ਲੰਡਨ (ਸਮਾਜਵੀਕਲੀ): ਬਰਤਾਨਵੀ ਸੰਸਦ ਵਿਚ ਵਿਰੋਧੀ ਧਿਰ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ‘ਅਪਰੇਸ਼ਨ ਬਲੂ ਸਟਾਰ’ (ਜੂਨ 1984) ਵਿਚ ਤਤਕਾਲੀ ਬਰਤਾਨਵੀ ਮਾਰਗ੍ਰੈਟ ਥੈਚਰ ਸਰਕਾਰ ਦੀ ਸ਼ਮੂਲੀਅਤ ਦੀ ਆਜ਼ਾਦਾਨਾ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਢੇਸੀ ਨੇ ਕਿਹਾ ਕਿ ਇਸ ਗੱਲ ਦੀ ਖੁੱਲ੍ਹ ਕੇ ਜਾਂਚ ਹੋਣੀ ਚਾਹੀਦੀ ਹੈ ਕਿ ਥੈਚਰ ਸਰਕਾਰ ਕਿਸ ਹੱਦ ਤੱਕ ਇਸ ਕਾਰਵਾਈ ਦਾ ਹਿੱਸਾ ਸੀ।
ਯੂਕੇ ਦੇ ਪਹਿਲੇ ਪੱਗੜੀਧਾਰੀ ਸਿੱਖ ਸੰਸਦ ਮੈਂਬਰ ਨੇ ਵੀਰਵਾਰ ਇਹ ਮੁੱਦਾ ‘ਹਾਊਸ ਆਫ਼ ਕਾਮਨਜ਼’ ਵਿੱਚ ਉਠਾਇਆ। ਢੇਸੀ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਉਤੇ ਇੰਦਰਾ ਗਾਂਧੀ ਸਰਕਾਰ ਵੇਲੇ ਕੀਤੇ ਗਏ ਹਮਲੇ ਨੂੰ 36 ਸਾਲ ਹੋ ਚੱਲੇ ਹਨ। ਉਨ੍ਹਾਂ ਕਿਹਾ ਕਿ ਲੰਘੇ ਸਮੇਂ ਦੌਰਾਨ ‘ਬਲੂ ਸਟਾਰ’ ਬਾਰੇ ਕਈ ਖੁਲਾਸੇ ਹੋਣ ਤੇ ਬਰਤਾਨਵੀ ਸਿੱਖ ਭਾਈਚਾਰੇ ਵੱਲੋਂ ਆਜ਼ਾਦ ਜਾਂਚ ਦੀ ਮੰਗ ਰੱਖਣ ਦੇ ਬਾਵਜੂਦ ਇਸ ਬਾਰੇ ਕੋਈ ਕਦਮ ਨਹੀਂ ਚੁੱਕਿਆ ਗਿਆ।
ਕਾਮਨਜ਼ ਦੇ ਆਗੂ ਜੈਕਬ ਰੀਸ-ਮੌਗ ਨੇ ਸਰਕਾਰ ਵੱਲੋਂ ਪ੍ਰਤੀਕਿਰਿਆ ਦਿੰਦਿਆਂ ਅਪਰੇਸ਼ਨ ਬਲੂ ਸਟਾਰ ਦੀ ਵਰ੍ਹੇਗੰਢ ਨੂੰ ‘ਅਹਿਮ ਤਰੀਕ’ ਕਰਾਰ ਦਿੱਤਾ।