(ਸਮਾਜ ਵੀਕਲੀ)
ਪੁਸਤਕ ਦਾ ਨਾਂ- ਚਾਨਣ ਦਾ ਅਨੁਵਾਦ
ਲੇਖਕ – ਅਨੁਪਿੰਦਰ ਸਿੰਘ ਅਨੂਪ
ਕੀਮਤ – 200/ ਰੁਪਏ
ਪੰਨੇ – 88
ਜਦ ਵੀ ਨ੍ਹੇਰੇ ਨਾਲ ਇਹ ਚਾਨਣ ਲੜਦਾ ਹੈ।
ਮੁੱਕ ਜਾਂਦੀ ਹੈ ਰਾਤ ਸਵੇਰਾ ਚੜ੍ਹਦਾ ਹੈ।
ਗ਼ਜ਼ਲ ਸੰਗ੍ਰਹਿ ‘ਚਾਨਣ ਦਾ ਅਨੁਵਾਦ’ ਦਾ ਪਹਿਲਾ ਸ਼ਿਅਰ ਹੀ ਇਹ ਸਪਸ਼ਟ ਕਰ ਦਿੰਦਾ ਹੈ ਕਿ ਸ਼ਾਇਰ ਅਨੁਪਿੰਦਰ ਸਿੰਘ ਅਨੂਪ ਸਮਾਜਿਕ ਤਾਣੇ ਬਾਣੇ ਵਿੱਚ ਆਈ ਗਿਰਾਵਟ ਨੂੰ ਠੀਕ ਕਰਨ ਦੇ ਔਖਆਰੇ ਰਾਹ ਦਾ ਪਾਂਧੀ ਹੈ ।
ਅਨੁਪਿੰਦਰ ਸਿੰਘ ਅਨੂਪ ਜੀ ਦੀਆਂ ਗ਼ਜ਼ਲਾਂ ਦੇ ਬਹੁਤੇ ਸ਼ਿਅਰ ਮਾਨਵੀਂ ਕਦਰਾਂ ਕੀਮਤਾਂ ਦੀ ਰਾਖੀ ਕਰਦੇ ਹੋਏ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਕਰਤਾਰੀ ਕਾਰਜ ਕਰਦੇ ਹਨ ਤੇ ਨਾਲ ਹੀ ਸਮਾਜ ਵਿੱਚ ਫੈਲੇ ਅਨਪੜ੍ਹਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਵੀ ਕਾਹਲੇ ਹਨ
ਬਾਲ਼ਾਂ ਦੀਵੇ ਹਰਫ਼ਾਂ ਦੇ,
ਨ੍ਹੇਰਾ ਮੈਂ ਜਿਸ ਥਾਂ ਵੇਖਾਂ ।
ਵਿਸ਼ਵ ਮੰਡੀ ਨੇ ਜਿੱਥੇ ਮਾਨਵੀਂ ਮਾਨਸਿਕਤਾ ਨੂੰ ਖੁਦਗਰਜ਼ੀ ਦੇ ਕਲਾਵੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਹੈ ਉੱਥੇ ਹੀ ਅਨੁਪਿੰਦਰ ਸਿੰਘ ਅਨੂਪ ਨੇ ਜੀਓ ਤੇ ਜੀਣ ਦਓ ਦੇ ਫ਼ਲਸਫ਼ੇ ਦੀ ਗੱਲ ਕਰਦਿਆਂ ਲਿਖਿਆ ਹੈ
ਆਪ ਜੀਣਾ ਜੀਣ ਦੇਣਾ ਹੋਰ ਨੂੰ,
ਖ਼ੂਬਸੂਰਤ ਹੈ ਬੜਾ ਇਹ ਫ਼ਲਸਫ਼ਾ।
ਇਸ ਗ਼ਜ਼ਲ ਸੰਗ੍ਰਹਿ ਦੀ ਜਿੱਥੇ ਇਹ ਖ਼ੂਬਸੂਰਤ ਵਡਿਆਈ ਹੈ ਕਿ ਇਹ ਕਿਸੇ ਰੱਬੀ ਚਮਤਕਾਰ ਦੀ ਹਾਮੀ ਨਾ ਭਰਕੇ ਮੇਹਨਤ ਨਾਲ ਹਰ ਮੰਜ਼ਿਲ ਸਰ ਕਰਨ ਦੀ ਗੱਲ ਤੋਰਦੀ ਹੈ ਉੱਥੇ ਹੀ ਹਰ ਔਕੜ ਨੂੰ ਹਿੰਮਤ ਹੌਂਸਲੇ ਨਾਲ ਨਜਿੱਠਕੇ ਨਵੇਂ ਦਿਸਹੱਦੇ ਸਰ ਕਰਨ ਦੀ ਬਾਤ ਵੀ ਪਾਉਂਦੀ ਹੈ
ਧੁੱਪ ਝੱਖੜ ਬਿਰਖ ਜਿਹੜੇ ਸਹਿਣਗੇ,
ਉਹ ਬਹਾਰਾਂ ਤੀਕ ਜ਼ਿੰਦਾ ਰਹਿਣਗੇ।
ਭੁੱਖ ਗ਼ਰੀਬੀ ਬੇਵਸੀ ਦੇ ਉਮਰੋਂ ਲੰਮੇ ਪੈਂਡੇ ਨੂੰ ਖਤਮ ਕਰਕੇ ਖੁਸ਼ੀਆਂ ਭਰਿਆ ਰੱਜਵਾਂ ਟੁੱਕਰ ਖਾਣਾ ਲੋਚਦੇ ਹੋ ਤਾਂ ਕਿਸੇ ਰਾਹ ਦਸੇਰੇ ਦੀ ਉਡੀਕ ਨਾ ਕਰੋ ਤੇ ਚਲ ਪਵੋ ਉਹ ਕੁਝ ਹਾਸਿਲ ਕਰਨ ਨੂੰ ਜੋ ਜਿਸਨੇ ਲੋਚਿਆ ਹੈ
ਜੇ ਪੈਰ ਨੇ ਸਲਾਮਤ ਤੇ ਰਾਹ ਵੀ ਠੀਕ ਹੈ।
ਫਿਰ ਕਿਉਂ ਨਹੀਂ ਹੋ ਤੁਰਦੇ ਕਿਸਦੀ ਉਡੀਕ ਹੈ।
ਇਸ ਗ਼ਜ਼ਲ ਸੰਗ੍ਰਹਿ ਦੀ ਹਰ ਗ਼ਜ਼ਲ ਦੇ ਬੂਹੇ ‘ਤੇ ਪਿਆਰ ਮੁਹੱਬਤ ਅਪਣੱਤ ਦੀ ਤਖਤੀ ਲਟਕਦੀ ਨਜ਼ਰ ਆਉਂਦੀ ਹੈ ਜੋ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੰਦੀ ਆਖਦੀ ਹੈ ਕਿ
ਹਾਂ ਇਕੱਠੇ ਤਾਂ ਅਸੀਂ ਮਜ਼ਬੂਤ ਹਾਂ,
ਤੋੜ ਸਕਦੈ ਹਰ ਕੋਈ ਵੱਖ ਵੱਖ ਨੂੰ।
ਅਨੁਪਿੰਦਰ ਸਿੰਘ ਅਨੂਪ ਜੀ ਦੀ ਲਿਖਣ ਸ਼ੈਲੀ ਦੀ ਇਹ ਖ਼ੂਬਸੂਰਤੀ ਹੈ ਕਿ ਉਹ ਹਰ ਔਖੀ ਤੇ ਕੌੜੀ ਗੱਲ ਨੂੰ ਵੀ ਬੜੇ ਸਹਿਜ ,ਸਰਲ ਤੇ ਮਿੱਠੇ ਲਹਿਜੇ ਵਿੱਚ ਕਹਿਣ ਦੇ ਸਮਰੱਥ ਹਨ। ਥੋੜ੍ਹੇ ਸ਼ਬਦਾਂ ਵਿੱਚ ਵੱਡੇ ਅਰਥਾਂ ਦੀ ਗੱਲ ਕਹਿਣ ਦਾ ਹੁਨਰ ਵੀ ਬੜੇ ਕਮਾਲ ਦਾ ਹੈ ਅਖੀਰ ਵਿੱਚ ਮੈ ਏਹੀ ਕਹਾਂਗਾ ਕਿ ਚੌਵੀ ਕੈਰੇਟ ਸੋਨੇ ਦੇ ਗਹਿਣੇ ਵਰਗੀ ‘ਚਾਨਣ ਦਾ ਅਨੁਵਾਦ’ ਪੁਸਤਕ ਸਾਹਿਤ ਸੁਆਣੀ ਦੇ ਹੁਸ਼ਨ ਨੂੰ ਹੋਰ ਚਾਰ ਚੰਨ ਲਾ ਰਹੀ ਹੈ
ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਮੋ. 97797-91442
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly