ਚੰਡੀਗੜ੍ਹ- ਪੰਜਾਬ ਦੇ ਮੁੱਖ ਸਕੱਤਰ ਦੀ ਹੁਣ ਆਬਕਾਰੀ ਘਾਟੇ ਦੇ ਮਾਮਲੇ ’ਤੇ ਵੀ ਸਿਆਸੀ ਘੇਰਾਬੰਦੀ ਹੋਣ ਲੱਗ ਪਈ ਹੈ। ਮੁੱਖ ਮੰਤਰੀ ਨੂੰ ਫੌਰੀ ਕੋਈ ਰਾਹ ਕੱਢਣਾ ਪਵੇਗਾ ਕਿਉਂਕਿ ਆਪਸੀ ਰੱਫੜ ਕਰ ਕੇ ਕੋਵਿਡ-19 ਦੇ ਪ੍ਰਬੰਧ ਵੀ ਪ੍ਰਭਾਵਿਤ ਹੋਣ ਲੱਗ ਪਏ ਹਨ। ਬੇਸ਼ੱਕ ਮੁੱਖ ਸਕੱਤਰ ਤੋਂ ਆਬਕਾਰੀ ਮਹਿਕਮਾ ਵਾਪਸ ਲੈ ਕੇ ਮੁੱਖ ਮੰਤਰੀ ਨੇ ਨਵੇਂ ਸੰਕੇਤ ਦਿੱਤੇ ਹਨ ਪ੍ਰੰਤੂ ਵਜ਼ੀਰਾਂ ਨੇ ਇਸ ਨੂੰ ਵੱਕਾਰ ਦਾ ਸੁਆਲ ਬਣਾ ਲਿਆ ਹੈ।
ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਟਵੀਟ ਕਰ ਕੇ ਸਰਕਾਰੀ ਖ਼ਜ਼ਾਨੇ ਨੂੰ ਆਬਕਾਰੀ ਦੇ ਤਿੰਨ ਵਰ੍ਹਿਆਂ ਦੇ ਪਏ ਘਾਟੇ ਦੀ ਪੜਤਾਲ ਦੀ ਮੰਗ ਕੀਤੀ ਹੈ। ਉਨ੍ਹਾਂ ਰਾਜਾ ਵੜਿੰਗ ਦੇ ਬਿਆਨਾਂ ਦੀ ਪ੍ਰੋੜਤਾ ਕਰਦਿਆਂ ਆਬਕਾਰੀ ਘਾਟੇ ਦੀ ਜਾਂਚ ਕਰਵਾਉਣ ਲਈ ਕਿਹਾ ਹੈ। ਉਧਰ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਆਬਕਾਰੀ ਘਾਟੇ ਦੇ ਬਹਾਨੇ ਹੁਣ ਮੁੱਖ ਮੰਤਰੀ ਨੂੰ ਨਿਸ਼ਾਨੇ ’ਤੇ ਰੱਖਣ ਦਾ ਮੌਕਾ ਮਿਲ ਗਿਆ ਹੈ।
ਉਨ੍ਹਾਂ ਅੱਜ ਮੁੜ ਟਵੀਟ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਮੁੱਖ ਸਕੱਤਰ ਨਾਲ ਉੱਠੇ ਹਿੱਤਾਂ ਦੇ ਟਕਰਾਅ ਦੇ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਏਜੰਸੀ ਤੋਂ ਕਰਵਾਈ ਜਾਵੇ। ਦੱਸਣਯੋਗ ਹੈ ਕਿ ਲੰਘੇ ਦਿਨੀਂ ਰਾਜਾ ਵੜਿੰਗ ਨੇ ਉਪਰੋਥਲੀ ਟਵੀਟ ਕਰ ਕੇ ਮੁੱਖ ਸਕੱਤਰ ਦੇ ਲੜਕੇ ਦੇ ਕਾਰੋਬਾਰ ’ਤੇ ਉਂਗਲ ਉਠਾਈ ਸੀ।
ਇਸੇ ਦੌਰਾਨ ਵਿਧਾਇਕ ਰਾਜਕੁਮਾਰ ਵੇਰਕਾ ਨੇ ਵੀ ਆਖ ਦਿੱਤਾ ਹੈ ਕਿ ਅਗਰ ਤਿੰਨ ਵਰ੍ਹਿਆਂ ਤੋਂ ਆਬਕਾਰੀ ਘਾਟੇ ਪੈ ਰਹੇ ਹਨ ਤਾਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਹੋਰ ਕਾਂਗਰਸੀ ਵਿਧਾਇਕ ਵੀ ਵਜ਼ੀਰਾਂ ਦੀ ਪਿੱਠ ’ਤੇ ਖੜ੍ਹਨ ਲੱਗੇ ਹਨ। ਦੂਸਰੀ ਤਰਫ਼ ਦੋ ਵਜ਼ੀਰਾਂ ਵਿਚ ਵੀ ਮੁੱਖ ਸਕੱਤਰ ਦਾ ਮਾਮਲਾ ਦਰਾੜ ਬਣਨ ਲੱਗਾ ਹੈ।
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਜਾਣ ਨਾਲ ਮਾਮਲਾ ਨਵੀਂ ਰੰਗਤ ਲੈ ਗਿਆ ਹੈ। ਚਰਚੇ ਛਿੜੇ ਹਨ ਕਿ ਬਾਜਵਾ ਵੱਲੋਂ ਚੰਨੀ ਨੂੰ ਮੁੱਖ ਸਕੱਤਰ ਦੇ ਮਾਮਲੇ ’ਤੇ ਥੋੜ੍ਹਾ ਠੰਢਾ ਰਹਿਣ ਵਾਸਤੇ ਦਬਾਅ ਪਾਇਆ ਗਿਆ ਹੈ। ਚੰਨੀ ਇਸ ਗੱਲੋਂ ਨਾਖੁਸ਼ ਹਨ। ਸੂਤਰਾਂ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਚੰਨੀ ਅਤੇ ਬਾਜਵਾ ਨੂੰ ਫੋਨ ਵੀ ਕੀਤਾ ਹੈ।
ਉਂਜ ਪੰਚਾਇਤ ਮੰਤਰੀ ਬਾਜਵਾ ਨੇ ਕਿਹਾ ਕਿ ਮੁੱਖ ਸਕੱਤਰ ਦੇ ਮਾਮਲੇ ’ਤੇ ਉਹ ਪੂਰੀ ਤਰ੍ਹਾਂ ਵਜ਼ੀਰ ਸਾਥੀਆਂ ਨਾਲ ਖੜ੍ਹੇ ਹਨ। ‘ਮੈਂ ਚੰਨੀ ਦੇ ਘਰ ਮਿਲਣ ਗਿਆ ਸੀ ਅਤੇ ਆਪਣੇ ਸਾਥੀ ਨੂੰ ਕੋਈ ਧਮਕੀ ਦੇਣ ਬਾਰੇ ਕਿੱਦਾਂ ਸੋਚ ਸਕਦਾ ਹਾਂ।’ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਫੋਨ ਤਾਂ ਆਉਂਦੇ ਰਹਿੰਦੇ ਹਨ ਪ੍ਰੰਤੂ ਇਸ ਬਾਰੇ ਕੋਈ ਵਿਸ਼ੇਸ਼ ਫੋਨ ਨਹੀਂ ਆਇਆ ਹੈ।