ਪੰਜਾਬ ਪੁਲੀਸ ਤੇ ਖਾਲਸਾ ਕਾਲਜ ਮਾਹਿਲਪੁਰ ਬਣੇ ਚੈਂਪੀਅਨ

ਗੜ੍ਹਸ਼ੰਕਰ- ਪ੍ਰਿੰ. ਹਰਭਜਨ ਸਿੰਘ ਸਪੋਰਟਿੰਗ ਕਲੱਬ ਵੱਲੋਂ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ 58ਵੇਂ ਆਲ ਇੰਡੀਆ ਪ੍ਰਿੰਸੀਪਲ ਹਰਭਜਨ ਸਿੰਘ ਫੁੱਟਬਾਲ ਟੂਰਨਾਮੈਂਟ ਦੇ ਅੱਜ ਫਾਈਨਲ ਮੁਕਾਬਲਿਆਂ ਵਿੱਚ ਕਲੱਬ ਵਰਗ ਅਧੀਨ ਪੰਜਾਬ ਪੁਲੀਸ ਨੇ ਪੰਜਾਬ ਫੁੱਟਬਾਲ ਕਲੱਬ ਮੁਹਾਲੀ ਨੂੰ 2-1 ਦੇ ਫਰਕ ਨਾਲ ਹਰਾ ਕੇ ਚੈਂਪੀਅਨ ਟਰਾਫ਼ੀ ’ਤੇ ਕਬਜ਼ਾ ਕੀਤਾ।
ਕਲੱਬ ਵਰਗ ਦੇ ਫਾਈਨਲ ’ਚ ਮੈਚ ਦਾ ਪਹਿਲਾ ਗੋਲ ਪੰਜਾਬ ਪੁਲੀਸ ਦੇ ਖਿਡਾਰੀ ਸਰਬਜੀਤ ਸਿੰਘ ਨੇ 22ਵੇਂ ਮਿੰਟ ਵਿੱਚ ਕੀਤਾ। ਫੁੱਟਬਾਲ ਕਲੱਬ ਮੁਹਾਲੀ ਦੇ ਖਿਡਾਰੀ ਹਿਮਾਂਸ਼ੂ ਨੇ 60ਵੇਂ ਮਿੰਟ ਗੋਲ ਕਰ ਕੇ ਟੀਮ ਨੂੰ ਬਰਾਬਰੀ ’ਤੇ ਲਿਆਂਦਾ। ਇਸ ਪਿਛੋਂ ਪੰਜਾਬ ਪੁਲੀਸ ਦੇ ਖਿਡਾਰੀ ਮਨਵੀਰ ਸਿੰਘ ਨੇ 62ਵੇਂ ਮਿੰਟ ਵਿੱਚ ਗੋਲ ਕਰ ਕੇ ਟੀਮ ਨੂੰ ਜਿੱਤ ਦਿਵਾਈ। ਕਲੱਬ ਵਰਗ ਵਿੱਚ ਪਰਮਜੀਤ ਸਿੰਘ ਨੂੰ ਵਧੀਆ ਖਿਡਾਰੀ ਐਲਾਨਿਆ ਗਿਆ।
ਕਾਲਜ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੀ ਟੀਮ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਨੂੰ 1-0 ਦੇ ਫਰਕ ਨਾਲ ਹਰਾ ਕੇ ਚੈਂਪੀਅਨ ਬਣੀ। ਜੇਤੂ ਗੋਲ ਖਾਲਸਾ ਕਾਲਜ ਮਾਹਿਲਪੁਰ ਦੇ ਖਿਡਾਰੀ ਸੇਖਰ ਸਿੰਘ ਨੇ ਮੈਚ ਦੇ 78ਵੇਂ ਮਿੰਟ ਵਿੱਚ ਕੀਤਾ। ਇਸ ਵਰਗ ’ਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਖਿਡਾਰੀ ਗੁਰਪ੍ਰੀਤ ਸਿੰਘ ਨੂੰ ਵਧੀਆ ਖਿਡਾਰੀ ਐਲਾਨਿਆ ਗਿਆ।
ਸਕੂਲ ਵਰਗ ਅੰਡਰ-17 ਦੇ ਫਾਈਨਲ ਵਿੱਚ ਸਰਕਾਰੀ ਕਾਲਜ ਫਗਵਾੜਾ ਨੇ ਫੁੱਟਬਾਲ ਅਕੈਡਮੀ ਬੱਡੋਂ ਨੂੰ 5-4 ਦੇ ਫਰਕ ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਇਸ ਵਰਗ ’ਚ ਫੁੱਟਬਾਲ ਅਕੈਡਮੀ ਬੱਡੋਂ ਦੇ ਖਿਡਾਰੀ ਕਰਨਦੀਪ ਸਿੰਘ ਨੂੰ ਵਧੀਆ ਖਿਡਾਰੀ ਐਲਾਨਿਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ੍ਰੀ ਰਿਆਲਟੀ ਚੰਡੀਗੜ੍ਹ ਤੋਂ ਲਕਸ਼ਮੀ ਕਾਂਤ ਸੁਆਮੀ ਪੁੱਜੇ ਅਤੇ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਤੋਂ ਇਲਾਵਾ ਖੇਡ ਪ੍ਰੇਮੀ ਹਾਜ਼ਰ ਸਨ।

Previous articleਬੰਗਾਲ ਤੇ ਗੁਜਰਾਤ ਵੱਲੋਂ ਠੋਸ ਸ਼ੁਰੂਆਤ
Next articleਜਵਾਈ ਨੂੰ ਅੰਦਰ ਕਰਵਾਉਣ ਲਈ ਕੁੜਮ ਬਾਹਰ ਨਿਕਲੇ