ਕਰੋਨਾ ਖ਼ਿਲਾਫ਼ ਲੜਾਈ ਅਗਲੇ ਗੇੜ ’ਚ ਦਾਖ਼ਲ: ਟਰੰਪ

ਵਾਸ਼ਿੰਗਟਨ (ਸਮਾਜਵੀਕਲੀ)  – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਕਰੋਨਾ ਖਿਲਾਫ਼ ਲੜਾਈ ਅਗਲੇ ਗੇੜ ਵਿੱਚ ਦਾਖ਼ਲ ਹੋ ਗਈ ਹੈ। ਅਮਰੀਕੀ ਸਦਰ ਨੇ ਕਿਹਾ ਕਿ ਮੁਲਕ ਵਿੱਚ ਕਰੋਨਾਵਾਇਰਸ ਦਾ ਕਹਿਰ ਘਟਣ ਲੱਗਾ ਹੈ ਤੇ ਦੇਸ਼ ਨੂੰ ਬਹੁਤ ਹੀ ਸੁਰੱਖਿਅਤ ਤੇ ਪੜਾਅਵਾਰ ਤਰੀਕੇ ਨਾਲ ਹੌਲੀ ਹੌਲੀ ਮੁੜ ਖੋਲ੍ਹਣਾ ਹੈ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਫੀਨਿਕਸ ਦੇ ਹਨੀਵੈੱਲ ਇੰਟਰਨੈਸ਼ਨਲ ਵਿੱਚ ਕਿਹਾ, ‘ਸਾਡੇ ਨਾਗਰਿਕਾਂ ਵੱਲੋਂ ਵਿਖਾਈ ਵਚਨਬੱਧਤਾ ਲਈ ਉਨ੍ਹਾਂ ਦਾ ਸ਼ੁਕਰੀਆ। ਅਸੀਂ ਖ਼ਤਰੇ ਨੂੰ ਪਾਰ ਕਰ ਲਿਆ ਹੈ ਤੇ ਅਣਗਿਣਤ ਅਮਰੀਕੀਆਂ ਦੀ ਜਾਨ ਬਚਾਅ ਲਈ ਗਈ ਹੈ। ਸਾਡਾ ਦੇਸ਼ ਲੜਾਈ ਦੇ ਅਗਲੇ ਗੇੜ ਵਿੱਚ ਹੈ।

ਮੁਲਕ ਨੂੰ ਬਹੁਤ ਹੀ ਸੁਰੱਖਿਅਤ, ਪੜਾਅਵਾਰ ਤੇ ਮੱਧਮ ਰਫ਼ਤਾਰ ਨਾਲ ਖੋਲ੍ਹਿਆ ਜਾ ਰਿਹੈ।’ ਅਮਰੀਕਾ ਦੀ ਜੌਹਨ ਹੌਪਕਿਨਜ਼ ਯੂਨੀਵਰਸਿਟੀ ਮੁਤਾਬਕ ਮੰਗਲਵਾਰ ਤਕ ਇਸ ਮਾਰੂ ਵਾਇਰਸ ਕਰਕੇ ਹੁਣ ਤੱਕ 71 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਜਾਂਦੀ ਰਹੀ ਹੈ ਤੇ 12 ਲੱਖ ਤੋਂ ਵਧ ਲੋਕ ਅਜੇ ਵੀ ਕਰੋਨਾਵਾਇਰਸ ਦੀ ਮਾਰ ਹੇਠ ਹਨ। ਦੇਸ਼ ਵਿੱਚ ਪਿਛਲੇ ਇਕ ਹਫ਼ਤੇ ਦੌਰਾਨ ਨਵੇਂ ਕੇਸਾਂ ਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਹੈ।

ਟਰੰਪ ਪ੍ਰਸ਼ਾਸਨ ਨੇ ਕਰੋਨਾਵਾਇਰਸ ਦੇ ਟਾਕਰੇ ਲਈ ਬਣਾਈ ਵ੍ਹਾਈਟ ਹਾਊਸ ਟਾਸਕ ਫੋਰਸ ਦਾ ਬਿਸਤਰਾ ਗੋਲ ਕਰਨ ਦੀ ਤਿਆਰੀ ਖਿੱਚ ਲਈ ਹੈ। ਟਾਸਕ ਫੋਰਸ ਦੀ ਅਗਵਾਈ ਕਰਨ ਵਾਲੇ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਕਿਹਾ ਕਿ ਉਹ ਹੌਲੀ ਹੌਲੀ ਆਪਣੀਆਂ ਜ਼ਿੰਮੇਵਾਰੀਆਂ ਸਬੰਧਤ ਸੰਘੀ ਏਜੰਸੀਆਂ ਨੂੰ ਸੌਂਪ ਦੇਣਗੇ। ਇਸ ਦੌਰਾਨ ਕੈਲੀਫੋਰਨੀਆ ਤੋਂ ਡੈਮੋਕਰੈਟ ਆਗੂ ਨੈਨਸੀ ਪੈਲੋਸੀ ਨੇ ਕਿਹਾ ਕਿ ਉਹ ਕੋਵਿਡ-19 ਸੰਕਟ ਦੌਰਾਨ ਰਾਜਾਂ ਤੇ ਮੁਕਾਮੀ ਸਰਕਾਰਾਂ ਦੀ ਮਦਦ ਲਈ ਸ਼ਾਹਦੀ ਭਰਦੇ ਇਕ ਬਿੱਲ ’ਤੇ ਚਰਚਾ ਲਈ ਸਦਨ ਵਿੱਚ ਜ਼ੋਰ ਪਾਉਣਗੇ।

Previous articleBank of England warns of deepest recession on record
Next articleਬੌਬੀ ਦਿਓਲ ਦੇ ਇਸ ਕੰਮ ਨੂੰ ਸਲਮਾਨ ਖਾਨ ਕੀਤਾ ਸਲਾਮ