ਓਲੰਪਿਕ ਕੁਆਲੀਫਾਇਰ: ਮੇਰੀਕੋਮ ਤੇ ਪੰਘਾਲ ਕੁਆਰਟਰਜ਼ ’ਚ

ਅੰਮਾਨ (ਜੌਡਰਨ)- ਛੇ ਵਾਰ ਦੀ ਵਿਸ਼ਵ ਚੈਂਪੀਅਨ ਐੱਮਸੀ ਮੇਰੀਕੋਮ (51 ਕਿਲੋ) ਅਤੇ ਭਾਰਤ ਦੇ ਸਟਾਰ ਮੁੱਕੇਬਾਜ਼ ਅਮਿਤ ਪੰਘਾਲ (52 ਕਿਲੋ) ਨੇ ਅੱਜ ਇੱਥੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਏਸ਼ਿਆਈ ਕੁਆਲੀਫਾਇਰ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ। ਹੁਣ ਦੋਵੇਂ ਭਾਰਤੀ ਮੁੱਕੇਬਾਜ਼ ਓਲੰਪਿਕ ਦੀ ਟਿਕਟ ਕਟਾਉਣ ਤੋਂ ਇੱਕ ਜਿੱਤ ਦੂਰ ਹਨ। ਸੈਮੀਫਾਈਨਲ ਵਿੱਚ ਪਹੁੰਚਣ ਵਾਲਾ ਮੁੱਕੇਬਾਜ਼ ਓਲੰਪਿਕ ਲਈ ਕੁਆਲੀਫਾਈ ਮੰਨਿਆ ਜਾਵੇਗਾ। ਹਾਲਾਂਕਿ ਇੱਕ ਹੋਰ ਭਾਰਤੀ ਗੌਰਵ ਸੋਲੰਕੀ (57 ਕਿਲੋ) ਨੂੰ ਪ੍ਰੀ-ਕੁਆਰਟਰ ਵਿੱਚ ਹਾਰ ਕੇ ਟੂਰਨਾਮੈਂਟ ’ਚੋਂ ਬਾਹਰ ਹੋਣਾ ਪਿਆ।
ਅਮਿਤ ਪੰਘਾਲ ਨੇ ਪੁਰਸ਼ਾਂ ਦੇ ਵਰਗ ਵਿੱਚ ਮੰਗੋਲੀਆ ਦੇ ਇਨਖਮਨਦਾਖ ਖਾਰਖੂ ਨੂੰ 3-2 ਨਾਲ ਸ਼ਿਕਸਤ ਦਿੱਤੀ, ਜਦੋਂਕਿ ਦੂਜਾ ਦਰਜਾ ਪ੍ਰਾਪਤ ਮੇਰੀਕੌਮ ਨੇ ਮਹਿਲਾ ਵਰਗ ਵਿੱਚ ਨਿਊਜ਼ੀਲੈਂਡ ਦੀ ਤਾਸਮਿਨ ਬੈੱਨੀ ਨੂੰ 5-0 ਨਾਲ ਹਰਾਇਆ। ਮੇਰੀਕੋਮ ਅਗਲੇ ਮੁਕਾਬਲੇ ਵਿੱਚ ਫਿਲਪੀਨ ਦੀ ਆਇਰਿਸ਼ ਮੈਗਨੋ ਨਾਲ ਭਿੜੇਗੀ। ਪੰਘਾਲ ਬੀਤੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਮੁੱਕੇਬਾਜ਼ ਬਣਿਆ ਸੀ। 23 ਸਾਲ ਦੇ ਪੰਘਾਲ ਨੇ ਸਖ਼ਤ ਮੁਕਾਬਲੇ ਵਿੱਚ ਮੰਗੋਲਿਆਈ ਮੁੱਕੇਬਾਜ਼ ਨੂੰ 3-2 ਨਾਲ ਸ਼ਿਕਸਤ ਦਿੱਤੀ। ਪੰਘਾਲ ਨੇ ਸ਼ੁਰੂ ਤੋਂ ਹੀ ਜਵਾਬੀ ਹਮਲਾ ਕੀਤਾ ਅਤੇ ਪਹਿਲੇ ਦੋ ਗੇੜ ਵਿੱਚ ਦਬਦਬਾ ਬਣਾ ਕੇ ਰੱਖਿਆ। ਮੰਗੋਲਿਆਈ ਮੁੱਕੇਬਾਜ਼ ਤੀਜੇ ਗੇੜ ਵਿੱਚ ਜ਼ਿਆਦਾ ਭਾਰੂ ਰਿਹਾ, ਪਰ ਪੰਘਾਲ ਫਿਰ ਵੀ ਜਿੱਤ ਦਰਜ ਕਰਨ ਵਿੱਚ ਸਫਲ ਰਿਹਾ। ਅਗਲੇ ਮੁਕਾਬਲੇ ਵਿੱਚ ਪੰਘਾਲ ਦਾ ਸਾਹਮਣਾ ਫਿਲਪੀਨ ਦੇ ਕਾਰਲੋ ਪਾਲਮ ਨਾਲ ਹੋਵੇਗਾ। ਪੰਘਾਲ ਉਸ ਨੂੰ ਸਾਲ 2018 ਵਿੱਚ ਏਸ਼ਿਆਈ ਖੇਡਾਂ ਦੇ ਸੈਮੀਫਾਈਨਲ ਅਤੇ ਵਿਸ਼ਵ ਚੈਂਪੀਅਨਸ਼ਿਪ-2019 ਦੇ ਕੁਆਰਟਰ ਫਾਈਨਲ ਵਿੱਚ ਹਰਾ ਚੁੱਕਿਆ ਹੈ।
ਪ੍ਰੀ-ਕੁਆਰਟਰ ਦੇ ਇੱਕ ਹੋਰ ਮੁਕਾਬਲੇ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਦਾ ਤਗ਼ਮਾ ਜੇਤੂ ਗੌਰਵ ਸੋਲੰਕੀ (57 ਕਿਲੋ) ਨੂੰ ਚੋਟੀ ਦਾ ਦਰਜਾ ਪ੍ਰਾਪਤ ਉਜ਼ਬੇਕਿਸਤਾਨ ਦੇ ਮਿਰਾਜ਼ਿਜ਼ਬੈੱਕ ਮਿਰਜ਼ਾਖਾਲਿਲੋਵ ਨੇ 4-1 ਨਾਲ ਮਾਤ ਦਿੱਤੀ। ਮੌਜੂਦਾ ਵਿਸ਼ਵ ਚੈਂਪੀਅਨ ਅਤੇ ਏਸ਼ਿਆਈ ਖੇਡਾਂ ਤੇ ਏਸ਼ਿਆਈ ਚੈਂਪੀਅਨਸ਼ਿਪ ’ਚ ਸੋਨ ਤਗ਼ਮਾ ਜੇਤੂ ਨੇ ਭਾਰਤੀ ਮੁੱਕੇਬਾਜ਼ ਨੂੰ ਪਹਿਲੇ ਗੇੜ ’ਚ ਜ਼ਿਆਦਾ ਮੌਕੇ ਨਹੀਂ ਦਿੱਤੇ। ਗੌਰਵ ਨੇ ਦੂਜੇ ਗੇੜ ਵਿੱਚ ਵਾਪਸੀ ਕੀਤੀ, ਪਰ ਉਹ ਤੀਜੇ ਗੇੜ ਵਿੱਚ ਲੈਅ ਨੂੰ ਬਰਕਰਾਰ ਨਹੀਂ ਰੱਖ ਸਕਿਆ।

Previous articleਮਾਰਕੰਡਾ ਕਾਲਜ ਦੀਆਂ ਸਾਲਾਨਾ ਖੇਡਾਂ ਸਮਾਪਤ
Next articleਬ੍ਰਾਜ਼ੀਲ ਦਾ ਸਾਬਕਾ ਫੁਟਬਾਲਰ ਰੋਨਾਲਡਿਨ੍ਹੋ ਗ੍ਰਿਫ਼ਤਾਰ