ਮੀਂਹ ਕਾਰਨ ਕਮਰੇ ਦੀ ਛੱਤ ਡਿੱਗੀ, ਤਿੰਨ ਜੀਅ ਹਲਾਕ

ਮੌੜ ਮੰਡੀ- ਬੀਤੀ ਰਾਤ ਪਿਆ ਮੀਂਹ ਮੌੜ ਮੰਡੀ ਦੇ ਦਲਿਤ ਪਰਿਵਾਰ ’ਤੇ ਕਹਿਰ ਬਣ ਕੇ ਵਰ੍ਹਿਆ। ਮੀਂਹ ਨਾਲ ਕਮਰੇ ਦੀ ਛੱਤ ਡਿੱਗ ਪਈ, ਜਿਸ ਵਿੱਚ ਪਰਿਵਾਰ ਦੇ ਤਿੰਨ ਜੀਆਂ ਵਿਧਵਾ ਸੁਨੀਤਾ ਦੇਵੀ (45), ਪੁੱਤਰ ਰਾਕੇਸ਼ ਕੁਮਾਰ ਅਤੇ ਧੀ ਮਮਤਾ ਰਾਣੀ ਦੀ ਮੌਤ ਹੋ ਗਈ। ਸੁਨੀਤਾ ਦੇਵੀ ਦੇ ਦਿਉਰ ਜਨਕ ਰਾਜ ਨੇ ਦੱਸਿਆ ਕਿ ਆਰਥਿਕ ਤੰਗੀ ਕਾਰਨ ਤਿੰਨ ਪਰਿਵਾਰ ਸਿਰਫ਼ ਸੌ ਗਜ਼ ਦੇ ਕਰੀਬ ਜਗ੍ਹਾਂ ’ਚ ਬਣੇ ਵੱਖ ਵੱਖ ਕਮਰਿਆਂ ’ਚ ਰਹਿ ਰਹੇ ਹਨ। ਗਰੀਬੀ ਕਾਰਨ ਉਨ੍ਹਾਂ ਦੇ ਮਕਾਨਾਂ ਦੀ ਹਾਲਤ ਖ਼ਸਤਾ ਬਣੀ ਹੋਈ ਹੈ। ਹਾਦਸਾ ਵਾਰਡ ਨੰਬਰ 10 ਗਾਂਧੀ ਬਸਤੀ ’ਚ ਵਾਪਰਿਆ। ਜਨਕ ਅਨੁਸਾਰ ਸੁਨੀਤਾ ਦੇਵੀ ਖਸਤਾ ਹਾਲ ਚੁਬਾਰੇ ਵਿਚ ਰਹਿ ਰਹੀ ਸੀ ਜਦਕਿ ਉਸ ਦਾ ਦੂਜਾ ਲੜਕਾ ਲੱਕੀ ਪਰਿਵਾਰ ਤੋਂ ਅਲੱਗ ਕਿਰਾਏ ’ਤੇ ਰਹਿ ਰਿਹਾ ਹੈ।
ਗੁਆਢ ਵਿੱਚ ਰਹਿੰਦੇ ਸ਼ਤੀਸ਼ ਬਾਬਾ ਅਤੇ ਭੀਮ ਸੈਨ ਨੇ ਦੱਸਿਆ ਕਿ ਵੀਰਵਾਰ ਤੜਕੇ 3 ਵਜੇ ਦੇ ਕਰੀਬ ਮੀਂਹ ਕਾਰਨ ਚੁਬਾਰੇ ਦੀ ਛੱਤ ਉਨ੍ਹਾਂ ਉਪਰ ਡਿੱਗ ਪਈ ਅਤੇ ਉਹ ਮਲਬੇ ਹੇਠਾਂ ਦੱਬ ਗਏ। ਰੌਲਾ ਪੈਣ ਮਗਰੋਂ ਮੁਹੱਲੇ ਦੇ ਲੋਕਾਂ ਨੇ ਉਨ੍ਹਾਂ ਨੂੰ ਮਲਬੇ ’ਚੋਂ ਕੱਢਿਆ ਪਰ ਉਸ ਸਮੇਂ ਤਕ ਤਿੰਨਾਂ ਦੀ ਮੌਤ ਹੋ ਚੁੱਕੀ ਸੀ। ਸੁਨੀਤਾ ਰਾਣੀ ਦਾ ਪਤੀ ਅਮਰਜੀਤ ਸਿੰਘ ਬੀਤੇ ਸਾਲ ਇੱਕ ਨਿੱਜੀ ਬੱਸ ਹਾਦਸੇ ਵਿੱਚ ਚੱਲ ਵਸਿਆ ਸੀ ।
ਜਨਕ ਰਾਜ ਨੇ ਸਰਕਾਰ ਪ੍ਰਤੀ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਨਵਾਂ ਕਮਰਾ ਬਣਾਉਣ ਲਈ ਸੁਨੀਤਾ ਦੇਵੀ ਦਫ਼ਤਰਾਂ ਦੇ ਗੇੜੇ ਕੱਢਦੀ ਰਹੀ, ਪ੍ਰੰਤੂ ਕਿਸੇ ਨੇ ਵੀ ਉਸ ਦੀ ਪੁਕਾਰ ਨਹੀਂ ਸੁਣੀ। ਉਨ੍ਹਾਂ ਕਿਹਾ ਕਿ ਛੱਤ ਦੇ ਡਿੱਗਣ ਕਾਰਨ ਉਸ ਦੇ ਕਮਰੇ ਵਿਚ ਤਰੇੜਾਂ ਆ ਗਈਆਂ ਹਨ। ਉਧਰ ਹਲਕਾ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਮਕਾਨ ਬਣਾਉਣ ਲਈ ਤੁਰੰਤ ਆਰਥਿਕ ਮਦਦ ਕੀਤੀ ਜਾਵੇ। ਉਨ੍ਹਾਂ ਮੌੜ ਹਲਕੇ ’ਚ ਖਸਤਾ ਹਾਲ ਮਕਾਨਾਂ ’ਚ ਰਹਿ ਰਹੇ ਪਰਿਵਾਰਾਂ ਨੂੰ ਜਲਦ ਤੋਂ ਜਲਦ ਰਾਸ਼ੀ ਜਾਰੀ ਕਰਨ ਦੀ ਵੀ ਮੰਗ ਕੀਤੀ।

Previous articleਮੱਧ ਪ੍ਰਦੇਸ਼: ਕਮਲ ਨਾਥ ਬਹੁਮੱਤ ਸਾਬਤ ਕਰਨ ਲਈ ਤਿਆਰ
Next articleਪਿੱਠ ’ਚ ਛੁਰਾ ਮਾਰਨ ਵਾਲਿਆਂ ਨੂੰ ਪਾਰਟੀ ਵਿੱਚ ਸ਼ਾਮਲ ਨਹੀਂ ਕਰਾਂਗੇ: ਸੁਖਬੀਰ