(ਸਮਾਜ ਵੀਕਲੀ)
ਬੰਦੇ ਵੀ ਅਜਕਲ੍ਹ ਹੋ ਗਏ ਆਨੇ ਦੁਆਨੀਆਂ।
ਹੁਣ ਵੇਖਦੇ ਨੇ ਰਿਸ਼ਤਿਆਂ ਵਿੱਚ ਲਾਭ ਹਾਨੀਆਂ ।
ਕਿੱਥੇ ਗੁਆ ਕੇ ਆ ਗਿਐਂ ਦਿੱਤੀਆਂ ਨਿਸ਼ਾਨੀਆਂ।
ਕਰਦਾ ਹੈਂ ਕਿਉਂ ਤੂੰ ਪਿਆਰ ਵਿੱਚ ਸੱਜਣਾਂ ਨਦਾਨੀਆਂ ।
ਲੋਕਾਂ ਦਾ ਕਰਕੇ ਘਾਣ ਮੈਂ ਅਪਣੀ ਪੁਗਾ ਲਵਾਂ,
ਕਦ ਤੀਕ ਸੋਚੇਂਗਾ ਇਹੀ, ਵੱਡਿਆ ਅਡਾਨੀਆਂ ।
ਓਸੇ ਪਲਾਂ ਹੀ ਮੁੱਕ ਗਈ ਸਮਝੋ ਗੁਲਾਮੀ ਓਸ ਦੀ,
ਹੁਣ ਨਾ ਦਬਾਂਗਾ ਮੈਂ ਕਦੇ , ਜਿਸ ਜਿਸ ਨੇ ਠਾਨੀਆਂ।
ਰੁਜ਼ਗਾਰ ਇੱਥੇ ਮਿਲ ਗਿਆ ਹੁੰਦਾ ਕਿਤੇ ਅਗਰ ,
ਮਾਪੇ ਵਿਦੇਸ਼ੀਂ ਰੁਲ਼ਣ ਦਿੰਦੇ ਕਿਉਂ ਜਵਾਨੀਆਂ।
ਮਜ਼ਦੂਰ ਮੇਰੇ ਦੇਸ਼ ਦਾ, ਅਣਗੌਲ਼ਿਆ ਰਿਹਾ ,
ਖੁਸ਼ਹਾਲ ਹੋਵੇ, ਉਸ ਲਈ ਚੱਲੀਆਂ ਨਾ ਕਾਨੀਆਂ।
ਕਰਦੈਂ ਪਰਾਂ ਤੇ ਮਾਣ ਕਿਉਂ ਐਨਾਂ ਪਰਿੰਦਿਆ,
ਤੂਫ਼ਾਨ ਦੇ ਵਿੱਚ ਰਹਿੰਦੀਆਂ ਨੇਂ ਕਦ ਰਵਾਨੀਆਂ।
ਹਰ ਥਾਂ ਗ਼ਜ਼ਲ ਦੀ ਵੱਖਰੀ ਪਹਿਚਾਣ ਹੋ ਗਈ,
ਸਚਮੁੱਚ ਗ਼ਜ਼ਲ ਦੇ ਆਸ਼ਿਕੋ ਹਨ ਮਿਹਰਬਾਨੀਆਂ।
ਆਥਣ ਦਾ ਵੇਲ਼ਾ ਹੋ ਗਿਐ, ਨਜ਼ਰੀਂ ਨਾ ਕੁਝ ਪਵੇ,
ਸਾਇਆ ਵੀ ਅਪਣਾ ਦੇ ਰਿਹਾ ਹੁਣ ਤਾਂ ਝਕਾਨੀਆਂ।
ਮੱਖਣ ਸੇਖੂਵਾਸ
9815284587
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly