ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਅੱਜ ਕਿਹਾ ਕਿ ਕੋਵਿਡ-19 ਕਾਰਨ ਜ਼ਿੰਦਗੀ ਲੀਹੋਂ ਲੱਥਦੇ ਵੇਖਣਾ ਕਾਫ਼ੀ ਮੁਸ਼ਕਲ ਹੈ। ਉਸ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਕੋਈ ਵੀ ਲੱਛਣ ਨਜ਼ਰ ਆਉਣ ’ਤੇ ਡਾਕਟਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇ। ਇਸ ਸਲਾਮੀ ਬੱਲੇਬਾਜ਼ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਵੀਡੀਓ ਜਾਰੀ ਕੀਤੀ। ਰੋਹਿਤ ਨੇ ਕਿਹਾ, ‘‘ਬੀਤੇ ਕੁੱਝ ਹਫ਼ਤੇ ਸਾਡੇ ਸਾਰਿਆਂ ਲਈ ਮੁਸ਼ਕਲ ਰਹੇ ਅਤੇ ਦੁਨੀਆਂ ਠਹਿਰ ਜਿਹੀ ਗਈ ਹੈ, ਜਿਸ ਨੂੰ ਵੇਖ ਕੇ ਕਾਫ਼ੀ ਦੁੱਖ ਹੁੰਦਾ ਹੈ।’’
ਉਨ੍ਹਾਂ ਕਿਹਾ, ‘‘ਇਸ ਸਭ ਨੂੰ ਆਮ ਕਰਨ ਦਾ ਇੱਕ ਹੀ ਤਰੀਕਾ ਹੋ ਸਕਦਾ ਹੈ ਕਿ ਸਾਨੂੰ ਸਾਰਿਆਂ ਨੂੰ ਇਕਜੁਟ ਹੋਣਾ ਹੋਵੇਗਾ। ਅਸੀਂ ਥੋੜ੍ਹੀ ਸਮਝਦਾਰੀ ਨਾਲ, ਚੌਕਸੀ ਰੱਖ ਕੇ ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਬਾਰੇ ਜਾਣ ਅਤੇ ਕੋਈ ਲੱਛਣ ਵਿਖਾਈ ਦੇਣ ’ਤੇ ਸਿਹਤ ਅਧਿਕਾਰੀ ਨੂੰ ਜਾਣਕਾਰੀ ਦੇ ਕੇ ਅਸੀਂ ਅਜਿਹਾ ਕਰ ਸਕਦੇ ਹਾਂ।’’
ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਇਸ ਵਾਇਰਸ ਕਾਰਨ ਦੁਨੀਆਂ ਭਰ ਵਿੱਚ ਹੁਣ ਤੱਕ ਛੇ ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਅਤੇ ਡੇਢ ਲੱਖ ਤੋਂ ਵੱਧ ਲੋਕ ਇਸ ਤੋਂ ਪ੍ਰਭਾਵਿਤ ਹਨ। ਭਾਰਤ ਵਿੱਚ ਕੋਵਿਡ-19 ਤੋਂ ਪੀੜਤਾਂ ਦੀ ਗਿਣਤੀ 100 ਨੂੰ ਪਾਰ ਕਰ ਗਈ ਹੈ, ਜਦਕਿ ਹੁਣ ਤੱਕ ਦੋ ਮੌਤਾਂ ਹੋ ਚੁੱਕੀਆਂ ਹਨ।
Sports ਕਰੋਨਾਵਾਇਰਸ ਕਾਰਨ ਜ਼ਿੰਦਗੀ ਲੀਹੋਂ ਲੱਥਣ ਤੋਂ ਦੁਖੀ ਹੈ ਰੋਹਿਤ