ਬੀਸੀਸੀਆਈ ਨੇ ਕਰੋਨਾਵਾਇਰਸ ਤੋਂ ਸੁਰੱਖਿਆ ਦੇ ਮੱਦੇਨਜ਼ਰ 29 ਮਾਰਚ ਤੋਂ ਸ਼ੁਰੂ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 15 ਅਪਰੈਲ ਤੱਕ ਮੁਲਤਵੀ ਕਰ ਦਿੱਤੀ ਹੈ। ਭਾਰਤੀ ਕ੍ਰਿਕਟ ਬੋਰਡ ਮੁਤਾਬਕ ਇਹ ਫ਼ੈਸਲਾ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ। ਹਾਲਾਂਕਿ ਇਹ ਜ਼ਰੂਰੀ ਨਹੀਂ ਕਿ ਟੂਰਨਾਮੈਂਟ 15 ਅਪਰੈਲ ਤੋਂ ਹੀ ਸ਼ੁਰੂ ਹੋਵੇ। ਜੇਕਰ ਇਹ ਹੁੰਦਾ ਹੈ ਤਾਂ ਇਹ ਦਰਸ਼ਕਾਂ ਦੀ ਗ਼ੈਰ-ਮੌਜੂਦਗੀ ਵਿੱਚ ਖਾਲੀ ਸਟੇਡੀਅਮ ਵਿੱਚ ਕਰਵਾਏ ਜਾਣ ਦੀ ਸੰਭਾਵਨਾ ਹੈ ਅਤੇ ਇੱਕ ਦਿਨ ਵਿੱਚ ਦੋ ਮੈਚ ਖੇਡੇ ਜਾਣਗੇ।
ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਬਿਆਨ ਵਿੱਚ ਕਿਹਾ, ‘‘ਭਾਰਤੀ ਕ੍ਰਿਕਟ ਬੋਰਡ ਨੇ ਕਰੋਨਾਵਾਇਰਸ (ਕੋਵਿਡ-19) ਕਾਰਨ ਪੈਦਾ ਹੋਏ ਹਾਲਾਤ ਖ਼ਿਲਾਫ਼ ਸੁਰੱਖਿਆ ਵਜੋਂ ਆਈਪੀਐੱਲ 2020 ਨੂੰ 15 ਅਪਰੈਲ 2020 ਤੱਕ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ।’’ ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਕੌਮੀ ਰਾਜਧਾਨੀ ਵਿੱਚ ਇੱਕ ਮਹੀਨੇ ਤੱਕ ਹਰੇਕ ਤਰ੍ਹਾਂ ਦੀ ਖੇਡ ਸਰਗਰਮੀ ’ਤੇ ਪਾਬੰਦੀ ਲਾ ਦਿੱਤੀ ਸੀ, ਜਿਸ ਮਗਰੋਂ ਬੀਸੀਸੀਆਈ ਨੇ ਇਹ ਫ਼ੈਸਲਾ ਲਿਆ। ਦਿੱਲੀ ਆਈਪੀਐੱਲ ਦੀ ਫਰੈਂਚਾਈਜ਼ੀ ਦਿੱਲੀ ਕੈਪੀਟਲ ਦਾ ਘਰੇਲੂ ਸ਼ਹਿਰ ਹੈ। ਭਾਰਤ ਵਿੱਚ ਹੁਣ ਤੱਕ ਕਰੋਨਾਵਾਇਰਸ ਤੋਂ ਪੀੜਤਾਂ ਦੇ 80 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ। ਦੁਨੀਆਂ ਭਰ ਵਿੱਚ ਇਸ ਨਾਲ ਪੰਜ ਹਜ਼ਾਰ ਦੇ ਲਗਪਗ ਮੌਤਾਂ ਹੋ ਚੁੱਕੀਆਂ ਹਨ। ਬੀਸੀਸੀਆਈ ਇਸ ਸਾਲ ਦੇ ਗੇੜ ਲਈ ਸ਼ਨਿਚਰਵਾਰ ਨੂੰ ਮੁੰਬਈ ਵਿੱਚ ਹੋਣ ਵਾਲੀ ਆਈਪੀਐੱਲ ਕੌਂਸਲ ਦੀ ਮੀਟਿੰਗ ਵਿੱਚ ਇਸ ਬਾਰੇ ਵਿਚਾਰ ਚਰਚਾ ਕਰੇਗੀ।
ਅਜਿਹੀ ਵੀ ਸੰਭਾਵਨਾ ਹੈ ਕਿ ਟੂਰਨਾਮੈਂਟ ਵਿੱਚ ਹੁਣ ਪਹਿਲਾਂ ਦੀ ਯੋਜਨਾ ਮੁਤਾਬਕ ਜ਼ਿਆਦਾ ‘ਡਬਲ ਹੈੱਡਰ’ (ਇੱਕ ਦਿਨ ਵਿੱਚ ਦੋ ਮੁਕਾਬਲੇ) ਹੋਣ ਅਤੇ ਘੱਟ ਤੋਂ ਘੱਟ ਪੰਜ ਬਦਲਵੀਆਂ ਥਾਵਾਂ ਤਿਆਰ ਕੀਤੀਆਂ ਜਾਣ ਕਿਉਂਕਿ ਮਹਾਰਾਸ਼ਟਰ, ਕਰਨਾਟਕ ਅਤੇ ਦਿੱਲੀ ਸੂਬਾ ਸਰਕਾਰਾਂ ਨੇ ਖੇਡਾਂ ਲਈ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਆਈਪੀਐੱਲ ਪਹਿਲਾਂ 29 ਮਾਰਚ ਤੋਂ 24 ਮਈ ਤੱਕ ਚੱਲਣਾ ਸੀ ਅਤੇ ਇਸ ਤਰ੍ਹਾਂ ਟੂਰਨਾਮੈਂਟ 56 ਦਿਨ ਦਾ ਹੋਣਾ ਸੀ। ਜੇਕਰ ਬੀਸੀਸੀਆਈ ਟੂਰਨਾਮੈਂਟ 15 ਅਪਰੈਲ ਤੋਂ ਸ਼ੁਰੂ ਕਰਵਾਉਂਦੀ ਹੈ ਤਾਂ ਇਹ 40 ਦਿਨ ਤੱਕ ਚੱਲੇਗਾ ਕਿਉਂਕਿ ਹੋਰ ਕੌਮਾਂਤਰੀ ਟੀਮਾਂ ਦੇ ਆਈਸੀਸੀ ਭਵਿੱਖੀ ਦੌਰਾ ਪ੍ਰੋਗਰਾਮ (ਐੱਫਟੀਪੀ) ਨੂੰ ਵੇਖਦਿਆਂ ਇਸ ਨੂੰ ਜ਼ਿਆਦਾ ਅੱਗੇ ਨਹੀਂ ਪਾਇਆ ਜਾ ਸਕਦਾ।
Sports ਕਰੋਨਾ ਦਾ ਕਹਿਰ: ਆਈਪੀਐੱਲ ਮੈਚ ਮੁਲਤਵੀ