ਭੁੱਚੋ ਮੰਡੀ- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਹਿਰਾ ਬੇਗਾ ਜਬਰ ਜਨਾਹ ਤੇ ਕਤਲ ਕਾਂਡ ਦੇ ਮੁਖ ਗਵਾਹ ਕਿਸਾਨ ਤੋਗਾ ਸਿੰਘ ਅਤੇ ਬਿਜਲੀ ਅਧਿਕਾਰੀਆਂ ਦੇ ਕਹਿਣ ’ਤੇ ਚੱਕ ਫ਼ਤਿਹ ਸਿੰਘ ਵਾਲਾ ਦੇ ਕਿਸਾਨਾਂ ’ਤੇ ਦਰਜ ਕੀਤੇ ਪਰਚੇ ਰੱਦ ਕਰਵਾਉਣ ਲਈ ਅੱਜ ਭੁੱਚੋ ਪੁਲੀਸ ਚੌਕੀ ਦਾ ਘਿਰਾਓ ਕੀਤਾ ਗਿਆ ਅਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਸ਼ਹਿਰ ਵਿੱਚ ਰੋਸ ਮਾਰਚ ਵੀ ਕੀਤਾ। ਸ਼ਾਮ ਦੇ ਪੰਜ ਵਜੇ ਤੱਕ ਕਿਸਾਨਾਂ ਦੀ ਗੱਲ ਸੁਣਨ ਲਈ ਕੋਈ ਅਧਿਕਾਰੀ ਨਹੀ ਪੁੱਜਿਆ, ਧਰਨਾ ਜਾਰੀ ਸੀ।
ਇਸ ਮੌਕੇ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ, ਬਲਾਕ ਬਠਿੰਡਾ ਦੇ ਪ੍ਰਧਾਨ ਅਮਰੀਕ ਸਿਵੀਆਂ, ਔਰਤ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੌਰ ਬਿੰਦੂ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਕਰਮਜੀਤ ਕੌਰ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਜਗਜੀਤ ਸਿੰਘ ਜੱਗਾ ਪਟਵਾਰੀ ਅਤੇ ਉਸ ਦੇ ਸਾਥੀ ਜਗਜੀਤ ਸਿੰਘ ਵੈਰੋਕੇ ਨੇ ਲਹਿਰਾ ਬੇਗਾ ਵਿੱਚ ਗੂੰਗੇ ਬੋਲੇ ਪਰਿਵਾਰ ਦੇ ਮੰਗਾ ਸਿੰਘ ਦਾ ਕਤਲ ਕਰਕੇ ਲਾਸ਼ ਖੇਤ ਵਿੱਚ ਦੱਬ ਦਿੱਤੀ ਸੀ ਅਤੇ ਮ੍ਰਿਤਕ ਦੀ ਭਤੀਜੀ ਨਾਲ ਜਬਰ ਜਨਾਹ ਕੀਤਾ ਸੀ। ਪੀੜਤ ਲੜਕੀ ਨੇ ਲੜਕੇ ਨੂੰ ਜਨਮ ਦਿੱਤਾ ਸੀ। ਇਨ੍ਹਾਂ ਦੀ ਸੰਭਾਲ ਲੜਕੀ ਦੇ ਰਿਸ਼ਤੇਦਾਰ ਕਿਸਾਨ ਤੋਗਾ ਸਿੰਘ ਨੇ ਕੀਤੀ ਸੀ ਅਤੇ ਉਹ ਇਸ ਕਾਂਡ ਦਾ ਮੁੱਖ ਗਵਾਹ ਹੈ। ਹੁਣ ਮੁਲਜ਼ਮ ਦੇ ਹਮਾਇਤੀ ਪੀੜਤ ਲੜਕੀ ਨੂੰ ਭਰਮਾ ਕੇ ਆਪਣੇ ਘਰ ਲੈ ਗਏ ਅਤੇ ਤੋਗਾ ਸਿੰਘ ’ਤੇ ਬੱਚੇ ਨੂੰ ਅਗਵਾ ਕਰਨ ਦਾ ਦੋਸ਼ ਲਗਾ ਦਿੱਤਾ। ਪੁਲੀਸ ਨੇ ਤੋਗਾ ਸਿੰਘ ’ਤੇ ਝੂਠਾ ਪਰਚਾ ਦਰਜ ਕਰ ਦਿੱਤਾ।
ਕਿਸਾਨ ਆਗੂ ਸਿਮਰਜੀਤ ਸਿੰਘ ਅਤੇ ਸੁਖਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਵਿੱਚ ਬਿਜਲੀ ਚੋਰੀ ਰੋਕਣ ਦੇ ਨਾਮ ’ਤੇ ਜਦੋਂ ਅਧਿਕਾਰੀ ਗਲਤ ਢੰਗ ਨਾਲ ਕਿਸਾਨਾਂ ਦੇ ਘਰਾਂ ਵਿੱਚ ਦਾਖ਼ਲ ਹੋਏ ਤਾਂ ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਪੁਲੀਸ ਨੂੰ ਸ਼ਿਕਾਇਤ ਕੀਤੀ। ਪੁਲੀਸ ਨੇ ਉਲਟਾ ਕਿਸਾਨਾਂ ’ਤੇ ਹੀ ਝੂਠੇ ਪਰਚੇ ਦਰਜ ਕਰ ਦਿੱਤੇ। ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ’ਤੇ ਪਾਏ ਝੂਠੇ ਪਰਚੇ ਰੱਦ ਕੀਤੇ ਜਾਣ। ਉਨ੍ਹਾਂ ਚੇਤਾਵਨੀ ਦਿੱਤੀ ਕਿ ਪੁਲੀਸ ਦੀ ਧੱਕੇਸ਼ਾਹੀ ਦਾ ਡਟ ਕੇ ਮੁਕਾਬਲਾ ਕੀਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਦਰਜ ਕੇਸ ਰੱਦ ਕਰਵਾਉਣ ਲਈ ਬਠਿੰਡਾ ਵਿੱਚ 20,21 ਅਤੇ 22 ਜਨਵਰੀ ਦੇ ਧਰਨੇ ਵਿੱਚ ਸ਼ਾਮਲ ਹੋਣ। ਇਸ ਮੌਕੇ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮਾਈਸਰਖਾਨਾ, ਜਗਤਾਰ ਸਿੰਘ ਪੂਹਲਾ, ਜਗਸੀਰ ਝੁੰਬਾ,ਜਸਵੀਰ ਸਿੰਘ, ਨੇ ਸੰਬੋਧਨ ਕੀਤਾ।
INDIA ਕਿਸਾਨਾਂ ਵੱਲੋਂ ਪੁਲੀਸ ਚੌਕੀ ਦਾ ਘਿਰਾਓ