ਕਰੋਨਾਵਾਇਰਸ ਦਾ ਖੌਫ਼ ਹੁਣ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਵੀ ਪੁੱਜ ਗਿਆ ਹੈ, ਜਿੱਥੋਂ ਪਿਛਲੇ ਮਹੀਨੇ ਅਮਰੀਕਾ ਤੋਂ ਪਰਤੇ ਕੁੱਟਮਾਰ ਦੇ ਮਾਮਲੇ ’ਚ ਨਾਮਜ਼ਦ ਭਗੌੜੇ ਮੁਲਜ਼ਮ ਨੂੰ ਜੇਲ੍ਹ ਵਿੱਚੋਂ ਕਰੋਨਾਵਾਇਰਸ ਦਾ ਸ਼ੱਕੀ ਮੰਨ ਜੇਲ੍ਹ ਪ੍ਰਸ਼ਾਸਨ ਸਿਵਲ ਹਸਪਤਾਲ ਲਿਆਇਆ ਹੈ। ਹਵਾਲਾਤੀ ਨੂੰ ਖੰਘ, ਜ਼ੁਕਾਮ ਤੇ ਬੁਖਾਰ ਸੀ। ਟਰੈਵਲ ਹਿਸਟਰੀ ਅਮਰੀਕਾ ਦੀ ਹੋਣ ਕਾਰਨ ਉਸਨੂੰ ਸਿਵਲ ਹਸਪਤਾਲ ਦੇ ਵਾਰਡ ’ਚ ਭਰਤੀ ਕਰਵਾਇਆ ਗਿਆ। ਸਿਵਲ ਹਸਪਤਾਲ ਪ੍ਰਸ਼ਾਸਨ ਦੇ ਮਰੀਜ਼ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਹਨ। ਹੁਣ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਉਹ ਕਰੋਨਾਵਾਇਰਸ ਤੋਂ ਪੀੜਤ ਹੈ ਜਾਂ ਨਹੀਂ।
ਜੇਲ੍ਹ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਹਵਾਲਾਤੀ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈ ਜਿਸ ਖਿਲਾਫ਼ ਸਾਲ 2018 ਵਿੱਚ ਕੁੱਟਮਾਰ ਦਾ ਕੇਸ ਦਰਜ ਹੋਇਆ ਸੀ, ਪਰ ਕੇਸ ਦਰਜ ਹੋਣ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ ਸੀ। ਇਸੇ ਵਿੱਚ ਉਸਦੀ ਗ੍ਰਿਫ਼ਤਾਰੀ ਨਾ ਹੋਣ ’ਤੇ ਅਦਾਲਤ ਨੇ ਉਸਨੂੰ ਭਗੌੜਾ ਐਲਾਨ ਕਰ ਦਿੱਤਾ ਸੀ ਤੇ ਉਸਦੀ ਐਲ.ਓ.ਸੀ ਜਾਰੀ ਕਰ ਦਿੱਤੀ ਗਈ ਸੀ। ਜਦੋਂ ਫਰਵਰੀ 2020 ਨੂੰ ਉਹ ਵਿਦੇਸ਼ ਤੋਂ ਵਾਪਸ ਭਾਰਤ ਆਇਆ ਤਾਂ ਉਸਨੂੰ ਹਵਾਈ ਅੱਡੇ ਤੋਂ ਪੁਲੀਸ ਨੇ ਕਾਬੂ ਕਰ ਲਿਆ ਸੀ ਤੇ ਉਸਨੂੰ ਲੁਧਿਆਣਾ ਦੀ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਸੀ। ਉਸਨੂੰ ਹਲਕੀ ਖੰਘ ਤੇ ਬੁਖਾਰ ਸੀ। ਜਦੋਂ ਉਹ ਅੱਜ ਜੇਲ੍ਹ ਹਸਪਤਾਲ ਵਿੱਚ ਚੈਕਅੱਪ ਕਰਵਾਉਣ ਗਿਆ ਤਾਂ ਉਸਦੀ ਟਰੈਵਲ ਹਿਸਟਰੀ ਕਾਰਨ ਡਾਕਟਰਾਂ ਨੂੰ ਸ਼ੱਕ ਹੋਇਆ। ਇਸ ਲਈ ਉਨ੍ਹਾਂ ਨੇ ਸ਼ੱਕ ਦੇ ਆਧਾਰ ’ਤੇ ਉਸਨੂੰ ਸਿਵਲ ਹਸਪਤਾਲ ਭੇਜ ਦਿੱਤਾ, ਜਿੱਥੇ ਉਸਨੂੰ ਵਿਸ਼ੇਸ਼ ਵਾਰਡ ’ਚ ਰੱਖਿਆ ਗਿਆ ਹੈ। ਹਸਪਤਾਲ ਪ੍ਰਸ਼ਾਸਨ ਨੇ ਉਸਦੇ ਸੈਂਪਲ ਲੈ ਲਏ ਹਨ ਤੇ ਜਾਂਚ ਲਈ ਭੇਜ ਦਿੱਤੇ ਗਏ ਹਨ। ਬਾਕੀ ਉਸਨੂੰ ਸ਼ੱਕੀ ਮਰੀਜ਼ ਸਮਝ ਕੇ ਇਲਾਜ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
INDIA ਕਰੋਨਾ ਦਾ ਸ਼ੱਕ ਪੈਣ ’ਤੇ ਹਵਾਲਾਤੀ ਨੂੰ ਚੁੱਕ ਕੇ ਹਸਪਤਾਲ ਲਿਆਈ ਪੁਲੀਸ