ਸ੍ਰੀਨਗਰ (ਸਮਾਜਵੀਕਲੀ): ਪੁਲੀਸ ਨੇ ਵੀਰਵਾਰ ਨੂੰ ਹੰਦਵਾੜਾ ਵਿਚ ਪਾਕਿਸਤਾਨ ਵਲੋਂ ਸਪਾਂਸਰ ਕੀਤੇ ਨਾਰਕੋ-ਅਤਿਵਾਦ ਦਾ ਪਰਦਾਫਾਸ਼ ਕਰਦਿਆਂ ਲਸ਼ਕਰ-ਏ-ਤੋਇਬਾ ਦੇ ਤਿੰਨ ਸਮਰਥਕਾਂ ਨੂੰ ਗ੍ਰਿਫਤਾਰ ਕਰਕੇ 21 ਕਿਲੋ ਹੈਰੋਇਨ ਅਤੇ 1.34 ਕਰੋੜ ਰੁਪਏ ਬਰਾਮਦ ਕੀਤੇ ਹਨ।
ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਇਥੇ ਦੱਸਿਆ, ‘ਭਰੋਸੇਯੋਗ ਜਾਣਕਾਰੀ’ ਤੇ ਕਾਰਵਾਈ ਕਰਦਿਆਂ ਹੰਦਵਾੜਾ ਦੀ ਪੁਲੀਸ ਨੇ ਪਾਕਿਸਤਾਨ ਵੱਲੋਂ ਸਪਾਂਸਰ ਕੀਤੇ ਗਏ ਨਾਰਕੋ-ਅਤਿਵਾਦ ਦਾ ਪਰਦਾਫਾਸ਼ ਕੀਤਾ ਅਤੇ ਲਸ਼ਕਰ-ਏ-ਤੋਇਬਾ (ਲਸ਼ਕਰ) ਦੇ ਤਿੰਨ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ।
ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਅਬਦੁੱਲ ਮੋਮਿਨ ਪੀਰ, ਇਸਲਾਮ ਉਲ ਹਕ ਪੀਰ ਅਤੇ ਸੱਯਦ ਇਫਤਿਖਰ ਇੰਦਰਬੀ ਦੇ ਤੌਰ ‘ਤੇ ਹੋਈ ਹੈ। ਇਹ ਸਾਰੇ ਹੰਦਵਾੜਾ ਦੇ ਵਸਨੀਕ ਹਨ। ਉਨ੍ਹਾਂ ਨੇ ਦੱਸਿਆ ਕਿ ਤਿੰਨਾਂ ਤੋਂ 21 ਕਿੱਲੋ ਹੈਰੋਇਨ, ਜਿਸ ਦੀ ਕੌਮਾਂਤਰੀ ਬਾਜ਼ਾਰ ਕੀਮਤ 100 ਕਰੋੜ ਰੁਪਏ ਹੈ, 1.34 ਕਰੋੜ ਰੁਪਏ ਅਤੇ ਇਕ ਨਕਦੀ ਗਿਣਨ ਵਾਲੀ ਮਸ਼ੀਨ ਬਰਾਮਦ ਕੀਤੀ ਗਈ ਹੈ। ਗਰੋਹ ਦੇ ਹੋਰ ਮੈਂਬਰਾਂ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ ਜਾਰੀ ਹੈ।