ਮੋਗਾ: ਵਿਦੇਸ਼ਾਂ ਤੋਂ ਆਏ 400 ਤੋਂ ਵੱਧ ਵਿਅਕਤੀ ਘਰਾਂ ’ਚ ਨਜ਼ਰਬੰਦ
ਮੋਗਾ– ਦੁਨੀਆਂ ਭਰ ’ਚ ਗੰਭੀਰ ਸੰਕਟ ਬਣੇ ਕਰੋਨਾਵਾਇਰਸ ਦੇ ਸੰਭਾਵੀ ਖਤਰਿਆਂ ਨਾਲ ਨਜਿੱਠਣ ਲਈ ਇਥੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਈ ਸਖ਼ਤ ਕਦਮ ਚੁੱਕੇ ਹਨ। ਇਸ ਜ਼ਿਲ੍ਹੇ ’ਚ ਵਿਦੇਸ਼ਾਂ ਤੋਂ ਆਏ 400 ਤੋਂ ਵੱਧ ਲੋਕਾਂ ਨੂੰ 15 ਦਿਨ ਤੱਕ ਆਪਣੇ ਘਰ ’ਚੋਂ ਬਾਹਰ ਨਿਕਲਣ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪਿੰਡਾਂ ’ਚ ਧਾਰਮਿਕ ਸਥਾਨਾਂ ਰਾਹੀਂ ਇਨ੍ਹਾਂ ਨੂੰ ਪਾਬੰਦ ਰਹਿਣ ਲਈ ਮੁਨਿਆਦੀ ਵੀ ਕਰਵਾਈ ਜਾ ਰਹੀ ਹੈ।
ਇਥੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਅਤੇ ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਵੱਲੋਂ ਕੋਵਿਡ-19 (ਕਰੋਨਾਵਾਇਰਸ) ਲਈ ਬੁਲਾਈ ਗਈ ਸਾਂਝੀ ਪ੍ਰੈਸ ਕਾਨਫਰੰਸ ’ਚ ਦੱਸਿਆ ਕਿ ਮੋਗਾ ਜਿਲ੍ਹੇ ’ਚ ਵਿਦੇਸ਼ਾਂ ਤੋਂ ਆਏ 400 ਤੋਂ ਵੱਧ ਲੋਕਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ ਅਤੇ ਉਨ੍ਹਾਂ ’ਤੇ ਘੱਟ ਤੋ ਘੱਟ 15 ਦਿਨ ਤੱਕ ਘਰ’ਚੋਂ ਨਿਕਲਣ ਉੱਤੇ ਪਾਬੰਦੀ ਲਗਾਈ ਗਈ ਹੈ। ਇਸ ਬਾਰੇ ਪਿੰਡਾਂ’ਚ ਧਾਰਮਿਕ ਸਥਾਨਾਂ ਰਾਹੀਂ ਇਹ ਮੁਨਿਆਦੀ ਵੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਉੱਤੇ ਮੋਬਾਈਲ ਲੋਕੇਸ਼ਨ ਨਾਲ ਨਜ਼ਰ ਰੱਖੀ ਜਾ ਰਹੀ ਹੈ ਜੇ ਕਿਸੇ ਨੇ ਹੁਕਮਾਂ ਦੀ ਉਲੰਘਣਾ ਕੀਤੀ ਤਾਂ ਉਸ ਖ਼ਿਲਾਫ਼ ਆਈਪੀਸੀ. ਦੀ ਧਾਰਾ 188 ਅਧੀਨ ਐਫ਼ਆਈਆਰ ਦਰਜ਼ ਕੀਤੀ ਜਾ ਸਕਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਕਿਹਾ ਕਿ ਭਾਂਵੇ ਇਸ ਬਿਮਾਰੀ ਦਾ ਸੂਬੇ’ਚ ਨਾਮਾਤਰ ਅਸਰ ਹੈ ਪਰ ਫ਼ਿਰ ਵੀ ਇਸ ਤੋਂ ਬਚਾਅ ਲਈ ਬਹੁਤ ਸਾਵਧਾਨੀ ਨਾਲ ਸਾਨੂੰ ਸਮਾਜ ਵਿੱਚ ਵਿਚਰਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਇਸ ਬਿਮਾਰੀ ਤੋਂ ਡਰਨ ਦੀ ਬਿਜਾਏ ਇਸ ਸਬੰਧੀ ਜਾਗਰੂਕ ਹੋ ਕੇ ਬਚਿਆ ਜਾ ਸਕਦਾ ਹੈ। ਬਿਮਾਰੀ ਤੋਂ ਸੁਰੱਖਿਅਤ ਰਹਿਣ ਲਈ ਸਿਹਤ ਵਿਭਾਗ ਨੇ ਲੋਕਾਂ ਨੂੰ ਘਰ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਸ ਮੌਕੇ ਏਡੀਸੀ ਅਨੀਤਾ ਦਰਸ਼ੀ, ਐੱਸਡੀਐੱਮ ਬਾਘਾਪੁਰਾਣਾ ਸਵਰਨ ਕੌਰ ਤੇ ਐੱਸਡੀਐੱਮ ਨਿਹਾਲ ਸਿੰਘ ਵਾਲਾ ਰਾਮ ਸਿੰਘ ਤੇ ਹੋਰ ਅਧਿਕਾਰੀ ਮੌਜੂਦ ਸਨ।