ਪੰਜਾਬ ਤੇ ਦਿੱਲੀ ਵਿਚਾਲੇ ਮੈਚ ਡਰਾਅ

ਐੱਸ ਏ ਐੱਸ ਨਗਰ (ਮੁਹਾਲੀ)- ਇੱਥੇ ਆਈਐੱਸ ਬਿੰਦਰਾ ਪੀਸੀਏ ਸਟੇਡੀਅਮ ਵਿੱਚ ਪੰਜਾਬ ਅਤੇ ਦਿੱਲੀ ਦੀਆਂ ਟੀਮਾਂ ਦਰਮਿਆਨ ਖੇਡੇ ਗਏ ਰਣਜੀ ਟਰਾਫ਼ੀ ਗਰੁੱਪ ‘ਏ’ ਦੇ ਮੈਚ ਦਾ ਚੌਥਾ ਅਤੇ ਆਖ਼ਰੀ ਦਿਨ ਮੀਂਹ ਦੀ ਭੇਂਟ ਚੜ੍ਹ ਗਿਆ। ਸਵੇਰ ਤੋਂ ਹੀ ਹੋਏ ਖ਼ਰਾਬ ਮੌਸਮ ਤੇ ਲਗਾਤਾਰ ਪੈ ਰਹੇ ਮੀਂਹ ਕਾਰਨ ਅੱਜ ਕੋਈ ਗੇਂਦ ਨਹੀਂ ਸੁੱਟੀ ਜਾ ਸਕੀ, ਜਿਸ ਕਾਰਨ ਮੈਚ ਡਰਾਅ ਕਰਨ ਦਾ ਫ਼ੈਸਲਾ ਕੀਤਾ ਗਿਆ। ਦਿੱਲੀ ਦੀ ਟੀਮ ਨੂੰ ਪਹਿਲੀ ਪਾਰੀ ਵਿੱਚ ਮਿਲੀ ਬੜ੍ਹਤ ਕਾਰਨ ਤਿੰਨ ਅੰਕ ਮਿਲੇ। ਪੰਜਾਬ ਦੀ ਟੀਮ ਨੂੰ ਇੱਕ ਅੰਕ ਨਾਲ ਹੀ ਸਬਰ ਕਰਨਾ ਪਿਆ।
ਦਿੱਲੀ ਦੀ ਟੀਮ ਨੇ ਮੈਚ ਦੇ ਤੀਜੇ ਦਿਨ ਪਹਿਲੀ ਪਾਰੀ ਵਿੱਚ ਲੀਡ ਹਾਸਲ ਕੀਤੀ ਸੀ ਅਤੇ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਸਮੇਂ ਪੰਜਾਬ ਦੂਜੀ ਪਾਰੀ ਵਿਚ ਪੰਜਾਬ ਚਾਰ ਵਿਕਟਾਂ ਦੇ ਨੁਕਸਾਨ ’ਤੇ 44 ਦੌੜਾਂ ਹੀ ਬਣਾ ਸਕਿਆ ਸੀ। ਪਹਿਲੀ ਪਾਰੀ ਵਿੱਚ ਪੰਜਾਬ ਦੀਆਂ 313 ਦੌੜਾਂ ਦੇ ਜਵਾਬ ਵਿੱਚ ਦਿੱਲੀ ਨੇ 339 ਬਣਾ ਕੇ 26 ਦੌੜਾਂ ਦੀ ਲੀਡ ਲਈ ਸੀ।
ਅੱਜ ਦੋਵੇਂ ਟੀਮਾਂ ਦੇ ਖਿਡਾਰੀ ਮੈਚ ਸ਼ੁਰੂ ਹੋਣ ਦੀ ਉਡੀਕ ਕਰਦੇ ਰਹੇ। ਸਵੇਰ ਸਮੇਂ ਇੱਕ ਵਾਰ ਮੈਚ ਕਰਾਉਣ ਲਈ ਪੂਰੀ ਤਿਆਰੀ ਵੀ ਹੋ ਗਈ। ਇਸੇ ਦੌਰਾਨ ਮੀਂਹ ਮੁੜ ਪੈਣਾ ਸ਼ੁਰੂ ਹੋ ਗਿਆ, ਜਿਸ ਕਾਰਨ ਮੈਚ ਮੁਲਤਵੀ ਕਰਨਾ ਪਿਆ। ਬਾਅਦ ਵਿੱਚ ਮੈਚ ਰੈਫ਼ਰੀ ਨੇ ਮੈਚ ਰੱਦ ਕਰਨ ਦਾ ਐਲਾਨ ਕਰ ਦਿੱਤਾ। ਪੰਜਾਬ ਦੇ ਘਰੇਲੂ ਮੈਦਾਨ ਵਿੱਚ ਖੇਡੇ ਗਏ ਇਸ ਮੈਚ ਵਿੱਚ ਦਿੱਲੀ ਦੀ ਟੀਮ ਨੇ ਆਪਣੀ ਮਜ਼ਬੂਤ ਪਕੜ ਬਣਾ ਲਈ ਸੀ। ਦਿੱਲੀ ਦੇ ਖਿਡਾਰੀ ਮੈਚ ਜਿੱਤਣ ਲਈ ਕਾਫ਼ੀ ਆਸਵੰਦ ਸਨ, ਪਰ ਮੀਂਹ ਨੇ ਮਹਿਮਾਨ ਟੀਮ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਦੋਵਾਂ ਟੀਮਾਂ ਵਿਚਾਲੇ ਲੀਗ ਦਾ ਇਹ ਆਖ਼ਰੀ ਮੈਚ ਸੀ।

Previous articleਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜੇ ਦੁਕਾਨਦਾਰਾਂ ਦੇ ਮੁਰਝਾਏ
Next articleਦੁਨੀਆਂ ਤੋਂ ਲਗਭਗ 8 ਸਾਲ ਪਿੱਛੇ ਹੈ ਇਹ ਦੇਸ਼, ਹਾਲੇ ਚੱਲ ਰਿਹਾ ਹੈ ਸਾਲ 2013