ਦਿੱਲੀ ਚੋਣਾਂ ਤੋਂ ਇਕ ਦਿਨ ਬਾਅਦ ਹੀ ਰਸੋਈ ਗੈਸ ਦੀਆਂ ਕੀਮਤਾਂ ’ਚ ਕੀਤੇ ਗਏ ਭਾਰੀ ਵਾਧੇ ਵਿਰੁੱਧ ਮਹਿਲਾ ਕਾਂਗਰਸ ਨੇ ਕੇਂਦਰ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕੀਤਾ। ਜ਼ਿਲ੍ਹਾ ਕਾਂਗਰਸ ਪ੍ਰਧਾਨ ਤੇ ਪੰਜਾਬ ਕਾਂਗਰਸ ਦੀ ਤਰਜਮਾਨ ਡਾ. ਜਸਲੀਨ ਸੇਠੀ ਦੀ ਅਗਵਾਈ ਹੇਠ ਔਰਤਾਂ ਨੇ ਬੀਐੱਮਸੀ ਚੌਕ ਵਿੱਚ ਰੋਸ ਵਿਖਾਵਾ ਕੀਤਾ। ਔਰਤਾਂ ਦੇ ਹੱਥਾਂ ਵਿੱਚ ਚੁੱਲ੍ਹੇ ਅਤੇ ਖਾਲੀ ਸਿਲੰਡਰ ਫੜੇ ਹੋਏ ਸਨ। ਉਹ ਵਾਰ-ਵਾਰ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕਰ ਰਹੀਆਂ ਸਨ। ਡਾ. ਜਸਲੀਨ ਸੇਠੀ ਨੇ ਕਿਹਾ ਕਿ ਦਿੱਲੀ ਵਿਚ ਭਾਜਪਾ ਦੀ ਹੋਈ ਜਬਰਦਸਤ ਹਾਰ ਦਾ ਬਦਲਾ ਉਨ੍ਹਾਂ ਨੇ ਰਸੋਈ ਗੈਸ ਦੇ ਸਿਲੰਡਰਾਂ ਵਿਚ 144.50 ਰੁਪਏ ਦਾ ਵਾਧਾ ਕਰਕੇ ਲਿਆ ਹੈ। ਪ੍ਰਧਾਨ ਮੰਤਰੀ ਉਜਵਲ ਸਕੀਮ ਇਸੇ ਕਰਕੇ ਚਲਾਈ ਗਈ ਸੀ ਤਾਂ ਜੋ ਔਰਤਾਂ ਨੂੰ ਧੂੰਏੇਂ ਤੋਂ ਛੁਟਕਾਰਾ ਦੁਆਇਆ ਜਾ ਸਕੇ ਪਰ ਮੋਦੀ ਸਰਕਾਰ ਨੇ ਤਾਂ ਸਿਲੰਡਰਾਂ ਦੀ ਕੀਮਤ ਵਧਾ ਕੇ ਔਰਤਾਂ ਨੂੰ ਮੁੜ ਲੱਕੜਾਂ ’ਤੇ ਖਾਣਾ ਬਣਾਉਣ ਲਈ ਮਜਬੂਰ ਕਰ ਦਿੱਤਾ ਹੈ। ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਨੇ ਵੀ ਕਿਹਾ ਕਿ ਦਿੱਲੀ ਦੀ ਹਾਰ ਦਾ ਬਦਲਾ ਰਸੋਈ ਗੈਸ ਦੀਆਂ ਕੀਮਤਾਂ ’ਚ ਵਾਧਾ ਕਰਕੇ ਲਿਆ ਗਿਆ ਹੈ ਜਿਹੜਾ ਕਿ ਭਾਜਪਾ ਨੂੰ ਭਵਿੱਖ ਵਿਚ ਮਹਿੰਗਾ ਪਵੇਗਾ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਘਰੇਲੂ ਗੈਸ ਦੀਆਂ ਕੀਮਤਾਂ ’ਚ ਕੀਤੇ ਭਾਰੀ ਵਾਧੇ ਦੋ ਵਿਰੋਧ ’ਚ ਜ਼ਿਲ੍ਹਾ ਮਹਿਲਾ ਕਾਂਗਰਸ ਵਲੋਂ ਪ੍ਰਧਾਨ ਤਰਨਜੀਤ ਕੌਰ ਸੇਠੀ ਦੀ ਅਗਵਾਈ ਹੇਠ ਸਥਾਨਕ ਮਾਹਿਲਪੁਰ ਅੱਡੇ ’ਤੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਬਾਅਦ ਵਿਚ ਵਧੀਕ ਡਿਪਟੀ ਕਮਿਸ਼ਨਰ ਨੂੰ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ।
ਤਰਨਜੀਤ ਸੇਠੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਘਰੇਲੂ ਗੈਸ ਦੀਆਂ ਕੀਮਤਾਂ ਵਿੱਚ 144.5 ਰੁਪਏ ਦਾ ਵਾਧਾ ਕਰ ਕੇ ਦੇਸ਼ ਦੀ ਜਨਤਾ ’ਤੇ ਭਾਰੀ ਆਰਥਿਕ ਬੋਝ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੀ ਦੇਸ਼ ਦੀ ਜਨਤਾ ’ਤੇ ਸਰਕਾਰ ਨੇ ਇਕ ਹੋਰ ਬੋਝ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੇ ਆਮ ਲੋਕਾਂ ਦਾ ਜਿਉਣਾ ਮੁਸ਼ਕਿਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਦਿੱਲੀ ਚੋਣਾਂ ਦੇ ਨਤੀਜਿਆਂ ਤੋਂ ਤੁਰੰਤ ਬਾਅਦ ਇਹ ਵਾਧਾ ਕੀਤਾ ਹੈ ਜੋ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਇਹ ਵਾਧਾ ਤੁਰੰਤ ਵਾਪਿਸ ਲਵੇ ਤਾਂ ਜੋ ਦੇਸ਼ ਦੀ ਜਨਤਾ ਨੂੰ ਕੁਝ ਰਾਹਤ ਮਿਲ ਸਕੇ।
INDIA ਮਹਿਲਾ ਕਾਂਗਰਸ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ