ਨਵੀਂ ਦਿੱਲੀ (ਸਮਾਜਵੀਕਲੀ): ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਭਾਰਤ ਤੇ ਚੀਨ ਦੁਵੱਲੇ ਸਮਝੌਤੇ ਤੇ ਦੋਵਾਂ ਦੇਸ਼ਾਂ ਦੇ ਆਗੂਆਂ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਸਰਹੱਦੀ ਮਸਲੇ ਦੇ ਸ਼ਾਂਤੀਪੂਰਨ ਹੱਲ ਲਈ ਫੌਜੀ ਤੇ ਕੂਟਨੀਤਕ ਵਾਰਤਾ ਜਾਰੀ ਰੱਖਣ ਲਈ ਸਹਿਮਤ ਹੋ ਗਏ ਹਨ। ਵਿਦੇਸ਼ ਮੰਤਰਾਲੇ ਨੇ ਪੂਰਬੀ ਲੱਦਾਖ ਮਸਲੇ ’ਤੇ ਦੋਵਾਂ ਦੇਸ਼ਾਂ ਦੀ ਉੱਚ ਪੱਧਰੀ ਫੌਜੀ ਵਾਰਤਾ ਦੇ ਨਤੀਜਿਆਂ ਦੀ ਜਾਣਕਾਰੀ ਸਾਂਝੀ ਕਰਦਿਆਂ ਇਹ ਗੱਲ ਕਹੀ।
ਵਿਦੇਸ਼ ਮੰਤਰਾਲੇ ਨੇ ਕਿਹਾ, ‘ਦੋਵਾਂ ਮੁਲਕਾਂ ਦੇ ਅਾਗੂਆਂ ਵਿਚਾਲੇ ਮੀਟਿੰਗ ਬਹੁਤ ਹੀ ਸੁਹਿਰਦ ਤੇ ਸਕਾਰਾਤਮਕ ਮਾਹੌਲ ’ਚ ਮੁਕੰਮਲ ਹੋਈ ਅਤੇ ਦੋਵਾਂ ਧਿਰਾਂ ਨੇ ਇਸ ਗੱਲ ’ਤੇ ਸਹਿਮਤੀ ਜਤਾਈ ਕਿ ਉਕਤ ਮਸਲੇ ਦੇ ਜਲਦੀ ਹੱਲ ਨਾਲ ਦੋਵਾਂ ਮੁਲਕਾਂ ਵਿਚਾਲੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ।’ ਮੰਤਰਾਲੇ ਨੇ ਕਿਹਾ, ‘ਦੋਵੇਂ ਧਿਰਾਂ ਵੱਖ ਵੱਖ ਦੁਵੱਲੇ ਸਮਝੌਤਿਆਂ ਤੇ ਆਗੂਆਂ ਵਿਚਾਲੇ ਬਣੀ ਸਹਿਮਤੀ ਨੂੰ ਧਿਆਨ ’ਚ ਰੱਖਦਿਆਂ ਸਰਹੱਦੀ ਖੇਤਰ ਦੇ ਹਾਲਾਤ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣ ਲਈ ਰਾਜ਼ੀ ਹੋ ਗਏ ਹਨ। ਆਗੂਆਂ ਵਿਚਾਲੇ ਸਹਿਮਤੀ ਬਣੀ ਸੀ ਕਿ ਦੁਵੱਲੇ ਸਬੰਧਾਂ ਦੇ ਵਿਕਾਸ ਲਈ ਭਾਰਤ-ਚੀਨ ਸਰਹੱਦੀ ਖੇਤਰ ’ਚ ਅਮਨ ਜ਼ਰੂਰੀ ਹੈ।’
ਵਿਦੇਸ਼ ਮੰਤਰਾਲੇ ਨੇ ਬੀਤੇ ਦਿਨ ਹੋਈ ਫੌਜੀ ਵਾਰਤਾ ਬਾਰੇ ਕਿਹਾ, ‘ਦੋਵੇਂ ਧਿਰਾਂ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਹੈ ਕਿ ਇਸ ਸਾਲ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਰਿਸ਼ਤਿਆਂ ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ ਹੈ ਅਤੇ ਇਸ ਮਸਲੇ ਦੇ ਜਲਦੀ ਹੱਲ ਨਾਲ ਦੁਵੱਲੇ ਰਿਸ਼ਤਿਆਂ ਦਾ ਹੋਰ ਵਿਕਾਸ ਹੋਵੇਗਾ।’ ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਹਾਲਾਤ ਦੇ ਹੱਲ ਅਤੇ ਅਮਨ-ਚੈਨ ਲਈ ਫੌਜੀ ਤੇ ਕੂਟਨੀਤਕ ਗੱਲਬਾਤ ਜਾਰੀ ਰੱਖਣਗੇ।
ਜ਼ਿਕਰਯੋਗ ਹੈ ਕਿ ਪੂਰਬੀ ਲੱਦਾਖ ’ਚ ਕਰੀਬ ਇਕ ਮਹੀਨੇ ਤੋਂ ਚੱਲ ਰਹੇ ਸਰਹੱਦੀ ਵਿਵਾਦ ਨੂੰ ‘ਹਾਂ-ਪੱਖੀ’ ਨਜ਼ਰੀਏ ਨਾਲ ਸੁਲਝਾਉਣ ਦੀ ਪਹਿਲੀ ਕੋਸ਼ਿਸ਼ ਤਹਿਤ ਬੀਤੇ ਦਿਨ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਕਾਰ ਲੈਫ਼ਟੀਨੈਂਟ ਜਨਰਲ ਪੱਧਰ ਦੀ ਵਾਰਤਾ ਹੋਈ ਸੀ। ਭਾਰਤੀ ਵਫ਼ਦ ਦੀ ਅਗਵਾਈ ਲੇਹ ਆਧਾਰਿਤ 14 ਕੋਰ ਦੇ ਜੀਓਸੀ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਜਦਕਿ ਚੀਨੀ ਵਫ਼ਦ ਦੀ ਅਗਵਾਈ ਤਿੱਬਤ ਮਿਲਟਰੀ ਡਿਸਟ੍ਰਿਕਟ ਕਮਾਂਡਰ ਨੇ ਕੀਤੀ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੋਵੇਂ ਮੁਲਕਾਂ ਨੇ ਕੂਟਨੀਤਕ ਪੱਧਰ ’ਤੇ ਗੱਲਬਾਤ ਕਰ ਕੇ ਸਹਿਮਤੀ ਪ੍ਰਗਟਾਈ ਸੀ ਕਿ ਉਹ ‘ਮੱਤਭੇਦਾਂ’ ਦਾ ਹੱਲ ਸ਼ਾਂਤਮਈ ਵਾਰਤਾ ਰਾਹੀਂ ਕੱਢਣਗੇ। ਸਮਝਿਆ ਜਾ ਰਿਹਾ ਹੈ ਕਿ ਭਾਰਤੀ ਵਫ਼ਦ ਨੇ ਪੂਰਬੀ ਲੱਦਾਖ ’ਚ ਗਲਵਾਨ ਵਾਦੀ, ਪੈਂਗੌਂਗ ਤਸੋ ਅਤੇ ਗੋਗਰਾ ’ਚ ਪੁਰਾਣੀ ਸਥਿਤੀ ਬਹਾਲ ਕਰਨ ’ਤੇ ਜ਼ੋਰ ਪਾਇਆ ਹੈ।