ਜਲੰਧਰ (ਸਮਾਜਵੀਕਲੀ)- ਲੌਕਡਾਊਨ ਤੇ ਕਰਫ਼ਿਊ ਕਾਰਨ ਫਸੇ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਸੂਬਿਆਂ ਵਿੱਚ ਵਾਪਸ ਪਹੁੰਚਾਉਣ ਲਈ ਅੱਜ ਇੱਥੋਂ ਦੇ ਰੇਲਵੇ ਸਟੇਸ਼ਨ ਤੋਂ ਸ਼੍ਰਮਿਕ ਐਕਸਪ੍ਰੈੱਸ ਰੇਲਗੱਡੀ ਮਜ਼ਦੂਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੈ ਕੇ ਝਾਰਖੰਡ ਲਈ ਰਵਾਨਾ ਹੋਈ। ਇਸ ਗੱਡੀ ਵਿੱਚ ਕਰੀਬ 1200 ਪਰਵਾਸੀ ਮਜ਼ਦੂਰ ਸਵਾਰ ਸਨ।
ਉਨ੍ਹਾਂ ਦੇ 7.12 ਲੱਖ ਰੁਪਏ ਦੇ ਬਣਦੇ ਕਿਰਾਏ ਦਾ ਭੁਗਤਾਨ ਪੰਜਾਬ ਸਰਕਾਰ ਨੇ ਰੇਲਵੇ ਨੂੰ ਅਦਾ ਕੀਤਾ ਹੈ। ਪੰਜਾਬ ਪਹਿਲਾ ਅਜਿਹਾ ਸੂਬਾ ਹੈ, ਜਿੱਥੋਂ ਗਏ ਪਰਵਾਸੀ ਮਜ਼ਦੂਰਾਂ ਦਾ ਕਿਰਾਇਆ ਸੂਬਾ ਸਰਕਾਰ ਨੇ ਭਰਿਆ ਹੈ। ਕਾਂਗਰਸ ਦੀ ਕੁੱਲ ਹਿੰਦ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਇਹ ਐਲਾਨ ਕੀਤਾ ਸੀ ਕਿ ਕਾਂਗਰਸ ਪਾਰਟੀ ਦੇਸ਼ ਅੰਦਰ ਆਪਣੇ ਸੂਬਿਆਂ ਨੂੰ ਜਾਣ ਵਾਲੇ ਮਜ਼ਦੂਰਾਂ ਦਾ ਕਿਰਾਇਆ ਦੇਵੇਗੀ।
ਇਸ ਰੇਲ ਗੱਡੀ ਦੇ ਰਵਾਨਾ ਹੋਣ ਦਾ ਸਮਾਂ ਸਵੇਰੇ ਸਾਢੇ 11 ਵਜੇ ਮਿਥਿਆ ਗਿਆ ਸੀ ਪਰ ਕਈ ਪਰਵਾਸੀ ਮਜ਼ਦੂਰ ਮੈਡੀਕਲ ਜਾਂਚ ਕੈਂਪਾਂ ਤੋਂ ਪੈਦਲ ਤੁਰ ਕੇ ਆਏ, ਜਿਸ ਕਾਰਨ ਗੱਡੀ ਕਰੀਬ ਡੇਢ ਵਜੇ ਰਵਾਨਾ ਹੋਈ। ਮਜ਼ਦੂਰਾਂ ਨੂੰ ਰੇਲ ਸਫ਼ਰ ਦੌਰਾਨ ਖਾਣੇ ਦੇ ਪੈਕੇਟ ਡੇਰਾ ਰਾਧਾ ਸੁਆਮੀ ਵੱਲੋਂ ਦਿੱਤੇ ਗਏ।
ਰੇਲਵੇ ਸਟੇਸ਼ਨ ਤੋਂ ਇਸ ਵਿਸ਼ੇਸ਼ ਗੱਡੀ ਨੂੰ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਦੇਖ-ਰੇਖ ਵਿੱਚ ਰਵਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 600 ਪਰਵਾਸੀ ਮਜ਼ਦੂਰਾਂ ਨੂੰ ਪਠਾਨਕੋਟ ਚੌਕ ਨੇੜੇ ਬੱਲੇ-ਬੱਲੇ ਫਾਰਮ, 300 ਮਜ਼ਦੂਰਾਂ ਨੂੰ ਖਾਲਸਾ ਸਕੂਲ ਨਕੋਦਰ ਰੋਡ ਅਤੇ 300 ਮਜ਼ਦੂਰਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਹਿਰੂ ਗਾਰਡਨ ਰੋਡ ਤੋਂ ਲਿਆਂਦਾ ਗਿਆ ਸੀ।
ਮੈਡੀਕਲ ਸਕਰੀਨਿੰਗ ਤੋਂ ਬਾਅਦ ਇਨ੍ਹਾਂ ਪਰਵਾਸੀ ਮਜ਼ਦੂਰਾਂ ਨੂੰ ਪੰਜਾਬ ਸਰਕਾਰ ਵਲੋਂ ਮੁਹੱਈਆ ਕਰਵਾਈਆਂ ਗਈਆਂ 20 ਬੱਸਾਂ ਰਾਹੀਂ ਰੇਲਵੇ ਸਟੇਸ਼ਨ ਲਿਆਂਦਾ ਗਿਆ। ਰੇਲਵੇ ਸਟੇਸ਼ਨ ’ਤੇ ਕਈ ਪਰਵਾਸੀ ਮਜ਼ਦੂਰਾਂ ਨੇ ਗਿਲਾ ਕੀਤਾ ਕਿ ਉਹ ਮੈਡੀਕਲ ਚੈਕਅੱਪ ਕਰਵਾਉਣ ਲਈ ਤੜਕੇ ਚਾਰ ਵਜੇ ਮਿਥੀ ਥਾਂ ’ਤੇ ਆ ਗਏ ਸਨ ਪਰ ਉਨ੍ਹਾਂ ਲਈ ਖਾਣੇ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੀ ਤੇ ਨਾ ਹੀ ਉਥੇ ਪੀਣ ਵਾਲਾ ਪਾਣੀ ਮਿਲਿਆ। ਕਈ ਮਜ਼ਦੂਰਾਂ ਨੇ ਕਿਹਾ ਕਿ ਜਦੋਂ ਹਾਲਾਤ ਸੁਧਰਨਗੇ, ਉਹ ਉਦੋਂ ਪੰਜਾਬ ਵਾਪਸ ਆਉਣਗੇ। ਉਦੋਂ ਤੱਕ ਉਹ ਉਥੇ ਆਪਣੇ ਪਰਿਵਾਰਾਂ
ਵਿੱਚ ਰਹਿ ਕੇ ਹੀ ਕੰਮ ਕਰਨਗੇ। ਕਈ ਔਰਤਾਂ ਨੇ ਗੋਦੀ ਵਿੱਚ ਨਵਜਾਤ ਬੱਚੇ ਚੁੱਕੇ ਹੋਏ ਸਨ, ਜਿਹੜੇ ਲੌਕਡਾਊਨ ਦੇ ਸਮੇਂ ਦੌਰਾਨ ਹੀ ਜਨਮੇ ਹਨ। ਮੈਡੀਕਲ ਸਕਰੀਨਿੰਗ ਤੋਂ ਲੈ ਕੇ ਰੇਲ ਗੱਡੀ ਵਿੱਚ ਚੜ੍ਹਾਉਣ ਤੱਕ ਪਰਵਾਸੀ ਮਜ਼ਦੂਰਾਂ ਵਿੱਚ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਪਰਵਾਸੀ ਮਜ਼ਦੂਰਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਚ ਪੱਧਰੀ ਟੀਮ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ।
ਇਸ ਟੀਮ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਵਧੀਕ ਕਮਿਸ਼ਨਰ ਨਗਰ ਨਿਗਮ ਬਬੀਤਾ ਕਲੇਰ, ਡਿਪਟੀ ਕਮਿਸ਼ਨਰ ਪੁਲੀਸ ਗੁਰਮੀਤ ਸਿੰਘ ਅਤੇ ਬਲਕਾਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਪੁਲੀਸ ਡੀ. ਸੁਡਰਵਿਜ਼ੀ ਅਤੇ ਪੀਐੱਸ. ਭੰਡਾਰ, ਐੱਸਪੀ ਆਰਪੀਐੱਸ ਸੰਧੂ, ਉਪ ਮੰਡਲ ਮੈਜਿਸਟ੍ਰੇਟ ਰਾਹੁਲ ਸਿੰਧੂ ਅਤੇ ਡਾ. ਜੈ ਇੰਦਰ ਸਿੰਘ, ਸਕੱਤਰ ਆਰਟੀਏ ਬਰਜਿੰਦਰ ਸਿੰਘ ਅਤੇ ਹੋਰ ਸ਼ਾਮਲ ਹਨ।
ਅਜਿਹੀਆਂ ਹੋਰ ਰੇਲ ਗੱਡੀਆਂ ਲਖਨਊ, ਵਾਰਾਨਸੀ, ਅਯੁੱਧਿਆ, ਗੋਰਖਪੁਰ, ਪ੍ਰਯਾਗਰਾਜ (ਅਲਾਹਾਬਾਦ), ਸੁਲਤਾਨਪੁਰ, ਕਟਨੀ (ਮੱਧ ਪ੍ਰਦੇਸ਼), ਝਾਰਖੰਡ ਅਤੇ ਹੋਰਨਾਂ ਸੂਬਿਆਂ ਲਈ ਚਲਾਈਆਂ ਜਾਣਗੀਆਂ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਜਿਨ੍ਹਾਂ ਪਰਵਾਸੀ ਮਜ਼ਦੂਰਾਂ ਨੇ ਆਪਣੇ-ਆਪ ਨੂੰ ਪੰਜਾਬ ਸਰਕਾਰ ਦੇ ਪੋਰਟਲ ’ਤੇ ਰਜਿਸਟਰ ਕਰਵਾਇਆ ਹੈ ਉਨ੍ਹਾਂ ਨੂੰ ਵਾਪਸ ਜਾਣ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।