ.ਕੇ. ਨੇ ਕਿਹਾ ਸੀ ਕਿ ਈ. ਯੂ. ਤੋਂ ਆਉਣ ਵਾਲੇ ਸਾਮਾਨ ‘ਤੇ ਜਨਵਰੀ ਵਿਚ ਨਵੇਂ ਨਿਯਮ ਲਾਗੂ ਹੋਣਗੇ ਪਰ ਹੁਣ ਮੰਤਰੀਆਂ ਨੇ ਕਿਹਾ ਹੈ ਕਿ ਸਰਹੱਦਾਂ ‘ਤੇ ਸਖ਼ਤੀ ਕਰਨ ਅਤੇ ਸਬੰਧਿਤ ਕੰਪਨੀਆਂ ਨੂੰ ਹੁਣ ਜੁਲਾਈ 2021 ਤੱਕ ਦਾ ਸਮਾਂ ਦੇਣ, ਕਸਟਮ ਫਾਰਮ ਅਤੇ ਫੀਸਾਂ ਮੁਲਤਵੀ ਕਰਨ ਲਈ ਸਹਿਮਤੀ ਦਿੱਤੀ ਹੈ | ਯੂ.ਕੇ. ਵਲੋਂ ਪ੍ਰੀਵਰਤਨ (ਅਦਲਾ-ਬਦਲੀ) ਦੀ ਮਿਆਦ ਵਿਚ ਵਾਧਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ |
ਜ਼ਿਕਰਯੋਗ ਹੈ ਕਿ ਯੂ.ਕੇ. ਨੇ ਯੂਰਪੀ ਸੰਘ ਨੂੰ ਜਨਵਰੀ ਵਿਚ ਛੱਡ ਦਿੱਤਾ ਸੀ ਪਰ ਅਦਾਨ-ਪ੍ਰਦਾਨ ਦੀ ਹੋਰ ਪ੍ਰਕਿ੍ਆ ਲਈ ਗੱਲਬਾਤ ਇਸ ਸਾਲ ਦੇ ਅਖੀਰ ਤੱਕ ਚੱਲੇਗੀ | ਇਹ ਗੱਲਬਾਤ ਵਾਪਰਕ ਨਿਯਮ, ਇਕ ਬਾਜ਼ਾਰ ਅਤੇ ਕਸਟਮ ਯੂਨੀਅਨ ‘ਤੇ ਮੁੱਖ ਤੌਰ ‘ਤੇ ਕੇਂਦਰਿਤ ਹੈ |